Latest News
ਮਹਿੰਗਾਈ ਵਧਾਉਣ ਵਾਲੇ ਥੋਕ ਵਪਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ : ਮਾੜੀਮੇਘਾ, ਸੋਹਲ

Published on 29 Mar, 2020 10:49 AM.


ਝਬਾਲ (ਨਵਾਂ ਜ਼ਮਾਨਾ ਸਰਵਿਸ)-ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ ਨੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਲੋਕਾਂ ਦੇ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੇ ਥੋਕ ਦੇ ਵਪਾਰੀਆਂ ਨੇ ਵਸਤਾਂ ਦੇ ਰੇਟ ਬਹੁਤ ਵਧਾ ਦਿੱਤੇ ਹਨ, ਜਿਸ ਕਰਕੇ ਪ੍ਰਚੂਨ ਦੁਕਾਨਦਾਰਾਂ ਨੂੰ ਮਜਬੂਰਨ ਹੋ ਕੇ ਵਸਤਾਂ ਮਹਿੰਗੀਆਂ ਵੇਚਣੀਆਂ ਪੈ ਰਹੀਆਂ ਹਨ। ਆਟਾ 25 ਤੋਂ 30 ਰੁਪਏ ਕਿੱਲੋ, ਛੋਲਿਆਂ ਦੀ ਦਾਲ 60 ਤੋਂ 100 ਰੁਪਏ ਕਿੱਲੋ ਹੋ ਗਈ ਹੈ।ਮਸਰ-ਮੂੰਗੀ ਦੀ ਦਾਲ 130 ਰੁਪਏ ਕਿੱਲੋ, ਮਾਂਹ 100 ਰੁਪਏ ਕਿੱਲੋ ਵਿਕ ਗਏ ਹਨ।ਖੰਡ ਦਾ ਰੇਟ ਵੀ ਕਿੱਲੋ ਮਗਰ 6 ਰੁਪਏ ਵੱਧ ਕੇ 43 ਰੁਪਏ ਹੋ ਗਿਆ ਹੈ।ਇਸੇ ਤਰ੍ਹਾਂ ਦਵਾਈਆਂ ਅਤੇ ਸਬਜ਼ੀਆਂ ਦਾ ਹਾਲ ਹੈ।ਸਰਕਾਰ ਵੱਲੋਂ ਕੋਈ ਰੇਟ ਵਧੇ ਨਹੀਂ ਹਨ, ਪਰ ਥੋਕ ਦੇ ਵਪਾਰੀਆਂ ਨੇ ਆਪਣੀ ਮਨਮਰਜ਼ੀ ਨਾਲ ਰੇਟ ਵਧਾ ਦਿੱਤੇ ਹਨ।ਇਹ ਜ਼ਖੀਰੇਬਾਜ਼ ਹੀ ਮਹਿੰਗਾਈ ਵਧਾ ਰਹੇ ਹਨ। ਇਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।ਇੱਕ ਪਾਸੇ ਮਹਾਂਮਾਰੀ ਕੋਰੋਨਾ ਨਾਲ ਦੁਨੀਆਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ, ਦੂਜੇ ਪਾਸੇ ਇਹ ਲੋਟੂ ਲਾਣਾ ਗਰੀਬਾਂ ਦਾ ਖੂਨ ਚੂਸ ਰਿਹਾ ਹੈ।ਇਸ ਵਪਾਰੀ ਲਾਣੇ ਨੂੰ ਰਤੀ ਜਿੰਨਾ ਵੀ ਲੁਕਾਈ 'ਤੇ ਤਰਸ ਨਹੀਂ ਹੈ।ਇਸ ਮਹਾਂਮਾਰੀ ਮੌਕੇ ਪਿੰਡਾਂ ਦੇ ਕਿਸਾਨਾਂ ਨੇ ਆਪਣੇ ਗੁਰੂਆਂ ਦੇ ਅਮੀਰ ਵਿਰਸੇ ਨੂੰ ਜਿਉਂਦਾ ਰੱਖਿਆ ਹੈ।ਕਿਸਾਨ ਘਰ ਪ੍ਰਤੀ ਅਨਾਜ ਇਕੱਠਾ ਕਰਕੇ ਲੰਗਰ ਪਕਾ ਕੇ ਗਰੀਬਾਂ ਵਿੱਚ ਵੰਡ ਰਹੇ ਹਨ, ਜੋ ਸ਼ਲਾਘਾਯੋਗ ਉੱਦਮ ਹੈ।ਕਿਸਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਗਰੀਬ ਭਰਾਵਾਂ ਨੂੰ ਅਨਾਜ ਦੇ ਪਖੋਂ ਭੁੱਖੇ ਨਹੀਂ ਮਰਨ ਦੇਣਗੇ।ਇਹੀ ਸਾਡੇ ਗੁਰੂ ਸਾਹਿਬਾਨ ਦੀ ਸਮਾਜ ਨੂੰ ਵੱਡਮੁੱਲੀ ਦੇਣ ਹੈ।

403 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper