Latest News
1.70 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ

Published on 26 Mar, 2020 10:22 AM.


ਨਵੀਂ ਦਿੱਲੀ : ਕੋਰੋਨਾ ਵਾਇਰਸ ਨਾਲ ਪ੍ਰਭਾਵਤ ਅਰਥਚਾਰੇ ਅਤੇ ਗਰੀਬਾਂ ਦੀ ਮਦਦ ਲਈ ਕੇਂਦਰ ਸਰਕਾਰ ਨੇ 1.70 ਲੱਖ ਕਰੋੜ ਰੁਪਏ ਦਾ ਪੈਕੇਜ਼ ਦਾ ਐਲਾਨ ਕੀਤਾ ਹੈ। ਗਰੀਬ ਕਲਿਆਣ ਸਕੀਮ ਅਧੀਨ ਡਾਇਰੈਕਟ ਕੈਸ਼ ਟਰਾਂਸਫ਼ਰ ਹੋਵੇਗਾ ਅਤੇ ਲੋਕਾਂ ਨੂੰ ਭੋਜਨ ਸੁਰੱਖਿਆ ਦਿੱਤੀ ਜਾਵੇਗੀ। ਇਹ ਐਲਾਨ ਕੋਰੋਨਾ ਮਹਾਂਮਾਰੀ ਅਤੇ ਲਾਕਡਾਊਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੀਤਾ।
ਉਨ੍ਹਾ ਕਿਹਾ ਕਿ 24-25 ਮਾਰਚ ਦੀ ਰਾਤ ਨੂੰ ਲਾਕਡਾਊਨ ਸ਼ੁਰੂ ਕੀਤਾ ਗਿਆ ਸੀ। ਸਰਕਾਰ ਪ੍ਰਭਾਵਤ ਅਤੇ ਗਰੀਬ ਲੋਕਾਂ ਦੀ ਮਦਦ ਲਈ ਕੰਮ ਕਰ ਰਹੀ ਹੈ। ਅਸੀ ਉਨ੍ਹਾਂ ਲੋਕਾਂ ਤੱਕ ਪਹੁੰਚਣਾ ਹੈ। ਸਿਰਫ਼ 36 ਘੰਟੇ ਹੋਏ ਹਨ ਅਤੇ ਪੈਕੇਜ ਲੈ ਕੇ ਆਏ ਹਾਂ, ਜੋ ਗਰੀਬਾਂ ਦਾ ਧਿਆਨ ਰੱਖੇਗਾ, ਜਿਨ੍ਹਾਂ ਨੂੰ ਤੁਰੰਤ ਮਦਦ ਦੀ ਲੋੜ ਹੈ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਕਿਸੇ ਗਰੀਬ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ। ਹਾਲੇ ਗਰੀਬਾਂ ਨੂੰ ਲੱਗਭੱਗ 5 ਕਿਲੋ ਕਣਕ ਜਾਂ ਚੌਲ ਹਰ ਮਹੀਨੇ ਮਿਲਦੇ ਹਨ। ਇਸ ਤੋਂ ਇਲਾਵਾ ਅਗਲੇ ਤਿੰਨ ਮਹੀਨੇ ਤੱਕ 5 ਕਿਲੋ ਪ੍ਰਤੀ ਵਿਅਕਤੀ ਮੁਫ਼ਤ ਕਣਕ ਜਾਂ ਚੌਲ ਦਿੱਤਾ ਜਾਵੇਗਾ। ਇੱਕ ਕਿਲੋ ਪ੍ਰਤੀ ਪਰਵਾਰ ਦਾਲ ਵੀ ਦਿੱਤੀ ਜਾਵੇਗੀ।
ਪ੍ਰਧਾਨ ਮੰਤਰੀ ਗਰੀਬ ਕਲਿਆਣ ਧੰਨ ਯੋਜਨਾ ਦੇ ਤਹਿਤ ਕਿਸਾਨਾਂ, ਮਨਰੇਗਾ, ਗਰੀਬ ਵਿਧਵਾਵਾਂ, ਗਰੀਬ ਪੈਨਸ਼ਨਰਾਂ ਤੇ ਅਪਾਹਜਾਂ, ਜਨਧਨ ਖਾਤਾਧਾਰੀ ਔਰਤਾਂ, ਉਜਵਲਾ ਯੋਜਨਾ ਦੀ ਲਾਭਪਾਤਰੀ ਔਰਤਾਂ, ਸਵੈ-ਸੇਵੀ ਸੰਗਠਨਾਂ ਦੀਆਂ ਔਰਤਾਂ ਅਤੇ ਸੰਗਠਿਤ ਸੈਕਟਰ ਦੇ ਮੁਲਾਜ਼ਮਾਂ, ਨਿਰਮਾਣ ਕਾਰਜਾਂ ਨਾਲ ਸੰਬੰਧਤ ਮਜ਼ਦੂਰਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਅਧੀਨ ਕਿਸਾਨਾਂ ਨੂੰ ਸਾਲਾਨਾ 6 ਹਜ਼ਾਰ ਰੁਪਏ ਮਿਲਦੇ ਹਨ, ਅਸੀਂ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਕਿਸਾਨਾਂ ਨੂੰ ਪਹਿਲੀ ਕਿਸ਼ਤ ਦੇਵਾਂਗੇ। 8.69 ਕਰੋੜ ਕਿਸਾਨਾਂ ਨੂੰ ਇਸ ਦਾ ਫਾਇਦਾ ਹੋਵੇਗਾ।'
ਵਿੱਤ ਮੰਤਰੀ ਨੇ ਕਿਹਾ, 'ਜਿਹੜੇ ਲੋਕ ਦਿਹਾਤੀ ਖੇਤਰਾਂ ਵਿੱਚ ਮਨਰੇਗਾ ਮਜ਼ਦੂਰੀ ਅਧੀਨ ਕੰਮ ਕਰਦੇ ਹਨ, ਉਨ੍ਹਾਂ ਦੀ ਦਿਹਾੜੀ 182 ਰੁਪਏ ਤੋਂ ਵਧਾ ਕੇ 202 ਰੁਪਏ ਕੀਤੀ ਗਈ ਹੈ। ਹਰੇਕ ਮਜ਼ਦੂਰ ਨੂੰ ਲੱਗਭੱਗ 2000 ਰੁਪਏ ਦੀ ਵਾਧੂ ਕਮਾਈ ਹੋਵੇਗੀ। ਇਸ ਦਾ ਲਾਭ 5 ਕਰੋੜ ਲੋਕਾਂ ਨੂੰ ਮਿਲੇਗਾ।'
ਉਨ੍ਹਾ ਕਿਹਾ, 'ਗਰੀਬ ਬਜ਼ੁਰਗਾਂ, ਗਰੀਬ ਵਿਧਵਾਵਾਂ ਅਤੇ ਅਪਾਹਜ਼ਾਂ ਨੂੰ ਦੋ ਕਿਸ਼ਤਾਂ 'ਚ 1000-1000 ਰੁਪਏ ਦਿੱਤੇ ਜਾਣਗੇ। ਅਗਲੇ ਤਿੰਨ ਮਹੀਨਿਆਂ 'ਚ 3 ਕਰੋੜ ਬਜ਼ੁਰਗਾਂ, ਵਿਧਵਾ ਔਰਤਾਂ ਅਤੇ ਅਪਾਹਜ ਲੋਕਾਂ ਨੂੰ ਲਾਭ ਹੋਵੇਗਾ। ਇਹ ਡੀ ਬੀ ਟੀ ਦੇ ਜ਼ਰੀਏ ਉਨ੍ਹਾਂ ਦੇ ਖਾਤਿਆਂ ਵਿੱਚ ਜਾਵੇਗੀ। 20 ਕਰੋੜ ਮਹਿਲਾ ਜਨਧਨ ਖਾਤਾਧਾਰਕਾਂ ਨੂੰ ਅਗਲੇ ਤਿੰਨ ਮਹੀਨਿਆਂ ਲਈ 500-500 ਰੁਪਏ ਪ੍ਰਤੀ ਮਹੀਨਾ ਮਿਲਣਾ ਜਾਰੀ ਰਹੇਗਾ। ਇਸ ਨਾਲ 200 ਕਰੋੜ ਔਰਤਾਂ ਨੂੰ ਫ਼ਾਇਦਾ ਹੋਵੇਗਾ। ਤਿੰਨ ਮਹੀਨਿਆਂ ਵਿੱਚ ਉਨ੍ਹਾਂ ਨੂੰ 1500 ਦੀ ਕੁੱਲ ਸਹਾਇਤਾ ਮਿਲੇਗੀ।' ਉਨ੍ਹਾ ਕਿਹਾ, 'ਉਜਵਲਾ ਯੋਜਨਾ ਤਹਿਤ ਗਰੀਬ ਔਰਤਾਂ ਨੂੰ ਸਿਲੰਡਰ ਦਿੱਤੇ ਗਏ ਹਨ। 8 ਕਰੋੜ ਔਰਤਾਂ ਧੂੰਏਂ ਤੋਂ ਮੁਕਤੀ ਮਿਲੀ ਹੈ। ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਨੂੰ ਤਿੰਨ ਮਹੀਨਿਆਂ ਤੱਕ ਮੁਫ਼ਤ ਸਿਲੰਡਰ ਦਿੱਤੇ ਜਾਣਗੇ। ਇਸ ਨਾਲ 8.3 ਕਰੋੜ ਬੀ ਪੀ ਐੱਲ ਪਰਵਾਰਾਂ ਨੂੰ ਲਾਭ ਹੋਵੇਗਾ।' ਦੇਸ਼ 'ਚ ਔਰਤਾਂ ਦੇ 63 ਲੱਖ ਸਵੈ-ਸਹਾਇਤਾ ਸੰਗਠਨ ਹਨ। ਇਸ ਨਾਲ 7 ਕਰੋੜ ਪਰਵਾਰ ਜੁੜੇ ਹੋਏ ਹਨ। ਉਹ ਬਿਨਾਂ ਗਰੰਟੀ ਦੇ 10 ਲੱਖ ਰੁਪਏ ਤੱਕ ਦੇ ਕਰਜ਼ੇ ਪ੍ਰਾਪਤ ਕਰਦੇ ਸਨ, ਹੁਣ ਇਸ ਨੂੰ ਵਧਾ ਕੇ 20 ਲੱਖ ਰੁਪਏ ਕਰ ਦਿੱਤਾ ਗਿਆ ਹੈ।
ਸੰਗਠਿਤ ਖੇਤਰ ਦੇ ਮੁਲਾਜ਼ਮਾਂ ਲਈ ਦੋ ਐਲਾਨ ਕੀਤੇ ਗਏ ਹਨ। ਕੁਝ ਪੈਸਾ ਪੀ ਐੱਫ ਖਾਤੇ ਵਿੱਚ ਪਾਇਆ ਜਾਵੇਗਾ ਅਤੇ ਕੁਝ ਕਰਮਚਾਰੀਆਂ ਨੂੰ ਦਿੱਤਾ ਜਾਵੇਗਾ। ਕੇਂਦਰ ਸਰਕਾਰ ਅਗਲੇ ਤਿੰਨ ਮਹੀਨਿਆਂ ਲਈ ਈ ਪੀ ਐੱਫ ਯੋਗਦਾਨ ਦਾ ਭੁਗਤਾਨ ਕਰੇਗੀ। ਕਰਮਚਾਰੀ ਅਤੇ ਕੰਪਨੀ ਦੋਵਾਂ ਦਾ ਹਿੱਸਾ ਸਰਕਾਰ ਦੇਵੇਗੀ। 80 ਲੱਖ ਕਰਮਚਾਰੀਆਂ ਅਤੇ 4 ਲੱਖ ਕੰਪਨੀਆਂ ਨੂੰ ਇਸ ਦਾ ਲਾਭ ਮਿਲੇਗਾ। ਪੀ ਐੱਫ ਨਿਯਮ ਵਿੱਚ ਸੋਧ ਕੀਤੀ ਜਾਵੇਗੀ, ਤਾਂ ਜੋ ਮੁਲਾਜ਼ਮ ਇਸ ਮੁਸ਼ਕਲ ਸਮੇਂ ਵਿੱਚ 75 ਫ਼ੀਸਦੀ ਫੰਡ ਜਾਂ ਤਿੰਨ ਮਹੀਨਿਆਂ ਦੀ ਤਨਖਾਹ ਬਰਾਬਰ ਜਿੰਨਾ ਵੀ ਪੈਸਾ ਬਣਦਾ ਹੈ, ਕਢਵਾ ਸਕਣਗੇ। ਇਸ ਨਾਲ 4.8 ਕਰੋੜ ਕਰਮਚਾਰੀਆਂ ਨੂੰ ਲਾਭ ਹੋਵੇਗਾ, ਜੋ ਈ ਪੀ ਐੱਫ ਓ ਦੇ ਮੈਂਬਰ ਹਨ।

56 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper