Latest News
ਪ੍ਰਾਈਵੇਟ ਬੱਸਾਂ ਨੂੰ ਮੁਨਾਫਾ ਦੇਣ ਲਈ ਕਿਰਾਇਆਂ 'ਚ ਕੀਤਾ ਵਾਧਾ : ਮਾੜੀਮੇਘਾ, ਸੋਹਲ

Published on 02 Jul, 2020 10:44 AM.


ਤਰਨ ਤਾਰਨ : ਕੋਰੋਨਾ ਦੀ ਤਲਵਾਰ ਦੇ ਨਾਲ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਸਰਕਾਰ ਲੋਕਾਂ ਉੱਤੇ ਲਗਾਤਾਰ ਮਹਿੰਗਾਈ ਦਾ ਬੋਝ ਥੋਪੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸੀ ਪੀ ਆਈ ਦੇ ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ ਨੇ ਕਿਹਾ ਕਿ ਮੋਦੀ ਦੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅਥਾਹ ਵਾਧਾ ਆਪਣੇ ਖਜ਼ਾਨੇ ਭਰਭੂਰ ਕੀਤੇ ਹਨ ਅਤੇ ਇਸ ਦੇ ਨਾਲ ਹੀ ਪੰਜਾਬ ਦੀ ਕੈਪਟਨ ਸਰਕਾਰ ਨੇ ਵੀ ਤੇਲ ਤੇ ਵੈਟ ਵਧਾ ਕੇ ਲੋਕਾਂ ਨੂੰ ਖੂਬ ਲੁੱਟਿਆ ਹੈ। ਪੰਜਾਬ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਹੁਣ ਬੱਸ ਕਿਰਾਇਆਂ ਵਿਚ ਵਾਧਾ ਕਰ ਦਿੱਤਾ ਹੈ, ਜਦੋਂ ਕਿ ਕੋਰੋਨਾ ਮਹਾਂਮਾਰੀ ਕਰਕੇ ਲੋਕਾਂ ਦੀ ਆਰਥਿਕ ਹਾਲਤ ਬਹੁਤ ਬੁਰੀ ਤਰ੍ਹਾਂ ਝੰਜੋੜੀ ਪਈ ਹੈ। ਸਭ ਕੰਮਕਾਜ ਠੱਪ ਹੋਣ ਕਰਕੇ ਬੇਰੁਜ਼ਗਾਰੀ ਬੇਸ਼ੁਮਾਰ ਵਧ ਗਈ ਹੈ। ਸਾਰੇ ਕਾਰੋਬਾਰ ਬੰਦ ਹੋਣ ਕਰਕੇ ਹਾਲਾਤ ਇਹ ਹਨ ਕਿ ਦੁਕਾਨਦਾਰਾਂ ਕੋਲ ਗਾਹਕ ਨਾ ਆਉਣ ਕਰਕੇ ਉਨ੍ਹਾਂ ਦਾ ਵੀ ਮੰਦਾ ਹਾਲ ਹੈ, ਪਰ ਬੜੀ ਹੈਰਾਨੀ ਹੈ ਕਿ ਪੰਜਾਬ ਦੀ ਸਰਕਾਰ ਨੇ ਇਸ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਲੋਕਾਂ ਉੱਤੇ ਬੱਸ ਕਿਰਾਇਆਂ ਵਿਚ ਵਾਧਾ ਕਰਕੇ ਮਹਿੰਗਾਈ ਦਾ ਹੋਰ ਬੋਝ ਪਾ ਦਿੱਤਾ ਹੈ। ਪੰਜਾਬ ਸਰਕਾਰ ਨੇ ਬੱਸ ਕਿਰਾਇਆਂ ਵਿਚ ਵਾਧਾ ਕਰਕੇ ਪ੍ਰਾਈਵੇਟ ਕੰਪਨੀਆਂ ਨੂੰ ਮੁਨਾਫਾ ਦੇਣ ਦੀ ਨੀਤੀ ਅਖਤਿਆਰ ਕੀਤੀ ਹੈ। ਪੰਜਾਬ ਸਰਕਾਰ ਕਰਫ਼ਿਊ ਅਤੇ ਲਾਕਡਾਊਨ ਦੌਰਾਨ ਬੰਦ ਰਹੀਆਂ ਬੱਸਾਂ ਕਰਕੇ ਹੁਣ ਪੰਜਾਬ ਸਰਕਾਰ ਪ੍ਰਾਈਵੇਟ ਬੱਸਾਂ ਦੇ ਮਾਲਕਾਂ ਦੇ ਘਾਟੇ ਪੂਰੇ ਕਰ ਰਹੀ ਹੈ। ਪੰਜਾਬ ਸਰਕਾਰ ਨੇ ਪ੍ਰਾਈਵੇਟ ਬੱਸਾਂ ਦੇ ਮਾਲਕਾਂ ਨਾਲ ਰਲ ਕੇ ਬੱਸ ਕਿਰਾਇਆਂ ਵਿਚ ਵਾਧਾ ਕੀਤਾ ਹੈ ਜੋ ਕਦਾਚਿਤ ਸਹਿਣ ਨਹੀਂ ਹੋਵੇਗਾ। ਜੇ ਸਰਕਾਰ ਨੇ ਇਹ ਵਾਧਾ ਵਾਪਸ ਨਾ ਲਿਆ ਤੇ ਮਜਬੂਰ ਹੋ ਕੇ ਲੋਕ ਸੜਕਾਂ ਉੱਤੇ ਨਿੱਤਰਨਗੇ।
ਸੀ ਪੀ ਆਈ ਨੇ ਵੀਰਵਾਰ ਝਬਾਲ, ਹਰੀਕੇ, ਚੋਹਲਾ ਸਾਹਿਬ ਅਤੇ ਦਦੇਹਰ ਸਾਹਿਬ ਇਲਾਕਿਆਂ ਵਿੱਚ ਪੰਜਾਬ ਸਰਕਾਰ ਇਸ ਲੋਕ ਵਿਰੋਧੀ ਨੀਤੀ ਵਿਰੁੱਧ ਜ਼ੋਰਦਾਰ ਰੋਹ ਪ੍ਰਦਰਸ਼ਨ ਕੀਤੇ ਅਤੇ ਪੰਜਾਬ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਫ਼ੌਰੀ ਤੌਰ 'ਤੇ ਬੱਸ ਕਿਰਾਇਆਂ ਵਿਚ ਕੀਤਾ ਵਾਧਾ ਵਾਪਸ ਲਵੇ।

123 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper