Latest News
ਜਲੰਧਰ 'ਚ 71 ਨਵੇਂ ਕੇਸ, ਲੁਧਿਆਣਾ ਜੇਲ੍ਹ 'ਚ 26 ਪਾਜ਼ੀਟਿਵ

Published on 05 Jul, 2020 10:29 AM.


ਜਲੰਧਰ (ਸ਼ੈਲੀ ਐਲਬਰਟ)
ਐਤਵਾਰ ਜਲੰਧਰ ਵਿਚ 71 ਨਵੇਂ ਕੋਰੋਨਾ ਕੇਸ ਸਾਹਮਣੇ ਆਏ। ਇਸ ਨਾਲ ਕੁਲ ਗਿਣਤੀ 891 ਹੋ ਗਈ। ਸ਼ਨੀਵਾਰ 54 ਕੇਸ ਸਾਹਮਣੇ ਆਏ ਸਨ। ਨਵੇਂ ਕੇਸਾਂ ਵਿਚ 18 ਕੇਸ ਫੌਜ ਦੇ ਤੇ 17 ਮਖਦੂਮਪੁਰਾ ਦੇ ਹਨ। ਬਾਕੀ ਕੇਸ ਛੋਟਾ ਅਲੀ ਮੁਹੱਲਾ, ਗਦਈਪੁਰ, ਕੰਦੋਲਾ ਕਲਾਂ, ਨਾਨਕ ਪਿੰਡ, ਜਮਸ਼ੇਰ, ਲੋਹੀਆਂ ਖਾਸ, ਸੁੱਚੀ ਪਿੰਡ, ਬਸਤੀ ਮਿੱਠੂ, ਨਵਾਂ ਦਿਓਲ ਨਗਰ, ਮਾਡਲ ਹਾਊਸ, ਪਿਮਜ਼ ਹਸਪਤਾਲ, ਗੁਲਾਬ ਦੇਵੀ ਰੋਡ, ਅਜੀਤ ਨਗਰ, ਬਸਤੀ ਬਾਵਾ ਖੇਲ, ਕਾਜ਼ੀ ਮੁਹੱਲਾ, ਸੂਰੀਆ ਇਨਕਲੇਵ ਤੇ ਮਿੱਠਾਪੁਰ ਆਦਿ ਦੇ ਹਨ।
ਲੁਧਿਆਣਾ : ਇਥੇ ਕੇਂਦਰੀ ਜੇਲ੍ਹ ਵਿਚ 26 ਹਵਾਲਾਤੀ ਕੋਰੋਨਾ ਪਾਜ਼ੀਟਿਵ ਨਿਕਲੇ ਹਨ। ਉਨ੍ਹਾਂ ਨੂੰ ਵੱਖਰੀ ਬੈਰਕ ਵਿਚ ਰੱਖਿਆ ਗਿਆ ਹੈ।
ਫਿਰੋਜ਼ਪੁਰ (ਸਤਬੀਰ ਬਰਾੜ) : ਫਿਰੋਜ਼ਪੁਰ ਦੇ ਨਜ਼ਦੀਕੀ ਕਸਬੇ ਤਲਵੰਡੀ ਭਾਈ 'ਚ ਕੋਰੋਨਾ ਮਹਾਂਮਾਰੀ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ 'ਚ 8 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸ਼ਹਿਰ 'ਚ ਦਹਿਸ਼ਤ ਵਾਲਾ ਮਾਹੌਲ ਹੈ।ਜ਼ਿਕਰਯੋਗ ਹੈ ਕਿ ਇਨ੍ਹਾਂ ਲੋਕਾਂ ਦੀ ਤਲਵੰਡੀ ਭਾਈ ਦੇ ਸਿਹਤ ਵਿਭਾਗ ਵੱਲੋਂ 4 ਜੁਲਾਈ ਨੂੰ ਸੈਂਪਲਿੰਗ ਹੋਈ ਸੀ, ਜਿਨ੍ਹਾਂ 'ਚੋਂ ਨਵੇਂ ਮਾਮਲੇ ਆਉਣ ਨਾਲ ਸ਼ਹਿਰ 'ਤੇ ਸਰਗਰਮ ਮਰੀਜ਼ਾਂ ਦੀ ਗਿਣਤੀ 16 ਹੋ ਗਈ ਹੈ, ਜਦਕਿ 2 ਮਰੀਜ਼ ਇਸ ਮਹਾਂਮਾਰੀ ਨੂੰ ਮਾਤ ਦੇ ਕੇ ਘਰ ਪਰਤੇ ਹਨ, ਜਦਕਿ 1 ਵਿਅਕਤੀ ਦੀ ਮੌਤ ਹੋ ਗਈ ਹੈ।
ਸ਼ਾਹਕੋਟ (ਗਗਨਦੀਪ ਸੈਦਪੁਰੀ) ਕੋਰੋਨਾ ਮਹਾਂਮਾਰੀ ਦਰਮਿਆਨ ਮੁਢਲੀ ਕਤਾਰ ਵਿੱਚ ਖੜੇ ਹੋ ਕੇ ਲੋਕਂ ਦੀ ਸੇਵਾ ਵਿੱਚ ਜੁਟੀਆਂ ਦੋ ਆਂਗਨਵਾੜੀ ਵਰਕਰ ਕੋਰੋਨਾ ਪਾਜ਼ੀਟਿਵ ਮਿਲੀਆਂ ਹਨ। ਪਿੰਡ ਫਾਜ਼ਲਪੁਰ ਵਿਖੇ ਤੈਨਾਤ ਆਂਗਨਵਾੜੀ ਵਰਕਰ ਅਤੇ ਹੈਲਪਰ ਦੀ ਰਿਪੋਰਟ ਸ਼ਨੀਵਾਰ ਨੂੰ ਆਈ। ਇਸ ਤੋਂ ਬਾਅਦ ਦੋਨਾਂ ਨੂੰ ਹੀ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ। ਇਨ੍ਹਾਂ ਦੇ ਪਰਵਾਰ ਦੇ 17 ਲੋਕਾਂ ਸਮੇਤ ਸੰਪਰਕ ਵਿੱਚ ਆਏ 25 ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਐਤਵਾਰ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਨੇ ਪਿੰਡ 'ਚ ਸਰਵੇ ਕੀਤਾ ਅਤੇ ਸੰਪਰਕ 'ਚ ਆਏ ਲੋਕਾਂ ਦੀ ਸੂਚੀ ਤਿਆਰ ਕੀਤੀ।
ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਸੀ ਐੱਚ ਸੀ ਸ਼ਾਹਕੋਟ ਵਿਖੇ ਲਗਾਏ ਗਏ ਕੈਂਪ ਵਿੱਚ ਇਨ੍ਹਾਂ ਆਂਗਨਵਾੜੀ ਵਰਰਰਾਂ ਦਾ ਟੈਸਟ ਹੋਇਆ ਸੀ। ਇਸ ਟੈਸਟ ਦੀ ਰਿਪੋਰਟ ਵਿੱਚ ਦੋਹਾਂ ਦੇ ਪਾਜ਼ੀਟਿਵ ਹੋਣ ਦਾ ਖੁਲਾਸਾ ਹੋਇਆ। ਇਸ ਤੋਂ ਬਾਅਦ ਟੀਮਾਂ ਨੇ ਦੋਹਾਂ ਨੂੰ ਹਸਪਤਾਲ ਭੇਜਿਆ ਅਤੇ ਸੰਪਰਕ 'ਚ ਆਏ ਲੋਕਾਂ ਦੀ ਸੂਚੀ ਬਣਾਈ ਗਈ। ਅਜੇ ਤੱਕ 25 ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ ਅਤੇ ਜੇਕਰ ਹੋਰ ਲੋਕਾਂ ਦਾ ਵੀ ਪਤਾ ਲੱਗਾ, ਤਾਂ ਉਨ੍ਹਾਂ ਨੂੰ ਵੀ ਇਕਾਂਤਵਸ ਕੀਤਾ ਜਾਵੇਗਾ। ਸੋਮਵਾਰ ਨੂੰ ਪਿੰਡ ਪੱਧਰ 'ਤੇ ਹੀ ਕੋਰੋਨਾ ਸੈਂਪਲਿੰਗ ਦਾ ਕੈਂਪ ਲਾਇਆ ਜਾਵੇਗਾ। ਡਾ. ਦੁੱਗਲ ਨੇ ਕਿਹਾ ਕਿ ਇਹ ਦੋ ਕੇਸ ਆਉਣ ਤੋਂ ਬਾਅਦ ਹੁਣ ਸ਼ਾਹਕੋਟ 'ਚ ਕੇਸਾਂ ਦੀ ਗਿਣਤੀ 25 ਹੋ ਗਈ ਹੈ। ਬਾਂਸਾ ਵਾਲਾ ਬਾਜ਼ਾਰ ਮਾਇਕਰੋ ਕੰਟੇਨਮੈਂਟ ਜ਼ੋਨ ਬਣਾਏ ਰੱਖਣ ਦਾ ਸਮਾਂ ਐਤਵਾਰ ਨੂੰ ਪੂਰਾ ਹੋ ਗਿਆ। ਇਸ ਇਲਾਕੇ ਵਿੱਚ ਬੀਤੀ 25 ਤਰੀਕ ਤੋਂ ਬਾਅਦ ਕੋਈ ਕੇਸ ਰਿਪੋਰਟ ਨਹੀਂ ਹੋਇਆ, ਜਦਕਿ ਤਲਵੰਡੀ ਸੰਘੇੜਾ ਵਿਖੇ 15 ਦਿਨ ਪਹਿਲਾਂ ਪਾਜ਼ੀਟਿਵ ਆਏ ਵਿਅਕਤੀ ਨੂੰ ਖਾਂਸੀ ਸ਼ੁਰੂ ਹੋਣ ਤੋਂ ਬਾਅਦ ਦੁਬਾਰਾ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿੱਥੇ ਡਾਕਟਰਾਂ ਦੀ ਨਿਗਰਾਨੀ 'ਚ ਉਸ ਨੂੰ ਰੱਖਿਆ ਗਿਆ ਹੈ।
ਬੀ ਈ ਈ ਚੰਦਨ ਮਿਸ਼ਰਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਦੋ ਲੋਕਾਂ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਆਈ, ਜਦਕਿ ਸ਼ਨੀਵਾਰ ਅਤੇ ਐਤਵਾਰ ਨੂੰ 95 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਆਈ ਹੈ। ਇਨ੍ਹਾਂ ਵਿੱਚ ਉਹ ਲੋਕ ਸ਼ਾਮਲ ਹਨ, ਜਿਨ੍ਹਾਂ ਦੇ ਟੈਸਟ ਸੀ ਐੱਚ ਸੀ ਸ਼ਾਹਕੋਟ ਅਤੇ ਲੋਹੀਆਂ ਵਿਖੇ ਹੋਏ ਸਨ। ਦੂਜੇ ਪਾਸੇ ਫਾਜ਼ਲਪੁਰ ਵਿਖੇ ਐਤਵਾਰ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਨੇ ਸੁਪਰਵਾਈਜ਼ਰ ਸੁਖਪਾਲ ਸਿੰਘ ਅਤੇ ਗੁਰਦੇਵ ਕੌਰ ਦੀ ਦੇਖਰੇਖ ਵਿੱਚ 116 ਘਰਾਂ ਦਾ ਸਰਵੇ ਕੀਤਾ ਅਤੇ 581 ਲੋਕਾਂ ਦੀ ਸਕ੍ਰੀਨਿੰਗ ਕੀਤੀ। ਇੱਥੇ ਸੋਮਵਾਰ ਨੂੰ ਕੋਰੋਨਾ ਸੈਂਪਲਿੰਗ ਦਾ ਕੈਂਪ ਲਾਇਆ ਜਾਵੇਗਾ।

189 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper