Latest News
ਮੋਦੀ ਸਰਕਾਰ ਚੀਨੀ ਕੰਪਨੀਆਂ ਦੇ ਚੰਦੇ ਮੋੜੇ : ਕੈਪਟਨ

Published on 29 Jun, 2020 11:16 AM.


ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੂੰ ਕਿਹਾ ਕਿ ਉਹ ਚੀਨੀ ਕੰਪਨੀਆਂ ਜਾਂ ਉਨ੍ਹਾਂ ਕੰਪਨੀਆਂ, ਜਿਨ੍ਹਾਂ ਵਿਚ ਚੀਨੀ ਕੰਪਨੀਆਂ ਦੀ ਹਿੱਸੇਦਾਰੀ ਹੈ, ਤੋਂ ਪੀ ਐੱਮ ਕੇਅਰਜ਼ ਫੰਡ ਵਿਚ ਆਏ ਚੰਦਿਆਂ ਨੂੰ ਵਾਪਸ ਕਰ ਦੇਵੇ। ਉਨ੍ਹਾ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਸ ਵੇਲੇ ਚੀਨੀ ਕੰਪਨੀਆਂ ਤੋਂ ਚੰਦੇ ਲੈਣ ਦੀ ਨਿੰਦਾ ਕੀਤੀ, ਜਦੋਂ ਚੀਨ ਸਰਹੱਦ 'ਤੇ ਹਮਲਾਵਰ ਹੈ। ਹਰ ਚੀਨੀ ਨਿੱਕਾ ਪੈਸਾ ਵਾਪਸ ਕਰ ਦੇਣਾ ਚਾਹੀਦਾ ਹੈ। ਕੈਪਟਨ ਨੇ ਕਿਹਾ ਕਿ ਚੀਨ ਸਾਨੂੰ ਸਰਹੱਦ 'ਤੇ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਹੈ, ਕਿਉਂਕਿ ਉਹ ਸਿਆਚਿਨ ਤੇ ਅਕਸਾਈ ਚਿੰਨ ਨੂੰ ਆਪਣੇ ਫਾਇਦੇ ਲਈ ਜੋੜਨਾ ਚਾਹੁੰਦਾ ਹੈ। ਚੀਨੀ ਕੰਪਨੀਆਂ ਤੋਂ ਚੰਦੇ ਲੈਣ ਦੇ ਵਿਵਾਦ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਇਹ ਕੇਂਦਰ ਵੱਲੋਂ ਚੀਨ ਵਿਰੁੱਧ ਸਖਤ ਸਟੈਂਡ ਲੈਣ ਦਾ ਵੇਲਾ ਹੈ। ਮੁੱਖ ਮੰਤਰੀ ਨੇ ਉਨ੍ਹਾਂ ਚੀਨੀ ਕੰਪਨੀਆਂ ਦੇ ਨਾਂਅ ਦੱਸੇ, ਜਿਨ੍ਹਾਂ ਤੋਂ ਚੰਦੇ ਲਏ ਗਏ ਹਨ।
ਕੈਪਟਨ ਨੇ ਉਮੀਦ ਜਤਾਈ ਕਿ ਸੂਬੇ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਅੱਗੇ ਕੋਈ ਲਾਕਡਾਊਨ ਨਹੀਂ ਲੱਗੇਗਾ। ਇਸ ਦੇ ਨਾਲ ਹੀ ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ, ਤਾਂ ਜੋ ਉਨ੍ਹਾਂ ਦੇ ਪਰਵਾਰਾਂ ਅਤੇ ਸੂਬੇ ਦਾ ਬਚਾਅ ਹੋ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਨੇੜੇ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਨੂੰ ਨਜਿੱਠਣ ਲਈ ਸੂਬੇ ਵੱਲੋਂ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਗਏ ਹਨ। ਕੋਵਿਡ-19 ਸਬੰਧੀ 28 ਜੂਨ ਤੱਕ ਦੇ ਅੰਕੜੇ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 5216 ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 133 ਦੀ ਮੌਤ ਹੋਈ ਹੈ। ਉਨ੍ਹਾ ਕਿਹਾ ਕਿ 23 ਮਰੀਜ਼ ਹਾਈ ਡਿਪੈਂਡਸੀ (ਐੱਚ ਡੀ) ਯੂਨਿਟਾਂ ਵਿੱਚ ਦਾਖਲ ਹਨ, ਜਦੋਂ ਕਿ ਕਈ ਨਾਜ਼ੁਕ ਹਾਲਤਾਂ ਵਿੱਚ ਵੈਂਟੀਲੇਟਰਾਂ ਉਤੇ ਹਨ। ਉਨ੍ਹਾ ਜਾਣਕਾਰੀ ਦਿੱਤੀ ਕਿ ਚਾਰ ਨਵੀਆਂ ਲੈਬਜ਼ ਨਾਲ ਕੋਵਿਡ ਟੈਸਟਿੰਗ ਸਮਰੱਥਾ ਜੁਲਾਈ ਦੇ ਅੰਤ ਤੱਕ 20,000 ਪ੍ਰਤੀ ਦਿਨ ਤੱਕ ਵਧਾ ਦਿੱਤੀ ਜਾਵੇਗੀ,ਜੋ ਕਿ ਮੌਜੂਦਾ ਸਮੇਂ 10,000 ਪ੍ਰਤੀ ਦਿਨ ਦੇ ਕਰੀਬ ਹੈ। ਕੈਪਟਨ ਨੇ ਦੱਸਿਆ ਕਿ ਸੂਬੇ ਕੋਲ ਮਹਾਂਮਾਰੀ ਦੇ ਅੱਗੇ ਫੈਲਾਅ ਨੂੰ ਰੋਕਣ ਲਈ ਲੋੜੀਂਦੇ ਜ਼ਰੂਰੀ ਉਪਕਰਨ ਮੌਜੂਦ ਹਨ, ਜਿਸ ਸਦਕਾ ਉਹ ਹੁਣ ਤੱਕ ਇਸ ਨੂੰ ਕਾਬੂ ਪਾਉਣ ਵਿੱਚ ਸਫਲ ਸਾਬਤ ਹੋਏ ਹਨ। ਪੰਜਾਬੀਆਂ ਦੇ ਜਜ਼ਬੇ ਦੀ ਸ਼ਲਾਘਾ ਕਰਦੇ ਹੋਏ ਕੈਪਟਨ ਨੇ ਉਨ੍ਹਾ ਨੂੰ ਅਪੀਲ ਵੀ ਕੀਤੀ ਕਿ ਉਹ ਵਡੇਰੇ ਜਨਤਕ ਹਿੱਤਾਂ ਲਈ ਕੋਰੋਨਾ ਵਾਇਰਸ ਦੀ ਇਸ ਸੰਕਟ ਦੀ ਘੜੀ ਵਿੱਚ ਸੰਜਮ ਬਣਾਈ ਰੱਖਣ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸੱਚਮੁੱਚ ਹੈਰਾਨ ਹੁੰਦੇ ਸਨ, ਜਦੋਂ ਉਹ ਸਿਹਤ ਸੁਰੱਖਿਆ ਪ੍ਰੋਟੋਕੋਲ ਦੀ ਉਲੰਘਣਾ ਦੇ ਦੋਸ਼ ਵਿੱਚ ਲੋਕਾਂ ਦੇ ਚਲਾਨ ਕਰਨ ਦੀਆਂ ਰੋਜ਼ਾਨਾ ਰਿਪੋਰਟਾਂ ਨੂੰ ਦੇਖਦੇ ਸਨ। ਉਨ੍ਹਾ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਨਾ ਸਿਰਫ ਆਪਣੀ ਸਿਹਤ, ਬਲਕਿ ਪੂਰੇ ਸੂਬੇ ਦੀ ਸੁਰੱਖਿਆ ਲਈ ਸਿਹਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ। ਉਨ੍ਹਾ ਲੋਕਾਂ ਨੂੰ ਸਲਾਹ ਵੀ ਦਿੱਤੀ ਕਿ ਕੋਰੋਨਾ ਵਾਇਰਸ ਦੇ ਲੱਛਣਾਂ ਨੂੰ ਮਹਿਜ਼ ਮੌਸਮੀ ਤਬਦੀਲੀ ਸਮਝ ਕੇ ਅਣਗਹਿਲੀ ਨਾ ਵਰਤਣ ਅਤੇ ਆਮ ਫਲੂ, ਜ਼ੁਕਾਮ, ਖੰਘ, ਸਰੀਰ ਦਰਦ ਅਤੇ ਬੁਖਾਰ ਦੀ ਸੂਰਤ ਵਿੱਚ ਤੁਰੰਤ ਡਾਕਟਰ ਦੀ ਸਲਾਹ ਲੈ ਕੇ ਇਲਾਜ ਕਰਵਾਉਣ। ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਕੋਵਿਡ ਦੇ ਮਰੀਜ਼ਾਂ ਲਈ ਸਰਕਾਰੀ ਹਸਪਤਾਲਾਂ ਵਿੱਚ 4248 ਬੈੱਡ ਰੱਖੇ ਗਏ ਹਨ ਅਤੇ 2014 ਬੈੱਡ ਹੁਣ ਹੋਰ ਜੋੜੇ ਜਾ ਰਹੇ ਹਨ, ਜਦਕਿ 950 ਬੈੱਡ ਪ੍ਰਾਈਵੇਟ ਹਸਪਤਾਲਾਂ ਵਿੱਚ ਰੱਖੇ ਗਏ ਹਨ। ਉਨ੍ਹਾ ਦੱਸਿਆ ਕਿ ਸੰਕਟ ਗੰਭੀਰ ਹੋਣ ਦੀ ਸੂਰਤ ਵਿੱਚ ਵੱਡੀ ਗਿਣਤੀ 'ਚ ਲੋਕਾਂ ਨੂੰ ਰੱਖਣ ਲਈ 52 ਸਰਕਾਰੀ ਅਤੇ 195 ਪ੍ਰਾਈਵੇਟ ਏਕਾਂਤਵਾਸ ਕੇਂਦਰਾਂ ਦੀ ਸ਼ਨਾਖਤ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ 554 ਵੈਂਟੀਲੇਟਰਾਂ ਦੀ ਮੌਜੂਦਗੀ ਤੋਂ ਇਲਾਵਾ ਹੋਰ ਸਾਜ਼ੋ-ਸਾਮਾਨ ਹਸਪਤਾਲਾਂ ਅਤੇ ਹੋਰ ਫਰੰਟਲਾਈਨ ਵਰਕਰਾਂ ਨੂੰ ਪਹਿਲਾਂ ਹੀ ਸੌਂਪ ਦਿੱਤਾ ਗਿਆ। ਉਨ੍ਹਾ ਦੱਸਿਆ ਕਿ ਸਿਹਤ ਵਿਭਾਗ ਕੋਲ 5.18 ਲੱਖ ਐੱਨ-95 ਮਾਸਕ, ਤੀਹਰੀ ਪਰਤ ਵਾਲੇ 75.47 ਲੱਖ ਮਾਸਕ, 2.52 ਲੱਖ ਪੀ ਪੀ ਈ ਕਿੱਟਾਂ ਅਤੇ 2223 ਆਕਸੀਜ਼ਨ ਸਿਲੰਡਰ ਦਾ ਸਟਾਕ ਵੀ ਮੌਜੂਦ ਹੈ। ਕੋਵਿਡ-19 ਦਰਮਿਆਨ ਪ੍ਰਾਈਵੇਟ ਸੈਕਟਰ 'ਤੇ ਪਏ ਅਸਰ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਪਿੱਤਰੀ ਸੂਬਿਆਂ ਨੂੰ ਜਾਣ ਵਾਲੇ ਕਾਮੇ ਹੁਣ ਪੰਜਾਬ ਪਰਤਣ ਲੱਗੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਪੰਜਾਬ ਵਿੱਚ ਰੁਜ਼ਗਾਰ ਦੇ ਅਥਾਹ ਮੌਕੇ ਹਨ। ਉਨ੍ਹਾ ਕਿਹਾ ਕਿ ਸੂਬੇ ਦੀਆਂ ਬਹੁਤੀਆਂ ਉਦਯੋਗਿਕ ਇਕਾਈਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਛੇਤੀ ਹੀ ਇਹ ਇਕਾਈਆਂ ਪੂਰੀ ਨਿਰਮਾਣ ਸਮਰਥਾ ਨਾਲ ਕੰਮ ਕਰਨਾ ਸ਼ੁਰੂ ਕਰਨ ਦੇਣਗੀਆਂ, ਜਿਸ ਨਾਲ ਸੂਬੇ ਦੇ ਮਾਲੀਏ ਨੂੰ ਵੱਡਾ ਯੋਗਦਾਨ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੋਰੋਨਾ ਦੇ ਸੰਕਟ ਕਾਰਨ ਸੂਬੇ ਨੂੰ 33,000 ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ, ਪਰ ਕੇਂਦਰ ਸਰਕਾਰ ਨੇ 20 ਲੱਖ ਕਰੋੜ ਰੁਪਏ ਦੇ ਪੈਕੇਜ ਵਿੱਚੋਂ ਧੇਲਾ ਵੀ ਸੂਬੇ ਨੂੰ ਨਹੀਂ ਦਿੱਤਾ। ਕੇਂਦਰ ਨੇ ਸਿਰਫ ਸੂਬੇ ਦੇ ਹਿੱਸੇ ਦਾ 2200 ਕਰੋੜ ਰੁਪਏ ਦਾ ਜੀ ਐਸ ਟੀ ਦਿੱਤਾ ਹੈ, ਜੋ ਉਸ ਦਾ ਕਾਨੂੰਨੀ ਹੱਕ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਪੰਜਾਬ ਸਮਾਜਕ ਫੈਲਾਅ (ਕਮਿਊਨਿਟੀ ਟਰਾਂਸਮਿਸ਼ਨ) ਵਿੱਚ ਦਾਖਲ ਹੋ ਚੁੱਕਾ ਹੈ, ਕਿਉਂਕਿ ਮੁਲਕ ਵਿੱਚ ਕੋਵਿਡ ਕੇਸਾਂ ਦੀ ਗਿਣਤੀ ਪੰਜ ਲੱਖ ਨੂੰ ਪਾਰ ਕਰ ਚੁੱਕੀ ਹੈ ਅਤੇ ਸਿਰਫ ਬੀਤੇ ਦਿਨ ਹੀ 19000 ਕੇਸ ਸਾਹਮਣੇ ਆਏ ਹਨ, ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ, ਤਾਮਿਲਨਾਡੂ ਅਤੇ ਦਿੱਲੀ ਵਰਗੇ ਸੂਬਿਆਂ ਦੇ ਮੁਕਾਬਲਤਨ ਪੰਜਾਬ ਵਿੱਚ ਸਥਿਤੀ ਬਹੁਤ ਹੱਦ ਤੱਕ ਕਾਬੂ ਹੇਠ ਹੈ। ਉਨ੍ਹਾ ਉਮੀਦ ਜ਼ਾਹਰ ਕੀਤੀ ਕਿ ਕੋਵਿਡ ਦੇ ਸੰਕਟ ਨਾਲ ਨਿਪਟਣ ਲਈ ਲੋਕਾਂ ਦੀ ਸਰਗਰਮ ਭਾਈਵਾਲੀ ਇਸ ਮੰਦਭਾਗੇ ਪੜਾਅ ਨੂੰ ਯਕੀਨਨ ਤੌਰ 'ਤੇ ਪ੍ਰਭਾਵਤ ਕਰੇਗੀ।

264 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper