Latest News
ਅਪ੍ਰੈਲ 2023 ਤੋਂ ਚਲਣਗੀਆਂ ਪ੍ਰਾਈਵੇਟ ਟਰੇਨਾਂ

Published on 02 Jul, 2020 10:46 AM.


ਨਵੀਂ ਦਿੱਲੀ : ਅਪ੍ਰੈਲ 2023 ਤੋਂ ਦੇਸ਼ ਵਿਚ ਪ੍ਰਾਈਵੇਟ ਟਰੇਨਾਂ ਚਲਣ ਲੱਗ ਪੈਣਗੀਆਂ ਅਤੇ ਇਨ੍ਹਾਂ ਦਾ ਕਿਰਾਇਆ ਹਵਾਈ ਕਿਰਾਏ ਦੇ ਮੁਕਾਬਲੇ ਦਾ ਹੋਵੇਗਾ। ਰੇਲਵੇ ਬੋਰਡ ਦੇ ਚੇਅਰਮੈਨ ਵੀ ਕੇ ਯਾਦਵ ਨੇ ਵੀਰਵਾਰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਉਨ੍ਹਾ ਦਾਅਵਾ ਕੀਤਾ ਕਿ ਪ੍ਰਾਈਵੇਟ ਖਿਡਾਰੀਆਂ ਦੇ ਰੇਲ ਸੰਚਾਲਨ ਵਿਚ ਆਉਣ ਨਾਲ ਟੈਕਨਾਲੋਜੀ ਸੁਧਰੇਗੀ ਤੇ ਟਰੇਨਾਂ ਦੀ ਰਫਤਾਰ ਵਧੇਗੀ। ਟੈਕਨਾਲੋਜੀ ਵਿਚ ਸੁਧਾਰ ਨਾਲ 40 ਹਜ਼ਾਰ ਕਿਲੋਮੀਟਰ ਚੱਲਣ ਤੋਂ ਬਾਅਦ ਟਰੇਨ ਦੀ ਮੁਰੰਮਤ ਦੀ ਲੋੜ ਪਵੇਗੀ, ਜਦੋਂ ਕਿ ਅਜੇ 4 ਹਜ਼ਾਰ ਕਿਲੋਮੀਟਰ ਤੋਂ ਬਾਅਦ ਮੁਰੰਮਤ ਕਰਨੀ ਪੈਂਦੀ ਹੈ।
ਚੇਅਰਮੈਨ ਦੇ ਇਸ ਬਿਆਨ ਤੋਂ ਇਕ ਦਿਨ ਪਹਿਲਾਂ ਹੀ ਰੇਲਵੇ ਨੇ ਨਵੀਂ ਟੈਕਨਾਲੋਜੀ ਲਿਆਉਣ ਦੇ ਨਾਂਅ 'ਤੇ 109 ਮਾਰਗਾਂ 'ਤੇ 151 ਗੱਡੀਆਂ ਚਲਾਉਣ ਲਈ ਨਿੱਜੀ ਫਰਮਾਂ ਤੋਂ ਅਰਜ਼ੀਆਂ ਮੰਗੀਆਂ ਸਨ। ਰੇਲਵੇ 30 ਹਜ਼ਾਰ ਕਰੋੜ ਰੁਪਏ ਦਾ ਨਿੱਜੀ ਨਿਵੇਸ਼ ਕਰਾਉਣਾ ਚਾਹੁੰਦੀ ਹੈ। ਭਾਰਤ ਵਿਚ ਦੁਨੀਆ ਦਾ ਸਭ ਤੋਂ ਵੱਡਾ ਰੇਲਵੇ ਨੈੱਟਵਰਕ ਹੈ, ਜੋ ਲੱਗਭੱਗ 13 ਹਜ਼ਾਰ ਗੱਡੀਆਂ ਚਲਾਉਂਦਾ ਹੈ ਤੇ ਇਹ ਲੱਗਭੱਗ 12 ਲੱਖ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ। ਲੋਕਾਂ ਨੂੰ ਇਹ ਕਿਰਾਏ ਵਿਚ ਕਾਫੀ ਸਬਸਿਡੀ ਦਿੰਦਾ ਹੈ। ਨਿੱਜੀ ਹੱਥਾਂ ਵਿਚ ਜਾਣ ਨਾਲ ਇਹ ਸਬਸਿਡੀ ਖਤਮ ਹੋਵੇਗੀ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਰੇਲਵੇ ਦੇ ਨਿੱਜੀਕਰਨ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਰੇਲ ਹੀ ਗਰੀਬਾਂ ਦੀ ਇੱਕੋ-ਇਕ ਜੀਵਨ ਰੇਖਾ ਹੈ ਤੇ ਸਰਕਾਰ ਇਸ ਨੂੰ ਵੀ ਖੋਹਣ ਜਾ ਰਹੀ ਹੈ। ਲੋਕ ਇਸ ਦਾ ਕਰਾਰਾ ਜਵਾਬ ਦੇਣਗੇ।

157 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper