Latest News
ਕੋਰੋਨਾ ਦੇ ਬਹਾਨੇ ਲੋਕ ਆਗੂਆਂ 'ਤੇ ਝੂਠੇ ਕੇਸ ਮੜ੍ਹਨੇ ਬੰਦ ਕਰੋ : ਬੰਤ ਬਰਾੜ

Published on 29 Jun, 2020 11:11 AM.


ਚੰਡੀਗੜ੍ਹ : ਪਿਛਲੇ ਦਿਨਾਂ ਤੋਂ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਵਾਸਤੇ ਜਮਹੂਰੀ ਢੰਗ ਨਾਲ ਜ਼ਾਬਤਿਆਂ ਵਿਚ ਰਹਿ ਕੇ ਅੰਦੋਲਨ ਕਰ ਰਹੇ ਰਾਜਸੀ ਅਤੇ ਅਵਾਮੀ ਜਥੇਬੰਦੀਆਂ ਦੇ ਆਗੂਆਂ ਵਿਰੁੱਧ ਪੰਜਾਬ ਪੁਲਸ ਵੱਲੋਂ ਕੋਰੋਨਾ ਦੇ ਬਹਾਨੇ ਧੜਾਧੜ ਝੂਠੇ ਕੇਸ ਮੜ੍ਹੇ ਜਾ ਰਹੇ ਹਨ। ਇਸ ਵਿਰੁੱਧ ਪੰਜਾਬ ਸੀ ਪੀ ਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਖਿਆ ਕਿ ਇਕ ਪਾਸੇ ਕੇਂਦਰ ਦੀ ਫਿਰਕੂ ਸਰਕਾਰ ਆਪਣੇ ਫਾਸ਼ੀ ਏਜੰਡੇ ਲਾਗੂ ਕਰਨ ਲਈ ਕਿਸਾਨਾਂ-ਮਜ਼ਦੂਰਾਂ ਵਿਰੁੱਧ ਆਰਡੀਨੈਂਸ ਆਦਿ ਜਾਰੀ ਕਰਕੇ ਅਤੇ ਜਮਹੂਰੀ ਬੁੱਧੀਜੀਵੀਆਂ ਅਤੇ ਵਿਦਿਆਰਥੀ ਆਗੂਆਂ ਨੂੰ ਜੇਲ੍ਹੀਂ ਡੱਕ ਰਹੀ ਹੈ, ਦੂਜੇ ਪਾਸੇ ਪੰਜਾਬ ਅੰਦਰ ਪੁਰਅਮਨ ਜ਼ਾਬਤੇ ਵਿਚ ਰਹਿ ਕੇ ਲੋਕਾਂ ਦੀਆਂ ਮੰਗਾਂ ਵਾਸਤੇ ਅੰਦੋਲਨ ਕਰ ਰਹੇ ਆਗੂਆਂ ਨੂੰ ਪੰਜਾਬ ਸਰਕਾਰ ਵੀ ਝੂਠੇ ਕੇਸਾਂ ਵਿਚ ਫਸਾ ਰਹੀ ਹੈ। ਉਹਨਾਂ ਆਖਿਆ ਕਿ ਪਿਛਲੇ ਦਿਨੀਂ ਸੰਗਰੂਰ ਵਿਚ ਏਟਕ ਅਤੇ ਏ ਆਈ ਐੱਸ ਐੱਫ ਦੇ ਦਰਜਨਾਂ ਆਗੂਆਂ ਉਤੇ ਸਾਥੀ ਸੁਖਦੇਵ ਸ਼ਰਮਾ ਸਮੇਤ ਝੂਠੇ ਕੇਸ ਮੜ੍ਹ ਦਿੱਤੇ ਗਏ ਹਨ। ਮੋਗੇ ਵਿਚ ਵੀ ਮੱਛੀ ਵੇਚਣ ਵਾਲੇ ਗਰੀਬਾਂ ਦੇ ਉਜਾੜੇ ਰੋਕਣ ਲਈ ਆਵਾਜ਼ ਉਠਾਉਣ ਵਾਲੇ ਦਰਜਨਾਂ ਆਗੂਆਂ 'ਤੇ ਕੇਸ ਦਰਜ ਕੀਤੇ ਗਏ ਅਤੇ ਇਕ ਦਰਜਨ ਸਾਥੀ ਨਿਰਭੈ ਸਿੰਘ ਢੁੱਡੀਕੇ ਆਦਿ ਬਰਨਾਲਾ ਜੇਲ੍ਹ ਵਿਚ ਡੱਕ ਦਿੱਤੇ ਗਏ ਹਨ। ਅੰਮ੍ਰਿਤਸਰ ਵਿਖੇ ਅਮਰਜੀਤ ਆਸਲ ਸਮੇਤ ਦਰਜਨਾਂ ਆਗੂਆਂ ਉਤੇ 8 ਜਨਵਰੀ ਦੀ ਦੇਸ਼ਵਿਆਪੀ ਮਜ਼ਦੂਰ ਹੜਤਾਲ ਕਾਰਨ ਰੇਲਵੇ ਵੱਲੋਂ ਕੇਸ ਦਰਜ ਕੀਤੇ ਗਏ ਹਨ। ਸਾਥੀ ਬਰਾੜ ਨੇ ਅੱਗੇ ਆਖਿਆ ਕਿ ਲੋਕ ਇਨਸਾਫ ਪਾਰਟੀ ਨੇ ਜ਼ਾਬਤੇ ਵਿਚ ਰਹਿ ਕੇ ਮੋਦੀ ਸਰਕਾਰ ਦੇ ਕਿਸਾਨ-ਮਾਰੂ ਤਿੰਨ ਆਰਡੀਨੈਂਸਾਂ ਵਿਰੁੱਧ ਜੋ ਪ੍ਰਦਰਸ਼ਨ ਕੀਤਾ, ਉਸ ਕਰਕੇ ਦਰਜਨਾਂ ਆਗੂਆਂ ਵਿਰੁੱਧ ਕੇਸ ਮੜ੍ਹ ਦਿੱਤੇ ਹਨ। ਸਾਥੀ ਬਰਾੜ ਨੇ ਮੰਗ ਕੀਤੀ ਕਿ ਇਹ ਸਾਰੇ ਕੇਸ ਫੌਰੀ ਤੌਰ 'ਤੇ ਵਾਪਸ ਲਏ ਜਾਣ ਅਤੇ ਗ੍ਰਿਫਤਾਰ ਆਗੂ ਰਿਹਾਅ ਕੀਤੇ ਜਾਣੇ ਚਾਹੀਦੇ ਹਨ। ਸਾਥੀ ਬਰਾੜ ਨੇ ਆਖਿਆ ਕਿ ਖੱਬੀਆਂ ਅਤੇ ਜਮਹੂਰੀ ਸਿਆਸੀ ਪਾਰਟੀਆਂ ਅਤੇ ਅਵਾਮੀ ਜਥੇਬੰਦੀਆਂ ਲੋਕਾਂ ਵਿਰੁੱਧ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਕੋਰੋਨਾ ਦੀ ਆੜ ਵਿਚ ਚੁੱਪ ਕਰਕੇ ਨਹੀਂ ਵੇਖ ਸਕਦੀਆਂ। ਉਹਨਾਂ ਕਿਹਾ ਕਿ ਮੋਦੀ ਸਰਕਾਰ ਹਰ ਰੋਜ਼ ਹੀ ਡੀਜ਼ਲ-ਪੈਟਰੋਲ ਅਤੇ ਗੈਸ ਕੀਮਤਾਂ ਵਧਾ ਕੇ ਲੋਕਾਂ ਦਾ ਕਚੂਮਰ ਕੱਢ ਰਹੀ ਹੈ। ਸਾਥੀ ਬਰਾੜ ਨੇ ਦੱਸਿਆ ਕਿ ਭਾਰਤੀ ਟਰੇਡ ਯੂਨੀਅਨਾਂ ਵੱਲੋਂ ਮਜ਼ਦੂਰਾਂ ਅਤੇ ਦੇਸ਼ ਵਿਚ ਜਮਹੂਰੀਅਤ ਦੀ ਰਾਖੀ ਲਈ 3 ਜੁਲਾਈ ਅਤੇ ਪੰਜਾਬ ਦੀਆਂ ਨੌਂ ਰਾਜਸੀ ਪਾਰਟੀਆਂ ਵੱਾਲੋਂ 8 ਜੁਲਾਈ ਕੀਤੇ ਜਾ ਰਹੇ ਜ਼ਿਲ੍ਹਾ ਪੱਧਰੀ ਪ੍ਰਦਰਸ਼ਨਾਂ ਨੂੰ ਪੂਰੇ ਉਤਸ਼ਾਹ ਨਾਲ ਸਫਲ ਬਣਾਇਆ ਜਾਵੇਗਾ।

165 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper