Latest News
ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਲਈ 13 ਨੂੰ ਝੰਡੇ ਲਹਿਰਾਉਣ ਦਾ ਸੱਦਾ

Published on 07 Apr, 2020 10:33 AM.


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)-ਨੌਂ ਸਿਆਸੀ ਪਾਰਟੀਆਂ ਅਤੇ ਸਿਆਸੀ-ਜਨਤਕ ਜਥੇਬੰਦੀਆਂ ਅਧਾਰਿਤ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਜਾਰੀ ਬਿਆਨ 'ਚ ਜਲ੍ਹਿਆਂਵਾਲੇ ਬਾਗ਼ ਵਿੱਚ 13 ਅਪ੍ਰੈਲ ਨੂੰ ਭਾਈਚਾਰਕ-ਸਮਾਜਿਕ ਏਕਤਾ ਦਾ ਸਬੂਤ ਦਿੰਦੇ ਹੋਏ ਰੌਲਟ ਐਕਟ ਦਾ ਵਿਰੋਧ ਕਰ ਰਹੇ ਅੰਗਰੇਜ਼ ਸਾਮਰਾਜ ਦੀਆਂ ਗੋਲੀਆਂ ਨਾਲ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਕੋਰੋਨਾ ਨਾਲ ਮਰਨ ਵਾਲਿਆਂ ਨਾਲ ਹਮਦਰਦੀ ਵਜੋਂ 2 ਮਿੰਟ ਦਾ ਮੋਨ ਧਾਰਨ ਉਪਰੰਤ ਜਾਤ-ਪਾਤ ਦਾ ਭਿੰਨ-ਭੇਦ ਖ਼ਤਮ ਕਰਕੇ ਸਾਜੇ ਗਏ ਖਾਲਸਾ ਪੰਥ ਦੀ ਜ਼ੁਲਮ ਦੇ ਖਿਲਾਫ਼ ਲੜਨ ਦੀ ਭਾਵਨਾ ਨੂੰ ਬੁਲੰਦ ਕਰਨ, ਨਿਜ਼ਾਮੂਦੀਨ ਮਰਕਜ਼ 'ਚ ਹੋਈ ਅਣਗਹਿਲੀ ਲਈ ਸਮੁੱਚੇ ਮੁਸਲਮਾਨ ਭਾਈਚਾਰੇ ਨੂੰ ਦੋਸ਼ੀ ਠਹਿਰਾ ਕੇ ਘਟਨਾ ਨੂੰ ਆਰ ਐੱਸ ਐੱਸ-ਭਾਜਪਾ ਵੱਲੋਂ ਫ਼ਿਰਕੂ ਰੰਗ ਦੇਣ ਦਾ ਵਿਰੋਧ ਕਰਨ ਅਤੇ ਬਿਮਾਰੀ ਦੇ ਟਾਕਰੇ ਲਈ ਲੋੜੀਂਦੇ ਡਾਕਟਰੀ ਸਾਜ਼ੋ-ਸਮਾਨ ਦੀ ਮੰਗ ਕਰਨ ਅਤੇ ਕਿਰਤੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਆਵਾਜ਼ ਬੁਲੰਦ ਕਰਨ ਲਈ ਬੁੱਧੀਜੀਵੀ ਅਤੇ ਜਮਹੂਰੀ ਅਧਿਕਾਰਾਂ ਦੇ ਕਾਰਕੁੰਨਾਂ ਗੌਤਮ ਨਵਲੱਖਾ ਤੇ ਆਨੰਦ ਤੇਲਤੁੰਬੜੇ ਖ਼ਿਲਾਫ਼ ਦਰਜ ਕੇਸ ਰੱਦ ਕੀਤੇ ਜਾਣ ਅਤੇ ਉਨ੍ਹਾਂ ਨੂੰ ਫੌਰੀ ਰਿਹਾਅ ਕਰਨ। 13 ਅਪ੍ਰੈਲ ਨੂੰ ਸਵੇਰੇ 8 ਵਜੇ ਅਤੇ ਸ਼ਾਮ ਨੂੰ 6 ਵਜੇ ਆਪੋ-ਆਪਣੇ ਕੋਠਿਆਂ ਉੱਪਰ ਝੰਡੇ ਲਹਿਰਾਉਣ, ਢੋਲ, ਪੀਪੇ-ਥਾਲੀਆਂ ਵਜਾਉਣ ਅਤੇ ਨਾਅਰੇ ਬੁਲੰਦ ਕਰਨ ਦਾ ਸੱਦਾ ਦਿੱਤਾ। ਫਰੰਟ ਨੇ ਜ਼ਰੂਰੀ ਲੋੜੀਂਦੇ ਦੇ ਸਮਾਨ ਦੀ ਘਾਟ ਦੇ ਬਾਵਜੂਦ ਕੋਰੋਨਾ ਪੀੜਤਾਂ ਦਾ ਇਲਾਜ ਕਰਦੇ ਡਾਕਟਰਾਂ, ਨਰਸਾਂ ਅਤੇ ਹੋਰ ਮੈਡੀਕਲ ਸਟਾਫ ਵੱਲੋਂ ਨਿਭਾਈਆਂ ਸੇਵਾਵਾਂ ਬਦਲੇ ਉਨ੍ਹਾਂ ਦੀ ਪ੍ਰਸੰਸਾ ਕੀਤੀ।
ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਬਰਾੜ, ਰੈਵੋਲੂਸ਼ਨਰੀ ਮਾਰਕਸਵਾਦੀ ਪਾਰਟੀ ਭਾਰਤ ਦੇ ਜਨਰਲ ਸਕੱਤਰ ਮੰਗਤ ਰਾਜ ਪਾਸਲਾ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਸੂਬਾ ਆਗੂ ਅਜਮੇਰ ਸਿੰਘ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ, ਇਨਕਲਾਬੀ ਕੇਂਦਰ ਪੰਜਾਬ ਦੇ ਸਕੱਤਰ ਕੰਵਲਜੀਤ ਖੰਨਾ, ਲੋਕ ਸੰਗਰਾਮ ਮੰਚ ਦੇ ਸਕੱਤਰ ਤਾਰਾ ਸਿੰਘ ਮੋਗਾ, ਇਨਕਲਾਬੀ ਲੋਕ ਮੋਰਚਾ ਦੇ ਲਾਲ ਸਿੰਘ ਗੋਲੇਵਾਲਾ, ਇਨਕਲਾਬੀ ਜਮਹੂਰੀ ਮੋਰਚਾ ਦੇ ਨਰਿੰਦਰ ਨਿੰਦੀ, ਮਾਰਕਸਵਾਦੀ ਕਮਿਊਨਿਸਟ ਪਾਰਟੀ (ਯੂਨਾਈਟਿਡ) ਦੇ ਕਿਰਨਜੀਤ ਸੇਖੋਂ ਆਦਿ ਆਗੂਆਂ ਨੇ ਕਿਹਾ ਕਿ ਆਰ ਐੱਸ ਐੱਸ-ਭਾਜਪਾ ਦੀ ਸਰਪ੍ਰਸਤੀ ਪ੍ਰਾਪਤ ਮੋਦੀ-ਸ਼ਾਹ ਜੋੜੀ ਡਰਾਮੇ, ਜੁਮਲੇਬਾਜ਼ੀ ਅਤੇ ਅੰਧ-ਵਿਸ਼ਵਾਸ਼ ਫੈਲਾ ਕੇ ਲੋਕਾਂ ਦਾ ਧਿਆਨ ਆਪਣੀਆਂ ਅਸਫ਼ਲਤਾਵਾਂ ਤੋਂ ਛੁਪਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਗ਼ਲਤ ਫੈਸਲੇ ਅਤੇ ਘਾਟਾਂ-ਅਸਫ਼ਲਤਾਵਾਂ ਨੂੰ ਲੰਮੇ ਸਮੇਂ ਲਈ ਨਹੀਂ ਛੁਪਾਇਆ ਜਾ ਸਕਦਾ। ਸਮੁੱਚੇ ਦੇਸ਼ ਵਾਸੀਆਂ ਦਾ ਭਰੋਸਾ ਜਿੱਤ ਕੇ ਸਰੀਰਕ ਦੂਰੀ ਅਤੇ ਸਮਾਜਿਕ ਸਹਿਯੋਗ ਰਾਹੀਂ, ਹਸਪਤਾਲਾਂ ਵਿੱਚ ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਅਤੇ ਹੋਰ ਸਿੱਖਿਅਤ ਮੈਡੀਕਲ ਸਟਾਫ਼ ਲਈ ਲੋੜੀਂਦਾ ਜ਼ਰੂਰੀ ਸਾਜ਼ੋ-ਸਮਾਨ ਉਪਲੱਬਧ ਕਰਾ ਕੇ ਹੀ ਬਿਮਾਰੀ ਦਾ ਟਾਕਰਾ ਕੀਤਾ ਜਾ ਸਕਦਾ ਹੈ। ਆਗੂਆਂ ਕਿਹਾ ਕਿ ਪੀ ਪੀ ਈ, ਟੈਸਟ ਕਿੱਟਾਂ ਅਤੇ ਹੋਰ ਸਾਜ਼ੋ-ਸਾਮਾਨ ਦੀ ਘਾਟ ਨੂੰ ਜੁਮਲੇਬਾਜੀ ਦੇ ਡਰਾਮਿਆਂ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਮੰਗ ਕੀਤੀ ਕਿ ਮੈਡੀਕਲ ਸਟਾਫ਼ ਦੀ ਬੰਦ ਕੀਤੀ ਭਰਤੀ ਫੌਰੀ ਚਾਲੂ ਕੀਤੀ ਜਵੇ। ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਹੱਥਾਂ 'ਚ ਲਿਆ ਜਾਵੇ ਅਤੇ ਸਿਹਤ ਸੇਵਾਵਾਂ ਦੇ ਬੱਜਟ ਵਿੱਚ ਵਾਧਾ ਕੀਤਾ ਜਾਵੇ। ਮਰੀਜ਼ਾਂ ਦੇ ਇਲਾਜ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਡਰ ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਬੰਦ ਕੀਤਾ ਜਾਵੇ। ਬੇਰੁਜ਼ਗਾਰਾਂ ਦੇ ਜੀਵਨ ਦੀਆਂ ਜ਼ਰੂਰੀ ਲੋੜਾਂ (ਰਾਸ਼ਨ-ਦਵਾਈ) ਆਦਿ ਦੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਨਫ਼ਰਤ ਦਾ ਪ੍ਰਚਾਰ ਕਰਨ ਵਾਲਿਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਉਹਨਾਂ ਲੋਕਾਂ ਨੂੰ ਇਸ ਮੁਸ਼ਕਲ ਸਮੇਂ 'ਚ ਇੱਕ-ਦੂਜੇ ਦਾ ਸਹਿਯੋਗ ਦੇਣ ਤੇ ਮਦਦ ਕਰਨ ਅਤੇ ਝੂਠੀਆਂ ਅਫਵਾਹਾਂ ਤੇ ਨਫ਼ਰਤ ਫੈਲਾਉਣ ਵਾਲਿਆਂ ਦਾ ਵਿਰੋਧ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ 13 ਅਪ੍ਰੈਲ ਨੂੰ ਆਪਣੇ ਕੋਠਿਆਂ ਉੱਪਰ ਝੰਡੇ ਲਹਿਰਾਉਣ ਅਤੇ ਨਾਅਰੇ ਬੁਲੰਦ ਕੀਤੇ ਜਾਣ।

146 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper