Latest News
3 ਨੂੰ ਰੋਸ ਦਿਵਸ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ 'ਚ ਮਨਾਇਆ ਜਾਵੇਗਾ

Published on 30 Jun, 2020 11:13 AM.


ਮੋਗਾ (ਅਮਰਜੀਤ ਬੱਬਰੀ)
ਦਸ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ 3 ਜੁਲਾਈ ਨੂੰ ਰੋਸ ਦਿਵਸ ਮਨਾਉਣ ਸੰਬੰਧੀ ਮੰਗਲਵਾਰ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿੱਚ ਟਰੇਡ ਯੂਨੀਅਨਾਂ ਦੀ ਸਾਂਝੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ 3 ਜੁਲਾਈ ਨੂੰ ਰੋਸ ਦਿਵਸ ਮਨਾਉਣ ਲਈ ਸਥਾਨ ਅਤੇ ਏਜੰਡੇ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਟਰੇਡ ਯੂਨੀਅਨ ਕੌਂਸਲ ਮੋਗਾ ਦੇ ਪ੍ਰਧਾਨ ਕਾ. ਜਗਦੀਸ਼ ਸਿੰਘ ਚਾਹਲ ਨੇ ਕੀਤੀ। ਮੀਟਿੰਗ ਵਿੱਚ ਉਨ੍ਹਾਂ ਦੱਸਿਆ ਕਿ ਕੋਰੋਨਾ ਦੀ ਆੜ ਵਿੱਚ ਕੇਂਦਰ ਸਰਕਾਰ ਨੇ ਪ੍ਰਾਈਮ ਮਨਿਸਟਰ ਕੇਅਰ ਫੰਡ ਦੇ ਨਾਂਅ 'ਤੇ ਬੇਅੰਤ ਧਨ ਇਕੱਠਾ ਕਰ ਲਿਆ ਹੈ, ਜਿਸ ਦਾ ਕੋਈ ਹਿਸਾਬ-ਕਿਤਾਬ ਨਹੀਂ ਹੈ। ਇਸ ਫੰਡ 'ਤੇ ਕੋਈ ਆਰ.ਟੀ.ਆਈ. ਜਾਂ ਕੈਗ ਰਿਪੋਰਟ ਲਾਗੂ ਨਹੀਂ ਹੁੰਦੀ। ਇਸ ਬਾਰੇ ਕੁੱਝ ਵੀ ਪੁੱਛਿਆ ਨਹੀਂ ਜਾ ਸਕਦਾ। ਕਿਸਾਨੀ ਸੰਬੰਧੀ ਤਿੰਨ ਆਰਡੀਨੈਂਸ ਜਾਰੀ ਕੀਤੇ ਗਏ ਹਨ, ਜਿਨ੍ਹਾਂ ਨਾਲ ਰਾਜ ਸਰਕਾਰਾਂ ਨੂੰ ਮਾਰਕਿਟ ਫੀਸ ਤੋਂ ਹੋਣ ਵਾਲੀ ਆਮਦਨ ਬਿੱਲਕੁਲ ਹੀ ਸਮਾਪਤ ਹੋ ਜਾਵੇਗੀ। ਕਿਸਾਨੀ ਫਸਲਾਂ ਸਿਰਫ਼ ਵਪਾਰੀ ਦੇ ਰਹਿਮੋਕਰਮ 'ਤੇ ਹੀ ਰਹਿ ਜਾਣਗੀਆਂ। ਕਿਸਾਨਾਂ ਦੀ ਲੁੱਟ ਵਧ ਜਾਵੇਗੀ। ਛੋਟੀ ਕਿਸਾਨੀ ਜ਼ਮੀਨਾਂ ਛੱਡਣ ਲਈ ਮਜਬੂਰ ਹੋ ਜਾਵੇਗੀ। ਉਨ੍ਹਾਂ ਕੋਰੋਨਾ ਦੇ ਸਮੇਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਕੀਤੇ ਅਥਾਹ ਵਾਧੇ 'ਤੇ ਵੀ ਵਿਰੋਧ ਕਰਦਿਆਂ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਘਟ ਰਹੀਆਂ ਹਨ, ਪਰ ਕੇਂਦਰ ਸਰਕਾਰ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕਰ ਰਹੀ ਹੈ ਜਿਸ ਨਾਲ ਤੇਲ ਕੰਪਨੀਆਂ ਅਤੇ ਸਰਕਾਰ ਕੋਲ ਪੈਸੇ ਦੇ ਤਾਂ ਅੰਬਾਰ ਲੱਗ ਜਾਣਗੇ, ਪਰ ਮਹਿੰਗਾਈ ਵਧਣ ਨਾਲ ਆਮ ਲੋਕਾਂ ਦਾ ਜਿਉਣਾ ਦੁੱਭਰ ਹੋ ਜਾਵੇਗਾ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਹੁਣ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਖੁੱਲ੍ਹ ਕੇ ਕਰਨ, ਨਹੀਂ ਤਾਂ ਸਦਾ ਲਈ ਪਛਤਾਉਣਾ ਪਵੇਗਾ। ਕੇਂਦਰ ਸਰਕਾਰ ਵੱਲੋਂ 44 ਲੇਬਰ ਕਾਨੂੰਨਾਂ ਨੂੰ ਤੋੜ ਕੇ ਕਾਰਪੋਰੇਟ ਪੱਖੀ 4 ਕਾਨੂੰਨਾਂ ਵਿੱਚ ਬਦਲਿਆ ਗਿਆ ਹੈ, ਜਿਸ ਨਾਲ ਕਾਮਿਆਂ 'ਤੇ ਬੇਅੰਤ ਬੋਝ ਪਵੇਗਾ। ਰੋਜ਼ਗਾਰ ਖੁੱਸਣਗੇ। ਕਾਮਿਆਂ ਦੇ ਅਧਿਕਾਰ ਖਤਮ ਹੋ ਜਾਣਗੇ। ਕੰਮ-ਦਿਹਾੜੀ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕਰ ਦਿੱਤਾ ਗਿਆ ਹੈ ਜਿਸ ਦੀ ਵਿਰੋਧਤਾ ਹਰ ਇੱਕ ਨੂੰ ਕਰਨੀ ਚਾਹੀਦੀ ਹੈ। ਇਸ ਮੌਕੇ ਪ ਸ ਸ ਫ ਮੋਗਾ ਦੇ ਜਨਰਲ ਸਕੱਤਰ ਭੂਪਿੰਦਰ ਸੇਖੋਂ ਨੇ ਕਿਹਾ ਕਿ ਕੋਰੋਨਾ ਕਾਰਨ ਲੋਕਾਂ ਦੀ ਆਮਦਨ ਤਾਂ ਘਟ ਗਈ ਹੈ, ਲੋਕਾਂ ਦੇ ਰੋਜ਼ਗਾਰ ਖੁੱਸ ਗਏ ਹਨ, ਪਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੁਲਸ ਲਗਾਤਾਰ ਅੱੱਤੇ ਵੱਡੇ-ਵੱਡੇ ਚਲਾਨ ਕੱਟ ਕੇ ਲੋਕਾਂ ਦੀਆਂ ਜੇਬਾਂ ਕੱਟ ਰਹੀ ਹੈ, ਜਿਸ ਦਾ ਹਰ ਨਾਗਰਿਕ ਨੂੰ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦ ਕੋਰੋਨਾ ਦੀ ਕੋਈ ਦਵਾਈ ਹੀ ਨਹੀਂ ਅਤੇ ਨਾ ਹੀ ਇਸ ਦਾ ਕੋਈ ਇਲਾਜ ਹੈ ਤਾਂ ਲਾਕਡਾਊਨ ਕਰਨ ਦਾ ਕੀ ਮਤਲਬ ਹੈ। ਹੁਣ ਤਾਂ ਲੋਕਾਂ ਦੀ ਲੁੱਟ ਸ਼ਰੇਆਮ ਹੋ ਰਹੀ ਹੈ। ਜਦ ਵੀ ਕੋਈ ਮਰੀਜ਼ ਹਸਪਤਾਲ ਜਾਂਦਾ ਹੈ ਤਾਂ ਪਹਿਲਾਂ ਉਸ ਦਾ ਕੋਰੋਨਾ ਟੈਸਟ ਕਰਾਉਣਾ ਪੈਂਦਾ ਹੈ ਜਿਸ ਦੇ ਡਾਕਟਰ ਛੇ-ਛੇ ਹਜ਼ਾਰ ਤੱਕ ਲੈ ਲੈਂਦੇ ਹਨ। ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਦਰਾਂ ਤਾਂ ਨਿਸ਼ਚਿਤ ਕਰ ਦਿੱਤੀਆਂ ਹਨ, ਪਰ ਇਸ ਨਾਲ ਕੋਰੋਨਾ ਦੇ ਇਲਾਜ ਦਾ ਲੱਖਾਂ ਰੁਪਏ ਹਸਪਤਾਲ ਵਸੂਲ ਕਰ ਰਹੇ ਹਨ, ਜਿਸ ਨਾਲ ਆਮ ਲੋਕਾਂ ਦੀ ਲੁੱਟ ਵਧ ਗਈ ਹੈ, ਇਸ ਲਈ ਲਾਕਡਾਊਨ ਦਾ ਕੋਈ ਫਾਇਦਾ ਨਹੀਂ ਹੈ। ਇਹਨਾਂ ਮੁੱਦਿਆਂ ਦੇ ਚਲਦਿਆਂ ਫੈਸਲਾ ਕੀਤਾ ਗਿਆ ਕਿ ਦਸ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਅਨੁਸਾਰ 3 ਜੁਲਾਈ ਨੂੰ ਸ਼ਹੀਦ ਕਾ. ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿੱਚ ਠੀਕ 11 ਵਜੇ ਰੋਸ ਦਿਵਸ ਮਨਾਇਆ ਜਾਵੇਗਾ। ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਸ਼ਾਮਲ ਹੋਣਗੇ। ਮੀਟਿੰਗ ਵਿੱਚ ਸਰਕਾਰ ਨਾਲ ਸਹਿਮਤ ਨਾ ਹੋਣ ਵਾਲੇ ਬੁੱਧੀਜੀਵੀਆਂ ਨੂੰ ਗ੍ਰਿਫਤਾਰ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ। ਪੁਲਸ ਪ੍ਰਸ਼ਾਸਨ ਅਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਸਰਕਾਰ ਦੇ ਦਬਾਅ ਵਿੱਚ ਇਸ ਤਰ੍ਹਾਂ ਗ਼ੈਰਕਾਨੂੰਨੀ ਪਰਚੇ ਦਰਜ ਕਰਨ ਦੀ ਨਿਖੇਧੀ ਕੀਤੀ।
ਇਸ ਮੀਟਿੰਗ ਵਿੱਚ ਹਰੀ ਬਹਾਦਰ ਬਿੱਟੂ, ਚਮਕੌਰ ਸਿੰਘ ਡਗਰੂ, ਪ੍ਰਕਾਸ਼ ਚੰਦ ਦੌਲਤਪੁਰਾ, ਚਮਨ ਲਾਲ ਸੰਗੇਲੀਆ, ਪੋਹਲਾ ਸਿੰਘ ਬਰਾੜ, ਨਿਰੰਜਣ ਸਿੰਘ ਮਾਛੀਕੇ, ਸੁਰਿੰਦਰ ਸਿੰਘ ਬਰਾੜ, ਗੁਰਜੰਟ ਸਿੰਘ ਕੋਕਰੀ, ਕੁਲਵੰਤ ਸਿੰਘ ਡਰੋਲੀ ਭਾਈ, ਰਾਜਿੰਦਰ ਸਿੰਘ ਰਿਆੜ, ਕੁਲਦੀਪ ਸਿੰਘ, ਜਗਸੀਰ ਸਿੰਘ ਖੋਸਾ, ਜਗਪਾਲ ਸਿੰਘ, ਅਮਰੀਸ਼ ਕੁਮਾਰ, ਇੰਦਰਜੀਤ ਸਿੰਘ ਭਿੰਡਰ, ਅਜਮੇਰ ਸਿੰਘ ਦੱਦਾਹੂਰ ਆਦਿ ਆਗੂ ਸ਼ਾਮਲ ਹੋਏ। ਹੋਰ ਭਰਾਤਰੀ ਜਥੇਬੰਦੀਆਂ ਨੂੰ ਵੀ ਇਸ ਰੋਸ ਦਿਵਸ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ।

158 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper