Latest News
ਅਮਰੀਕਾ ਤੇ ਭਾਰਤ ਰੈਡੀਕਲ ਇਸਲਾਮੀ ਦਹਿਸ਼ਤਗਰਦੀ ਨਾਲ ਲੜਨ ਲਈ ਵਚਨਬੱਧ : ਡੋਨਲਡ ਟਰੰਪ

Published on 24 Feb, 2020 11:29 AM.


ਅਹਿਮਦਾਬਾਦ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਆਪਣੀ ਜੁਗਲਬੰਦੀ ਦਾ ਜ਼ਬਰਦਸਤ ਮੁਜ਼ਾਹਰਾ ਕੀਤਾ। ਦੋਨੋਂ ਜੱਫੀਆਂ ਪਾਉਂਦੇ ਤੇ ਇਕ-ਦੂਜੇ ਦੀਆਂ ਸਿਫਤਾਂ ਕਰਦੇ ਰਹੇ। ਆਪਣੇ ਸਵਾਗਤ ਵਿਚ ਮੋਟੇਰਾ ਕ੍ਰਿਕਟ ਸਟੇਡੀਅਮ ਵਿਚ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਹੁਣ ਭਾਰਤ ਦੀ ਅਮਰੀਕੀਆਂ ਦੇ ਦਿਲਾਂ ਵਿਚ ਖਾਸ ਥਾਂ ਹੈ। ਅਮਰੀਕਾ ਭਾਰਤ ਨੂੰ ਪਿਆਰ ਕਰਦਾ ਹੈ, ਭਾਰਤ ਦਾ ਸਤਿਕਾਰ ਕਰਦਾ ਹੈ ਅਤੇ ਅਮਰੀਕਾ ਹਮੇਸ਼ਾ ਭਾਰਤੀ ਲੋਕਾਂ ਦਾ ਵਫਾਦਾਰ ਦੋਸਤ ਰਹੇਗਾ। ਉਨ੍ਹਾ ਮੰਗਲਵਾਰ ਦਿੱਲੀ ਵਿਚ ਤਿੰਨ ਅਰਬ ਡਾਲਰ ਦੇ ਰੱਖਿਆ ਸੌਦੇ ਕਰਨ ਦਾ ਵੀ ਐਲਾਨ ਕੀਤਾ।
ਟਰੰਪ ਨੇ ਮੋਦੀ ਨੂੰ ਸਖਤ ਸੌਦੇਬਾਜ਼ ਦਸਦਿਆਂ ਐਲਾਨਿਆ ਕਿ ਉਨ੍ਹਾ ਦੇ ਦੌਰੇ ਦੌਰਾਨ ਦੋਨੋਂ ਦੇਸ਼ ਹੁਣ ਤਕ ਦੇ ਸਭ ਤੋਂ ਵੱਡੇ ਵਪਾਰ ਸਮਝੌਤੇ 'ਤੇ ਗੱਲਬਾਤ ਕਰ ਰਹੇ ਹਨ। 'ਮਹਾਨ ਦੋਸਤ' ਮੋਦੀ ਦੀ ਸਿਫਤ ਕਰਦਿਆਂ ਟਰੰਪ ਨੇ ਕਿਹਾ, ''ਮੋਦੀ, ਤੁਸੀਂ ਸਿਰਫ ਗੁਜਰਾਤ ਦਾ ਹੀ ਮਾਣ ਨਹੀਂ, ਸਗੋਂ ਤੁਸੀਂ ਇਸ ਗੱਲ ਦੀ ਜਿਊਂਦੀ ਜਾਗਦੀ ਮਿਸਾਲ ਹੋ ਕੇ ਸਖਤ ਮਿਹਨਤ ਕਰਕੇ ਭਾਰਤੀ ਜੋ ਚਾਹੁਣ ਉਹ ਹਾਸਲ ਕਰ ਸਕਦੇ ਹਨ। ਹਰ ਕੋਈ ਤੁਹਾਨੂੰ ਪਿਆਰ ਕਰਦਾ ਹੈ। ਪਰ ਮੈਂ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਬਹੁਤ ਸਖਤ ਹੋ।'' ਟਰੰਪ ਨੇ ਮੋਦੀ ਦੇ ਚਾਹ ਵੇਚਣ ਦੇ ਦੌਰ ਦਾ ਵੀ ਜ਼ਿਕਰ ਕੀਤਾ। ਚੰਦਰਯਾਨ-2 ਮਿਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਮਰੀਕਾ ਭਾਰਤ ਨਾਲ ਮਿਲਕੇ ਸਿਤਾਰਿਆਂ ਦੀ ਯਾਤਰਾ ਕਰੇਗਾ। ਉਨ੍ਹਾ ਭਾਰਤ ਦੀ ਵਿਵਧਤਾ ਦੀ ਸਿਫਤ ਕਰਦਿਆਂ ਕਿਹਾ ਕਿ ਭਾਰਤ ਦੀ ਸਦਾ ਹੀ ਪ੍ਰਸੰਸਾ ਹੋਈ ਹੈ। ਇਥੇ ਲੱਖਾਂ ਹਿੰਦੂ, ਮੁਸਲਿਮ, ਸਿੱਖ, ਜੈਨੀ ਤੇ ਈਸਾਈ ਨਾਲੋ-ਨਾਲ ਪੂਜਾ-ਪਾਠ ਕਰਦੇ ਹਨ। ਉਨ੍ਹਾ ਇਹ ਵੀ ਕਿਹਾ ਕਿ ਦੋਨੋਂ ਦੇਸ਼ ਆਪਣੇ ਲੋਕਾਂ ਨੂੰ ਰੈਡੀਕਲ ਇਸਲਾਮੀ ਦਹਿਸ਼ਤਗਰਦੀ ਤੋਂ ਬਚਾਉਣ ਲਈ ਵਚਨਬੱਧ ਹਨ। ਉਨ੍ਹਾ ਕਿਹਾ ਕਿ ਭਾਰਤ ਛੇਤੀ ਹੀ ਦੁਨੀਆ ਦਾ ਸਭ ਤੋਂ ਵੱਡਾ ਮਿਡਲ ਕਲਾਸ ਦੇਸ਼ ਬਣ ਜਾਵੇਗਾ। ਟਰੰਪ ਨੇ ਫਿਲਮ ਦਿਲ ਵਾਲੇ ਦੁਲਹਨੀਆ ਲੇ ਜਾਏਂਗੇ ਤੇ ਸ਼ੋਅਲੇ ਅਤੇ ਸਚਿਨ ਤੇਂਦੁਲਕਰ ਤੇ ਵਿਰਾਟ ਕੋਹਲੀ ਦਾ ਵੀ ਜ਼ਿਕਰ ਕੀਤਾ।
ਟਰੰਪ ਦੀ ਤਕਰੀਰ ਤੋਂ ਪਹਿਲਾਂ ਮੋਦੀ ਨੇ ਕਿਹਾ, ''ਪੰਜ ਮਹੀਨੇ ਪਹਿਲਾਂ ਮੈਂ ਹਾਊਡੀ ਮੋਦੀ ਨਾਲ ਅਮਰੀਕਾ ਦੀ ਯਾਤਰਾ ਕੀਤੀ ਸੀ ਤੇ ਅੱਜ ਮੇਰੇ ਮਹਾਨ ਦੋਸਤ ਟਰੰਪ ਨੇ ਨਮਸਤੇ ਟਰੰਪ ਨਾਲ ਭਾਰਤ ਦੀ ਯਾਤਰਾ ਸ਼ੁਰੂ ਕੀਤੀ।'' ਉਨ੍ਹਾ ਭਾਰਤ-ਅਮਰੀਕਾ ਦੋਸਤੀ ਜ਼ਿੰਦਾਬਾਦ ਦੇ ਨਾਅਰੇ ਵੀ ਲੁਆਏ। ਉਨ੍ਹਾ ਕਿਹਾ ਕਿ ਟਰੰਪ ਬਹੁਤ ਵੱਡਾ ਸੋਚਦੇ ਹਨ ਤੇ ਸਮੁੱਚੀ ਦੁਨੀਆ ਨੇ ਉਨ੍ਹਾ ਦੇ ਜਤਨਾਂ ਤੇ ਲੀਡਰਸ਼ਿਪ ਨੂੰ ਦੇਖਿਆ ਹੈ। ਟਰੰਪ ਨੇ ਪਤਨੀ ਮੇਲਾਨੀਆ ਟਰੰਪ, ਧੀ ਇਵਾਂਕਾ ਤੇ ਦਾਮਾਦ ਜੈਰਡ ਕੁਸ਼ਨੇਰ ਨਾਲ ਤਾਜ ਮਹਿਲ ਦਾ ਵੀ ਦੀਦਾਰ ਕੀਤਾ।

247 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper