Latest News
ਗੈਂਗਸਟਰ ਦੂਬੇ ਯੂ ਪੀ ਪੁਲਸ ਨੂੰ ਦੇ ਗਿਆ ਗੇੜਾ

Published on 09 Jul, 2020 10:58 AM.


ਉਜੈਨ : ਯੂ ਪੀ ਵਿਚ 8 ਪੁਲਸਮੈਨਾਂ ਦੇ ਕਤਲ ਦੇ ਸੰਬੰਧ ਵਿਚ ਲੋੜੀਂਦੇ ਗੈਂਗਸਟਰ ਵਿਕਾਸ ਦੂਬੇ (48) ਨੂੰ ਮੱਧ ਪ੍ਰਦੇਸ਼ ਪੁਲਸ ਨੇ ਵੀਰਵਾਰ ਸਵੇਰੇ ਨਾਟਕੀ ਅੰਦਾਜ਼ ਵਿਚ ਇਥੋਂ ਦੇ ਮਹਾਕਾਲ ਮੰਦਰ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਉਜੈਨ ਦੇ ਡੀ ਸੀ ਆਸ਼ੀਸ਼ ਸਿੰਘ ਨੇ ਦੱਸਿਆ ਕਿ ਦੂਬੇ ਨੂੰ ਮਹਾਕਾਲ ਮੰਦਰ ਵਿਚ ਜਾਂਦਿਆਂ ਸਿਕਿਓਰਿਟੀ ਗਾਰਡ ਨੇ ਪਛਾਣ ਲਿਆ ਤੇ ਉਸਤੋਂ ਬਾਅਦ ਉਸਨੂੰ ਕਾਬੂ ਕਰ ਲਿਆ ਗਿਆ।
ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦੂਬੇ ਦੇ ਫੜੇ ਜਾਣ ਤੋਂ ਬਾਅਦ ਕਿਹਾ, ''ਹਮਾਰੀ ਪੁਲੀਸ ਕਿਸੀ ਕੋ ਨਹੀਂ ਛੋੜਤੀ। ਹਮਾਰੇ ਜਾਂਬਾਜ਼ ਪੁਲੀਸ ਜਵਾਨੋਂ ਨੇ ਉਸੇ ਧਰ ਦਬੋਚਾ।'' ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਦੂਬੇ ਦੀ ਗ੍ਰਿਫਤਾਰੀ ਦਾ ਸਿਹਰਾ ਲੈਂਦਿਆਂ ਕਿਹਾ, ''ਜਿਹੜੇ ਸੋਚਦੇ ਹਨ ਕਿ ਮਹਾਕਾਲ ਮੰਦਰ ਵਿਚ ਮੱਥਾ ਟੇਕ ਕੇ ਪਾਪ ਧੋਹਤੇ ਜਾਣਗੇ ਉਹ ਭਗਵਾਨ ਨੂੰ ਗਲਤ ਸਮਝਦੇ ਹਨ। ਸਾਡੀ ਸਰਕਾਰ ਕਿਸੇ ਅਪਰਾਧੀ ਨੂੰ ਨਹੀਂ ਛੱਡੇਗੀ।'' ਇਸਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਪੁੱਛਿਆ ਕਿ ਸਰਕਾਰ ਸਪਸ਼ਟ ਕਰੇ ਕਿ ਦੂਬੇ ਨੇ ਆਤਮਸਮਰਪਣ ਕੀਤਾ ਕਿ ਉਸਦੀ ਗ੍ਰਿਫਤਾਰੀ ਹੋਈ। ਉਨ੍ਹਾ ਕਿਹਾ ਕਿ ਯੋਗੀ ਆਦਿਤਿਆਨਾਥ ਦੀ ਸਰਕਾਰ ਉਸਦਾ ਫੋਨ ਰਿਕਾਰਡ ਜਨਤਕ ਕਰੇ, ਤਾਂ ਜੋ ਪਤਾ ਲੱਗੇ ਕਿ ਉਸਦੀਆਂ ਕਿਨ੍ਹਾਂ-ਕਿਨ੍ਹਾਂ ਨਾਲ ਗੱਲਾਂ ਹੁੰਦੀਆਂ ਰਹੀਆਂ। ਕਾਂਗਰਸ ਨੇ ਇਸ 'ਤੇ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਦੂਬੇ ਨੂੰ ਮੁਕਾਬਲੇ ਵਿਚ ਮਾਰੇ ਜਾਣ ਤੋਂ ਬਚਾਉਣ ਲਈ ਮੱਧ ਪ੍ਰਦੇਸ਼ ਵਿਚ ਗ੍ਰਿਫਤਾਰੀ ਕਰਾਈ ਗਈ। ਉਸਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਹਨ, ਜਿਹੜੇ ਯੂ ਪੀ ਅਸੰਬਲੀ ਚੋਣਾਂ ਵਿਚ ਕਾਨਪੁਰ ਦੇ ਇੰਚਾਰਜ ਸਨ। ਚੇਤੇ ਰਹੇ ਦੂਬੇ ਭਾਜਪਾ ਸਮੇਤ ਕਈ ਪਾਰਟੀਆਂ ਦਾ ਮੈਂਬਰ ਰਹਿ ਚੁੱਕਾ ਹੈ। ਉਸਦੇ ਯੂ ਪੀ ਦੇ ਕੁਝ ਭਾਜਪਾ ਆਗੂਆਂ ਨਾਲ ਕਰੀਬੀ ਸੰਬੰਧ ਦੱਸੇ ਜਾਂਦੇ ਹਨ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਅਲਰਟ ਦੇ ਬਾਵਜੂਦ ਦੂਬੇ ਉਜੈਨ ਪੁੱਜ ਗਿਆ। ਇਸਤੋਂ ਮਿਲੀਭੁਗਤ ਦਾ ਪਤਾ ਲੱਗਦਾ ਹੈ। ਮੱਧ ਪ੍ਰਦੇਸ਼ ਸਰਕਾਰ 'ਤੇ ਸਭ ਤੋਂ ਤਿੱਖਾ ਹਮਲਾ ਕੁਲ ਹਿੰਦ ਯੂਥ ਕਾਂਗਰਸ ਦੇ ਆਗੂ ਸ੍ਰੀਨਿਵਾਸ ਬੀ ਵੀ ਨੇ ਸੋਸ਼ਲ ਮੀਡੀਆ 'ਤੇ ਚਲ ਰਹੀ ਵੀਡੀਓ ਦਾ ਹਵਾਲਾ ਦੇ ਕੇ ਕੀਤਾ। ਵੀਡੀਓ ਵਿਚ ਦੂਬੇ ਮਹਾਕਾਲ ਮੰਦਰ ਵਿਚੋਂ ਨੰਗੇ ਪੈਰ ਬਾਹਰ ਆ ਰਿਹਾ ਹੈ ਤੇ ਉਸ ਨਾਲ ਨਿਜੀ ਸਿਕਿਓਰਿਟੀ ਗਾਰਡ ਹੈ। ਸ੍ਰੀਨਿਵਾਸ ਨੇ ਪੁੱਛਿਆ, ''ਕਿਹੜੇ ਕੋਣ ਤੋਂ ਨਜ਼ਰ ਆਉਂਦਾ ਹੈ ਕਿ ਇਸ ਦਹਿਸ਼ਤਗਰਦ ਵਿਕਾਸ ਦੂਬੇ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ। ਸਭ ਕੁਝ ਸਕ੍ਰਿਪਟਿਡ ਸੀ, ਇਹ ਵੀਡੀਓ ਗਵਾਹੀ ਹੈ।'' ਸ੍ਰੀਨਿਵਾਸ ਨੇ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਦੇ ਇਸ ਬਿਆਨ ਨੂੰ ਵਧੀਆ ਮਜ਼ਾਕ ਦਸਿਆ ਕਿ ਮੱਧ ਪ੍ਰਦੇਸ਼ ਦੀ ਪੁਲਸ ਅਲਰਟ ਸੀ। ਉਨ੍ਹਾ ਪੁੱਛਿਆ ਕਿ ਪੁਲਸ ਏਨਾ ਅਲਰਟ ਸੀ ਕਿ ਦੂਬੇ ਨੂੰ ਉੱਚੀ ਆਵਾਜ਼ ਵਿਚ ਕਹਿਣਾ ਪਿਆ ਕਿ ਉਹ ਹੀ ਵਿਕਾਸ ਦੂਬੇ ਹੈ। ਯੂ ਪੀ ਪੁਲਸ ਪਹਿਲਾਂ ਹੀ ਦਸ ਚੁੱਕੀ ਸੀ ਕਿ ਦੂਬੇ ਮੱਧ ਪ੍ਰਦੇਸ਼ ਪੁੱਜ ਗਿਆ ਹੈ। ਸ੍ਰੀਨਿਵਾਸ ਨੇ ਇਹ ਵੀ ਪੁੱਛਿਆ ਕਿ ਦੂਬੇ ਕਾਨਪੁਰ ਤੋਂ ਫਰੀਦਾਬਾਦ ਤੇ ਉਥੋਂ ਉਜੈਨ ਕਿਵੇਂ ਪੁੱਜ ਗਿਆ, ਜਦ ਸਰਹੱਦਾਂ ਸੀਲ ਸਨ ਤੇ ਪੁਲਸ ਅਲਰਟ ਸੀ। ਕੀ ਉਹ ਮਿਸਟਰ ਇੰਡੀਆ ਬਣ ਕੇ ਉਜੈਨ ਪੁੱਜਾ। ਕਾਨਪੁਰ ਦੇ ਪਿੰਡ ਬਿਕਰੂ ਵਿਚ ਮਾਰੇ ਗਏ ਸਿਪਾਹੀ ਰਾਹੁਲ ਦਿਵਾਕਰ ਦੀ ਭੈਣ ਨੰਦਨੀ ਨੇ ਵੀ ਸਵਾਲ ਕੀਤਾ ਹੈ ਕਿ ਏਨੀ ਚੈਕਿੰਗ ਦੇ ਬਾਵਜੂਦ ਉਹ ਉਜੈਨ ਕਿਵੇਂ ਪੁੱਜ ਗਿਆ। ਕਿਤੇ ਪੁਲਸ ਨੇ ਉਸਦੀ ਮਦਦ ਤਾਂ ਨਹੀਂ ਕੀਤੀ। ਦਿਵਾਕਰ ਦੇ ਪਿਤਾ ਓਮ ਕੁਮਾਰ ਨੇ ਕਿਹਾ ਕਿ ਦੂਬੇ ਨੇ ਮਹਾਕਾਲ ਵਿਚ ਆਪਣੇ ਨਾਂ ਦੀ ਪਰਚੀ ਕਿਵੇਂ ਕਟਵਾਈ। ਫਾਇਰਿੰਗ ਵਿਚ ਮਾਰੇ ਜਾਣ ਵਾਲੇ ਸਿਪਾਹੀ ਜਤਿੰਦਰ ਦੇ ਪਿਤਾ ਤੀਰਥ ਪਾਲ ਨੇ ਕਿਹਾ ਕਿ ਦੂਬੇ ਨੇ ਚਲਾਕੀ ਨਾਲ ਖੁਦ ਨੂੰ ਬਚਾਅ ਲਿਆ ਹੈ।
ਸੂਤਰਾਂ ਮੁਤਾਬਕ ਦੂਬੇ ਸਵੇਰੇ ਕਰੀਬ 8 ਵਜੇ ਮਹਾਕਾਲ ਮੰਦਰ ਪੁੱਜਾ ਅਤੇ ਸਿਕਿਓਰਿਟੀ ਵਾਲਿਆਂ ਨੂੰ ਸੰਜੇ ਦੱਤ ਦੀ ਫਿਲਮ ਖਲਨਾਇਕ ਵਾਲੇ ਸਟਾਈਲ ਵਿਚ ਕਿਹਾ, ''ਮੈਂ ਹੂੰ ਵਿਕਾਸ ਦੂਬੇ, ਕਾਨਪੁਰਵਾਲਾ। ਪੁਲੀਸ ਕੋ ਬਤਾ ਦੋ।'' ਵਾਇਰਲ ਵੀਡੀਓ ਵਿਚ ਉਹ ਮੰਦਰ ਕੰਪਲੈਕਸ ਦੇ ਅੰਦਰ ਸੋਫੇ 'ਤੇ ਆਰਾਮ ਨਾਲ ਬੈਠਾ ਨਜ਼ਰ ਆ ਰਿਹਾ ਹੈ। ਮੰਦਰ ਦੇ ਅਧਿਕਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਚੰਦੇ ਦੀ ਰਸੀਦ ਕਟਾਉਣ ਵੇਲੇ ਦੂਬੇ ਨੇ ਆਪਣਾ ਨਾਂ ਦੱਸਿਆ ਤੇ ਕਿਹਾ ਕਿ ਪੁਲਸ ਨੂੰ ਉਸ ਬਾਰੇ ਸੂਚਤ ਕਰ ਦਿਓ। ਦੂਬੇ ਨੇ ਬਚਣ ਲਈ ਭੇਸ ਨਹੀਂ ਬਦਲਿਆ ਹੋਇਆ ਸੀ ਤੇ ਨਾ ਹੀ ਕੋਲ ਕੋਈ ਹਥਿਆਰ ਰੱਖਿਆ ਸੀ, ਕਿਉਂਕਿ ਮੰਦਰ ਕੰਪਲੈਕਸ ਵਿਚ ਹਥਿਆਰ ਲਿਜਾਣਾ ਮਨ੍ਹਾਂ ਹੈ। ਯੂ ਪੀ ਦੇ ਇਕ ਰਿਟਾਇਰਡ ਡੀ ਜੀ ਪੀ ਨੇ ਕਿਹਾ, ''ਇਕ ਗਿਣਿਆ-ਮਿਥਿਆ ਆਤਮਸਮਰਪਣ ਹੈ। ਉਹ ਇਕ ਹਫਤੇ ਤਿੰਨ ਰਾਜਾਂ ਦੀ ਪੁਲਸ ਤੋਂ ਸਫਲਤਾ ਨਾਲ ਬਚਦਾ ਰਿਹਾ। ਉਸਨੂੰ ਪਤਾ ਸੀ ਕਿ ਜੇ ਉਸਨੇ ਯੂ ਪੀ ਪੁਲਸ ਅੱਗੇ ਆਤਮਸਮਰਪਣ ਕੀਤਾ ਤਾਂ ਮਾਰਿਆ ਜਾਵੇਗਾ।'' ਇਕ ਹੋਰ ਸੀਨੀਅਰ ਪੁਲਸ ਅਫਸਰ ਨੇ ਕਿਹਾ ਕਿ ਗ੍ਰਿਫਤਾਰੀ/ਆਤਮਸਮਰਪਣ ਬਹੁਤ ਹੀ ਗਿਣੇ-ਮਿਥੇ ਢੰਗ ਨਾਲ ਹੋਏ ਹਨ। ਉਹ ਸੁਰੱਖਿਅਤ ਰਾਜ ਵਿਚ ਆਤਮਸਮਪਰਣ ਕਰਨਾ ਚਾਹੁੰਦਾ ਸੀ। ਉਹ ਕੋਰਟ ਵਿਚ ਆਤਮਮਮਰਪਣ ਇਸ ਕਰਕੇ ਨਹੀਂ ਕਰਨਾ ਚਾਹੁੰਦਾ ਸੀ ਕਿ ਉਥੇ ਪੁਲਸ ਵਾਲੇ ਚੁੱਕ ਲੈਣਗੇ, ਇਸ ਕਰਕੇ ਉਸਨੇ ਮੰਦਰ ਨੂੰ ਚੁਣਿਆ। ਜੇ ਪੁਲਸ ਨੇ ਕੋਈ ਹੋਰ ਗਲਤੀ ਨਾ ਕੀਤੀ ਤਾਂ ਹੁਣ ਉਸਦਾ ਜਿਸਮਾਨੀ ਨੁਕਸਾਨ ਨਹੀਂ ਹੋਵੇਗਾ। ਦੂਬੇ ਦੀ ਗ੍ਰਿਫਤਾਰੀ ਯੂ ਪੀ ਦੀ ਸਪੈਸ਼ਲ ਟਾਸਕ ਫੋਰਸ ਦੀ ਵੱਡੀ ਨਾਕਾਮੀ ਮੰਨੀ ਜਾ ਰਹੀ ਹੈ। ਉਹ ਪਿਛਲੇ ਇਕ ਹਫਤੇ ਵਿਚ ਉਸਦੇ ਪੰਜ ਸਾਥੀਆਂ ਨੂੰ ਇਹ ਕਹਿਕੇ ਮਾਰ ਚੁੱਕੀ ਹੈ ਕਿ ਜਦੋਂ ਉਨ੍ਹਾਂ ਨੂੰ ਰੋਕਣ ਲਈ ਕਿਹਾ ਤਾਂ ਉਨ੍ਹਾਂ ਗੋਲੀ ਚਲਾ ਦਿੱਤੀ ਤੇ ਜਵਾਬੀ ਫਾਇਰਿੰਗ ਵਿਚ ਮਾਰੇ ਗਏ।

362 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper