Latest News
ਗਰੀਬਾਂ ਨੂੰ ਬਚਾਉਣ ਲਈ ਸਰਕਾਰ ਅਮੀਰਾਂ 'ਤੇ ਕੋਵਿਡ-19 ਟੈਕਸ ਲਾਵੇ : ਡੀ ਰਾਜਾ

Published on 25 Mar, 2020 09:43 AM.


ਨਵੀਂ ਦਿੱਲੀ : ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ ਰਾਜਾ ਨੇ ਕੋਰੋਨਾ ਵਾਇਰਸ ਨਾਲ ਨਿਬੜਨ ਲਈ ਡਾਕਟਰੀ ਅਮਲੇ ਨੂੰ ਦਿੱਤੇ ਜਾਣ ਵਾਲੇ ਸੁਰੱਖਿਆ ਉਪਕਰਣਾਂ, ਆਈਸੋਲੇਸ਼ਨ ਵਾਰਡਾਂ ਤੇ ਆਈ ਸੀ ਯੂ ਬੈੱਡਾਂ ਵਿਚ ਵਾਧੇ ਅਤੇ ਪੈਰਾ-ਮੈਡੀਕਲ ਸਟਾਫ ਦੀ ਟਰੇਨਿੰਗ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਗਏ 15 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਨੂੰ ਨਿਗੂਣਾ ਕਰਾਰ ਦਿੱਤਾ ਹੈ। ਉਨ੍ਹਾ ਕਿਹਾ ਕਿ ਅਮੀਰ-ਪੱਖੀ, ਕਾਰਪੋਰੇਟ-ਪੱਖੀ ਨੀਤੀਆਂ 'ਤੇ ਚੱਲਣ ਵਾਲੀ ਅਤੇ ਕਾਰਪੋਰੇਟ ਟੈਕਸਾਂ ਵਿਚ ਕਟੌਤੀ ਕਰਕੇ ਜ਼ਬਰਦਸਤ ਰਿਆਇਤਾਂ ਦੇਣ ਵਾਲੀ ਮੋਦੀ ਸਰਕਾਰ ਨੂੰ ਹੁਣ ਗਰੀਬਾਂ ਦੀ ਕੁਝ ਚਿੰਤਾ ਕਰਕੇ ਸਾਰੇ ਕਾਰਪੋਰੇਟਸ ਅਤੇ ਉੱਚ ਆਮਦਨ ਵਾਲੇ ਟੈਕਸਦਾਤਿਆਂ ਉੱਤੇ ਕੋਵਿਡ-19 ਟੈਕਸ ਲਾ ਕੇ ਲਾਕਡਾਊਨ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ। ਕੇਰਲਾ ਵਰਗੇ ਰਾਜ ਨੇ 20 ਹਜ਼ਾਰ ਕਰੋੜ ਰੁਪਏ ਦਾ ਵਿੱਤੀ ਪੈਕੇਜ ਦੇ ਦਿੱਤਾ ਹੈ।
ਕਾਮਰੇਡ ਰਾਜਾ ਨੇ ਕਿਹਾ ਹੈ ਕਿ ਜੇ 15 ਹਜ਼ਾਰ ਕਰੋੜ ਸੂਬਿਆਂ ਨੂੰ ਵੰਡੇ ਜਾਂਦੇ ਹਨ ਤਾਂ ਹਰੇਕ ਨੂੰ ਪੰਜ-ਪੰਜ ਸੌ ਕਰੋੜ ਆਉਣੇ ਹਨ। ਪੈਕੇਜ ਦੀ ਰਸਮ ਅਦਾਇਗੀ ਕਰਨ ਦੀ ਥਾਂ ਕੇਂਦਰ ਵਿਆਪਕ ਆਰਥਕ ਪੈਕੇਜ ਐਲਾਨੇ। ਲਾਕਡਾਊਨ ਕਾਰਨ ਦਿਹਾੜੀਦਾਰਾਂ ਤੇ ਬੇਰੁਜ਼ਗਾਰਾਂ ਲਈ ਜ਼ਰੂਰੀ ਚੀਜ਼ਾਂ ਖਰੀਦਣੀਆਂ ਵੀ ਔਖੀਆਂ ਹੋ ਜਾਣਗੀਆਂ। ਸੰਸਾਰ ਭੁਖਮਰੀ ਸੂਚਕ ਅੰਕ ਵਿਚ 117 ਦੇਸ਼ਾਂ ਵਿਚ ਭਾਰਤ ਦਾ ਨੰਬਰ ਪਹਿਲਾਂ ਹੀ 102 ਹੈ। ਉਨ੍ਹਾਂ ਕੋਰੋਨਾ ਵਾਇਰਸ ਦੀ ਵਿਆਪਕ ਟੈਸਟਿੰਗ ਦੀ ਮੰਗ ਕਰਦਿਆਂ ਕਿਹਾ ਹੈ ਕਿ ਸਮਾਜੀ ਦੂਰੀ ਬਣਾਉਣੀ ਦੇਸ਼ ਵਿਚ ਵੱਡੀ ਸਮੱਸਿਆ ਹੈ, ਹਾਈਜੀਨ ਤੇ ਸਾਫ-ਸਫਾਈ ਦੀ ਸਥਿਤੀ ਸੁਧਾਰਨ ਵੱਲ ਧਿਆਨ ਦਿੱਤਾ ਜਾਵੇ। ਸਰਕਾਰ ਗਰੀਬਾਂ ਪ੍ਰਤੀ ਵਧੇਰੇ ਸੰਜੀਦਾ ਹੋਵੇ ਅਤੇ ਕੇਰਲਾ ਦੀ ਖੱਬੀ ਜਮਹੂਰੀ ਸਰਕਾਰ ਤੋਂ ਸਬਕ ਲੈਂਦਿਆਂ ਰਾਸ਼ਨ ਆਦਿ ਦੀ ਅਲਾਟਮੈਂਟ ਵਿਚ ਵਾਧਾ ਕਰੇ।

488 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper