Latest News
ਅੱਜ ਚੋਣਾਂ ਹੋ ਜਾਣ ਤਾਂ ਕੇਰਲਾ 'ਚ ਫਿਰ ਖੱਬਾ ਜਮਹੂਰੀ ਮੁਹਾਜ਼ ਜਿੱਤੇਗਾ

Published on 05 Jul, 2020 10:25 AM.


ਤਿਰੁਅਨੰਤਪੁਰਮ : ਜੇ ਕੇਰਲਾ ਵਿਚ ਹੁਣੇ ਅਸੰਬਲੀ ਚੋਣਾਂ ਹੋ ਜਾਣ ਤਾਂ ਖੱਬਾ ਜਮਹੂਰੀ ਮੁਹਾਜ਼ (ਅੱੈਲ ਡੀ ਐੱਫ) ਆਸਾਨੀ ਨਾਲ ਜਿੱਤ ਜਾਵੇਗਾ। ਏਸ਼ੀਆਨੈੱਟ-ਸੀਫੋਰ ਵੱਲੋਂ ਕੀਤੀ ਗਈ ਰਾਇਸ਼ੁਮਾਰੀ ਮੁਤਾਬਕ ਮੁੱਖ ਮੰਤਰੀ ਪਿਨਰਾਈ ਵਿਜਯਨ ਦੀ ਅਗਵਾਈ ਵਾਲਾ ਮੁਹਾਜ਼ 140 ਮੈਂਬਰੀ ਅਸੰਬਲੀ ਦੀਆਂ 77-83 ਸੀਟਾਂ ਜਿੱਤ ਜਾਵੇਗਾ। ਕਾਂਗਰਸ ਦੀ ਅਗਵਾਈ ਵਾਲੇ ਮੁਤਹਿਦਾ ਜਮਹੂਰੀ ਮੁਹਾਜ਼ (ਯੂ ਡੀ ਐੱਫ) ਨੂੰ 54 ਤੋਂ 60 ਤਕ ਸੀਟਾਂ ਮਿਲ ਸਕਦੀਆਂ ਹਨ, ਜਦਕਿ ਭਾਜਪਾ ਦੀ ਅਗਵਾਈ ਵਾਲੇ ਮੁਹਾਜ਼ (ਐੱਨ ਡੀ ਏ) ਨੂੰ ਤਿੰਨ ਤੋਂ ਸੱਤ ਸੀਟਾਂ ਹੀ ਮਿਲਣਗੀਆਂ। ਸਰਕਾਰ ਬਣਾਉਣ ਲਈ 71 ਸੀਟਾਂ ਦੀ ਲੋੜ ਹੁੰਦੀ ਹੈ। ਐੱਲ ਡੀ ਐਫ ਨੂੰ 72 ਫੀਸਦੀ, ਯੂ ਡੀ ਐੱਫ ਨੂੰ 39 ਫੀਸਦੀ ਤੇ ਐੱਨ ਡੀ ਏ ਨੂੰ 18 ਫੀਸਦੀ ਵੋਟਾਂ ਮਿਲਣਗੀਆਂ। ਜੇ ਅਗਲੇ ਸਾਲ ਮਈ ਵਿਚ ਹੋਣੀਆਂ ਬਣਦੀਆਂ ਚੋਣਾਂ ਲਈ ਇਹ ਭਵਿੱਖਬਾਣੀ ਸੱਚੀ ਸਾਬਤ ਹੁੰਦੀ ਹੈ ਤਾਂ ਐੱਲ ਡੀ ਐੱਫ ਕਿਸੇ ਵੀ ਮੁਹਾਜ਼ ਦੇ ਲਗਾਤਾਰ ਦੂਜੀ ਵਾਰ ਸੱਤਾ ਵਿਚ ਨਾ ਆਉਣ ਦੇ 40 ਸਾਲ ਦੇ ਇਤਿਹਾਸ ਨੂੰ ਬਦਲ ਦੇਵੇਗਾ।
ਸਰਵੇਖਣ ਵਿਚ ਕੁਝ ਹੋਰ ਦਿਲਚਸਪ ਨਤੀਜੇ ਸਾਹਮਣੇ ਆਏ ਹਨ। 27 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਵਿਜਯਨ ਨੂੰ ਮੁੜ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਸੀਨੀਅਰ ਕਾਂਗਰਸ ਆਗੂ ਤੇ ਸਾਬਕਾ ਮੁੱਖ ਮੰਤਰੀ ਓਮੇਨ ਚੰਡੀ ਨੂੰ 23 ਫੀਸਦੀ ਲੋਕ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਸਿਹਤ ਮੰਤਰੀ ਤੇ ਮਾਰਕਸੀ ਆਗੂ ਬੀਬੀ ਕੇ ਕੇ ਸ਼ੈਲਜਾ ਨੂੰ 12 ਫੀਸਦੀ ਲੋਕ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਸ਼ੈਲਜਾ ਨੂੰ ਏਨੇ ਲੋਕਾਂ ਵੱਲੋਂ ਪਸੰਦ ਕਰਨਾ ਇਸ ਕਰਕੇ ਦਿਲਚਸਪ ਹੈ, ਕਿਉਂਕਿ 2018 ਵਿਚ ਨੀਪਾਹ ਤੇ ਹੁਣ ਕੋਰੋਨਾ ਸੰਕਟ ਨਾਲ ਨਜਿੱਠਣ ਵਿਚ ਉਨ੍ਹਾ ਵੱਲੋਂ ਨਿਭਾਏ ਗਏ ਰੋਲ ਦੀ ਦੇਸ਼ ਹੀ ਨਹੀਂ, ਕੌਮਾਂਤਰੀ ਪੱਧਰ 'ਤੇ ਵੀ ਪ੍ਰਸੰਸਾ ਹੋਈ ਹੈ। ਭਾਜਪਾ ਦੇ ਸੂਬਾ ਪ੍ਰਧਾਨ ਕੇ ਸੁਰਿੰਦਰਨ ਨੂੰ ਮੁੱਖ ਮੰਤਰੀ ਵਜੋਂ 7 ਫੀਸਦੀ ਲੋਕਾਂ ਅਤੇ ਕਾਂਗਰਸ ਦੇ ਰਮੇਸ਼ ਚੇਨਿਨਥਲਾ ਨੂੰ 5 ਫੀਸਦੀ ਲੋਕਾਂ ਨੇ ਪਸੰਦ ਕੀਤਾ ਹੈ। ਇਹ ਸਰਵੇਖਣ 50 ਅਸੰਬਲੀ ਹਲਕਿਆਂ ਵਿਚ 18 ਤੋਂ 29 ਜੂਨ ਤੱਕ 10409 ਲੋਕਾਂ ਵਿਚ ਕੀਤਾ ਗਿਆ।

195 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper