ਪਾਤੜਾਂ (ਭੁਪਿੰਦਰਜੀਤ ਮੌਲਵੀਵਾਲਾ)
ਵਿਧਾਨ ਸਭਾ ਹਲਕਾ ਸ਼ੁਤਰਾਣਾ ਦੀ ਸਾਬਕਾ ਅਕਾਲੀ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਨਿੱਜੀ ਸਹਾਇਕ ਅਤੇ ਯੂਥ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਗੁਰਸੇਵਕ ਸਿੰਘ ਧੂਹੜ, ਜਿਨ੍ਹਾ ਕੁਝ ਦਿਨ ਪਹਿਲਾਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ, ਦੀ ਪਤਨੀ ਨੇ ਐਤਵਾਰ ਸਵੇਰੇ ਤੜਕਸਾਰ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ। ਘਟਨਾ ਦਾ ਪਤਾ ਲੱਗਦੇ ਹੀ ਪਰਵਾਰਕ ਮੈਂਬਰਾਂ ਵੱਲੋਂ ਉਨ੍ਹਾ ਨੂੰ ਤੁਰੰਤ ਇਲਾਜ ਲਈ ਪਾਤੜਾਂ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸਮਾਣਾ ਰੈਫ਼ਰ ਕਰ ਦਿੱਤਾ, ਪਰ ਰਸਤੇ ਵਿੱਚ ਹੀ ਉਨ੍ਹਾ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮਰਹੂਮ ਅਕਾਲੀ ਆਗੂ ਗੁਰਸੇਵਕ ਸਿੰਘ ਧੂਹੜ ਦੀ ਪਤਨੀ ਜਸਦੀਪ ਕੌਰ ਨੇ ਐਤਵਾਰ ਸਵੇਰੇ ਛੇ ਵਜੇ ਦੇ ਕਰੀਬ ਆਪਣੇ ਹੀ ਘਰ ਦੇ ਕਮਰੇ ਵਿੱਚ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ। ਦੋਵਾਂ ਵੱਲੋਂ ਕੁਝ ਹੀ ਦਿਨਾਂ ਵਿੱਚ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਇਲਾਕੇ ਵਿੱਚ ਫੈਲਦਿਆਂ ਹੀ ਸੋਗ ਦੀ ਲਹਿਰ ਦੌੜ ਗਈ। ਪੁਲਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ ਇੱਕ ਲੜਕਾ ਤੇ ਲੜਕੀ ਛੱਡ ਗਏ ਹਨ।