Latest News
ਸਰਕਾਰ ਖੇਤ ਮਜ਼ਦੂਰਾਂ ਲਈ ਪੈਕੇਜ ਐਲਾਨੇ : ਡਾ. ਦਿਆਲ, ਗੋਰੀਆ

Published on 25 Mar, 2020 09:40 AM.


ਲੁਧਿਆਣਾ-ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਡਾ. ਜੁਗਿੰਦਰ ਦਿਆਲ ਅਤੇ ਬੀ ਕੇ ਐੱਮ ਯੂ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਕੋਰੋਨਾ ਵਾਇਰਸ ਦੁਨੀਆ ਵਿੱਚ ਇਕ ਕੁਦਰਤੀ ਆਫਤ ਅਤੇ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ। ਇਸ ਨੇ ਦੁਨੀਆ ਵਿੱਚ ਮਾਨਵਤਾ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ। ਖਤਰਾ ਹੋਰ ਵੀ ਗੰਭੀਰ ਹੁੰਦਾ ਜਾ ਰਿਹਾ ਹੈ। ਸਾਡੇ ਦੇਸ਼ ਵਿੱਚ ਇਹ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਇੱਥੇ ਇਹ ਖਤਰਾ ਦੂਜੀ ਸਟੇਜ ਤੋਂ ਤੀਸਰੀ ਸਟੇਜ ਵੱਲ ਜਾਣ ਦਾ ਵੀ ਹੈ। ਇਸ ਮਹਾਂਮਾਰੀ ਬਾਰੇ ਜਨਵਰੀ ਵਿੱਚ ਪਤਾ ਲੱਗ ਚੁੱਕਿਆ ਸੀ। ਸਰਕਾਰ ਵੱਲੋਂ ਇਸ ਦੀ ਰੋਕਥਾਮ ਬਾਰੇ ਫੌਰੀ ਕਦਮ ਚੁੱਕਣ ਵਿੱਚ ਦੇਰੀ ਕੀਤੀ ਗਈ । ਜਦੋਂ ਇਸ ਗੱਲ ਦਾ ਪਤਾ ਸੀ ਕਿ ਬਿਮਾਰੀ ਬਾਹਰਲੀ ਹੈ ਤਾਂ ਇਸ ਨੂੰ ਰੋਕਣ ਬਾਰੇ ਬਾਹਰੋਂ ਲੱਖਾਂ ਦੀ ਗਿਣਤੀ ਵਿੱਚ ਆ ਰਹੇ ਲੋਕਾਂ 'ਤੇ ਸ਼ੁਰੂ ਵਿੱਚ ਸਖਤੀ ਨਹੀਂ ਵਰਤੀ ਗਈ, ਜਿਨ੍ਹਾਂ ਦੇਸ਼ਾਂ ਨੇ ਇਸ ਸੰਬੰਧੀ ਅਣਗਹਿਲੀ ਕੀਤੀ, ਜਿਵੇਂ ਇਟਲੀ, ਸਪੇਨ, ਈਰਾਨ, ਅਮਰੀਕਾ ਆਦਿ ਉਥੇ ਜੋ ਕੁਝ ਵਾਪਰ ਰਿਹਾ ਹੈ, ਸਾਡੇ ਸਾਹਮਣੇ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਮੌਤਾਂ ਹੋ ਰਹੀਆਂ ਹਨ। ਚੰਗੀ ਗੱਲ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਸਖਤ ਕਦਮ ਚੁੱਕ ਰਹੀਆਂ ਹਨ। 21 ਦਿਨਾਂ ਦਾ ਲਾਕਡਾਊਨ ਜਾਂ ਕਰਫਿਊ ਸਾਰੇ ਦੇਸ਼ ਵਿੱਚ ਲਗਾਇਆ ਹੈ। ਅਜਿਹੇ ਸਖਤ ਕਦਮ ਚੁੱਕਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਇਸ ਤੋਂ ਵੱਧ ਜ਼ਰੂਰੀ ਹੈ ਸੋਸ਼ਲ ਡਿਸਟੈਂਸ ਭਾਵ ਸਮਾਜਿਕ ਦੂਰੀ ਬਣਾਉਣ ਦਾ । ਜੇਕਰ ਆਪੋ-ਆਪਣੇ ਨੂੰ ਘਰਾਂ ਵਿੱਚ ਹੀ ਬੰਦ ਰੱਖਣ ਤਾਂ ਕਿ ਇਸ ਖਤਰਨਾਕ ਵਾਇਰਸ ਨੂੰ ਬਾਹਰੋਂ ਨਾ ਲਿਆਂਦਾ ਜਾ ਸਕੇ ਅਤੇ ਇਸ ਦੀ ਚੇਨ ਤੋੜ ਦਿੱਤੀ ਜਾਵੇ। ਅੱਜ ਦੇ ਸਮੇਂ ਵਿੱਚ ਇਹ ਵੱਡਾ ਬਚਾਓ ਹੈ । ਇਸ ਤੋਂ ਇਲਾਵਾ ਹੱਥਾਂ ਦੀ ਸਫਾਈ, ਮਾਸਕ ਪਹਿਨਣਾ ਆਦਿ ਜੋ ਵੀ ਜ਼ਰੂਰੀ ਕਦਮ ਹਨ, ਉਹ ਚੁੱਕਣੇ ਚਾਹੀਦੇ ਹਨ। ਸਾਨੂੰ ਇਸ ਵਿੱਚ ਸਰਕਾਰ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ।
ਇਸ ਮਹਾਂਮਾਰੀ ਨੇ ਇੱਥੋਂ ਦੀ ਆਰਥਿਕਤਾ ਤੇ ਬਹੁਤ ਮਾੜਾ ਆਸਰ ਪਾਉਣਾ ਹੈ। ਪਹਿਲਾਂ ਹੀ ਇੱਥੋਂ ਦੀ ਆਰਥਿਕਤਾ ਲੜਖੜਾ ਰਹੀ ਹੈ । ਬੇਰੁਜ਼ਗਾਰੀ ਸਿਖਰਾਂ 'ਤੇ ਹੈ। ਕਾਰੋਬਾਰ ਮੰਦੀ ਦਾ ਸ਼ਿਕਾਰ ਹਨ । ਕੇਂਦਰ ਸਰਕਾਰ ਕੋਲ ਅਜਿਹੀ ਕੁਦਰਤੀ ਆਫਤ ਨਾਲ ਨਜਿੱਠਣ ਲਈ ਵਧੇਰੇ ਪੈਸਾ ਵੀ ਨਹੀਂ। ਆਰ ਬੀ ਆਈ ਵਿਚੋਂ ਪਹਿਲਾਂ ਹੀ ਕਾਫੀ ਪੈਸਾ ਕਢਵਾਇਆ ਜਾ ਚੁੱਕਿਆ ਹੈ। ਹੁਣ ਕੇਂਦਰ ਸਰਕਾਰ ਨੇ 15000/-ਕਰੋੜ ਰੁਪਏ ਇਸ ਬਿਮਾਰੀ ਦਾ ਮੁਕਾਬਲਾ ਕਰਨ ਲਈ ਰੱਖੇ ਹਨ, ਜੋ ਨਾਕਾਫੀ ਹਨ।
ਇਸ ਮਾੜੀ ਆਰਥਿਕਤਾ ਅਤੇ ਕੋਰੋਨਾ ਦੀ ਬਿਮਾਰੀ ਵਿੱਚ ਵਧੇਰੇ ਨਪੀੜੇ ਜਾਣਗੇ ਪਿੰਡਾਂ ਦੇ ਸਭ ਤੋਂ ਵੱਧ ਦਿਹਾੜੀਦਾਰ ਖੇਤ ਮਜ਼ਦੂਰ, ਜਿਹੜੇ ਆਪਣਾ ਢਿੱਡ ਭਰਨ ਲਈ ਰੋਜ਼ ਕੰਮ ਕਰਦੇ ਹਨ ਅਤੇ ਆਪਣਾ ਚੁੱਲਾ ਤਪਾਉਂਦੇ ਹਨ। ਇਸੇ ਤਰ੍ਹਾਂ ਹੀ ਹੋਰ ਪਿੰਡਾਂ ਅਤੇ ਸ਼ਹਿਰਾਂ ਦੇ ਗਰੀਬ ਲੋਕ ਵੀ ਹਨ । ਪੰਜਾਬ ਵਿੱਚ 34% ਦਲਿਤ ਅਬਾਦੀ ਵਿੱਚੋਂ ਵਧੇਰੇ ਖੇਤ ਮਜ਼ਦੂਰ ਹਨ। ਇਹ ਖੇਤੀ 'ਤੇ ਨਿਰਭਰ ਹਨ। ਹੁਣ ਹਾੜੀ ਦੀ ਫਸਲ ਸਿਰ 'ਤੇ ਹੈ, ਬਾਹਰੋਂ ਮਜ਼ਦੂਰ ਵੀ ਨਹੀਂ ਆਉਂਦੇ। ਕੇਂਦਰ ਅਤੇ ਸਰਕਾਰ ਫੌਰੀ ਤੌਰ 'ਤੇ ਇਨ੍ਹਾਂ ਮਜ਼ਦੂਰਾਂ ਦੀ ਸਾਰ ਲਵੇ। ਇਨ੍ਹਾਂ ਲਈ ਆਰਥਿਕ ਪੈਕੇਜ ਦੇਵੇ। ਮਨਰੇਗਾ ਕਾਮਿਆਂ ਦੇ ਖਾਤਿਆਂ ਵਿੱਚ ਬੇਕਾਰੀ ਭੱਤੇ ਦੇ ਰੂਪ ਵਿੱਚ ਪੈਸੇ ਪਾਵੇ । ਉਸਾਰੀ ਰਜਿਸਟਰਡ ਕਾਮਿਆਂ ਦੇ ਖਾਤਿਆਂ ਵਿੱਚੋਂ 3000/- ਰੁਪਏ ਪਾਉਣ ਦਾ ਐਲਾਨ ਪੰਜਾਬ ਸਰਕਾਰ ਵੱਲੋਂ ਚੰਗਾ ਕਦਮ ਹੈ। ਇਸ ਵਿੱਚ ਰਹਿੰਦੇ ਕਾਮਿਆਂ ਦੇ ਖਾਤਿਆਂ ਵਿੱਚ ਸਹਾਇਤਾ ਰਾਸ਼ੀ ਪਾਵੇ। ਪੈਨਸ਼ਨ ਦੀ ਰਾਸ਼ੀ ਆਪਣੇ ਵਾਅਦੇ ਅਨੁਸਾਰ ਵਧਾ ਕੇ ਪਾਵੇ ਤਾਂ ਕਿ ਇਹ ਵੱਡੀ ਅਬਾਦੀ ਕਰੋਨਾ ਦੇ ਖਿਲਾਫ ਨਿਸਚਿੰਤ ਹੋ ਕੇ ਸਾਥ ਦੇ ਸਕੇ। ਪੰਜਾਬ ਦੇ ਖੇਤ ਮਜ਼ਦੂਰ ਸੰਕਟ ਦੀ ਘੜੀ ਵਿੱਚ ਸਰਕਾਰ ਵੱਲੋਂ ਚੁੱਕੇ ਜਾ ਰਹੇ ਹਰ ਚੰਗੇ ਕਦਮ ਦਾ ਪੂਰਾ ਸਾਥ ਦੇਣਗੇ। ਜਥੇਬੰਦੀ ਨੇ ਇਸ ਲੜਾਈ ਵਿੱਚ ਫਰੰਟ ਲਾਈਨ 'ਤੇ ਲੜ ਰਹੇ ਡਾਕਟਰਾਂ ਅਤੇ ਅਧਿਕਾਰੀਆਂ ਦੀ ਵੀ ਸ਼ਲਾਘਾ ਕੀਤੀ ਹੈ । ਉਹਨਾਂ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਨੇ ਅਜ਼ਾਦੀ ਤੋਂ ਪਹਿਲਾਂ 1943 ਵਿੱਚ ਬੰਗਾਲ ਦੇ ਕਾਲ ਸਮੇਂ ਮਹਾਂਮਾਰੀ ਖਿਲਾਫ ਵਧ-ਚੜ੍ਹ ਕੇ ਹਿੱਸਾ ਪਾਇਆ ਸੀ ਅਤੇ ਅੱਜ ਵੀ ਦੇਸ਼-ਵਿਆਪੀ ਸੰਕਟ ਦੀ ਘੜੀ ਵਿੱਚ ਵਧ-ਚੜ੍ਹ ਕੇ ਸਾਥ ਦਿੱਤਾ ਜਾਵੇਗਾ।

53 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper