Latest News
ਪਿੰਡ ਗੁਲਾਹੜ ਦੀ ਸੈਂਕੜੇ ਏਕੜ ਫ਼ਸਲ ਡੁੱਬੀ

Published on 13 Jul, 2020 10:55 AM.


ਪਾਤੜਾਂ (ਭੁਪਿੰਦਰਜੀਤ ਮੌਲਵੀਵਾਲਾ)
ਪਿੰਡ ਗੁਲਾਹੜ ਦੇ ਹਜ਼ਾਰ ਏਕੜ ਦੇ ਕਰੀਬ ਨੀਵੇਂ ਰਕਬੇ ਵਿੱਚੋਂ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਫਸਲਾਂ ਡੁੱਬੀਆਂ ਪਈਆਂ ਹਨ। ਪੀੜਤ ਕਿਸਾਨਾਂ ਨੇ ਪੰਜਾਬ ਦੇ ਜਲ ਸਰੋਤ ਵਿਭਾਗ ਨੂੰ ਉਨ੍ਹਾਂ ਦੀ ਬਰਬਾਦੀ ਲਈ ਜ਼ੁੰਮੇਵਾਰ ਠਹਿਰਾਇਆ ਹੈ ਕਿਉਂਕਿ ਉਕਤ ਵਿਭਾਗ ਨੇ ਪਾਸ ਹੋਏ ਪੌਣੇ ਕਰੋੜਾਂ ਦੇ ਪ੍ਰਾਜੈਕਟ ਉੱਤੇ ਅਜੇ ਤੱਕ ਕੰਮ ਸ਼ੁਰੂ ਨਹੀਂ ਕੀਤਾ। ਇਸੇ ਦੌਰਾਨ ਪੀੜਤ ਕਿਸਾਨਾਂ ਨੇ ਕਿਸੇ ਵੀ ਸਿਆਸੀ ਪਾਰਟੀ ਦੇ ਨੁਮਾਇੰਦੇ ਵੱਲੋਂ ਸਾਰ ਨਾ ਲਏ ਜਾਣ 'ਤੇ ਵੱਡਾ ਐਲਾਨ ਕੀਤਾ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਅਕਾਲੀ-ਭਾਜਪਾ, ਆਪ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਪਿੰਡ ਗੁਲਾੜ ਦੇ ਵਾਸੀ ਬਾਬਾ ਗੁਰਬਚਨ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਨਿਰਮਲ ਸਿੰਘ, ਬਾਜ ਸਿੰਘ, ਸੁਖਵਿੰਦਰ ਸਿੰਘ ਅਤੇ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਜ਼ਮੀਨਾਂ ਨਿਵਾਣ ਵਿੱਚ ਹਨ। ਬਰਸਾਤਾਂ ਦਾ ਸਾਰਾ ਪਾਣੀ ਉਨ੍ਹਾਂ ਦੇ ਖੇਤਾਂ ਵਿੱਚ ਇਕੱਠਾ ਹੋ ਜਾਂਦਾ ਹੈ ਤੇ ਆਸਤੇ ਆਸਤੇ ਘੱਗਰ ਦਰਿਆ ਵਿੱਚ ਚਲਾ ਜਾਂਦਾ ਹੈ। ਜ਼ਿਆਦਾ ਦੇਰ ਪਾਣੀ ਵਿੱਚ ਡੁੱਬੀਆਂ ਫ਼ਸਲਾਂ ਤਹਿਸ-ਨਹਿਸ ਹੋ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸੜਕਾਂ ਹੇਠ ਦੱਬੀਆਂ ਗਈਆਂ ਪੁਲੀਆਂ ਰਾਹੀਂ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲ ਆਉਂਦੀ ਹੈ। ਘੱਗਰ ਦਰਿਆ ਦੇ ਬੱਤੀ ਦਰੇ ਰਾਹੀਂ ਬਾਦਸ਼ਾਹਪੁਰ, ਸਧਾਰਨਪੁਰ, ਮੋਮੀਆਂ, ਸ਼ੁਤਰਾਣਾ, ਨਾਈਵਾਲਾ ਆਦਿ ਦਰਜਨਾਂ ਪਿੰਡਾਂ ਦਾ ਪਾਣੀ ਉਨ੍ਹਾਂ ਦੇ ਖੇਤਾਂ ਵਿੱਚ ਆ ਕੇ ਜਮ੍ਹਾਂ ਹੋ ਜਾਂਦਾ ਹੈ। ਉਨ੍ਹਾਂ ਪਿਛਲੇ ਸਾਲ ਭੱਜ-ਦੌੜ ਕਰਕੇ ਜਲ ਸਰੋਤ ਵਿਭਾਗ ਪੰਜਾਬ ਤੋਂ ਇੱਕ ਕਰੋੜ 75 ਲੱਖ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੀ ਪਾਈਪ ਲਾਈਨ ਦਾ ਪ੍ਰਾਜੈਕਟ ਪਾਸ ਕਰਵਾਇਆ ਸੀ, ਜਿਸ ਰਾਹੀਂ ਉਨ੍ਹਾਂ ਦੇ ਖੇਤਾਂ ਦਾ ਪਾਣੀ ਸਿੱਧਾ ਘੱਗਰ ਦਰਿਆ ਵਿੱਚ ਜਾ ਕੇ ਡਿੱਗਣਾ ਸੀ। ਉਕਤ ਵਿਭਾਗ ਵੱਲੋਂ ਅਜੇ ਤੱਕ ਉਸ ਪ੍ਰੋਜੈਕਟ ਉੱਤੇ ਕੰਮ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਮਹਿੰਗੇ ਭਾਅ ਦੀ ਲੇਬਰ ਦੇ ਕੇ ਬੜੀ ਮੁਸ਼ਕਿਲ ਨਾਲ ਲਾਇਆ ਗਿਆ ਝੋਨਾ ਉਕਤ ਵਿਭਾਗ ਦੀ ਅਣਗਹਿਲੀ ਕਾਰਨ ਡੁੱਬਿਆ ਪਿਆ ਹੈ। ਉਨ੍ਹਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਵਾਰ-ਵਾਰ ਪਹੁੰਚ ਕਰਨ ਉੱਤੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਤੇ ਨਾ ਹੀ ਕੋਈ ਰਾਜਨੀਤਕ ਆਗੂ ਅਜੇ ਤੱਕ ਉਨ੍ਹਾਂ ਕੋਲ ਪਹੁੰਚਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਜਲ ਸਰੋਤ ਵਿਭਾਗ ਵੱਲੋਂ ਪਾਸ ਕੀਤੇ ਗਏ ਪ੍ਰਾਜੈਕਟ ਨੂੰ ਮੁਕੰਮਲ ਕਰਕੇ ਉਨ੍ਹਾਂ ਨੂੰ ਬਰਬਾਦੀ ਤੋਂ ਬਚਾਇਆ ਜਾਵੇ।
ਐੱਸ ਡੀ ਐੱਮ ਸ੍ਰੀਮਤੀ ਪਾਲਿਕਾ ਅਰੋੜਾ ਨੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਉਪਰੰਤ ਕਿਹਾ ਹੈ ਕਿ ਉਕਤ ਕਿਸਾਨਾਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ ਪ੍ਰਾਜੈਕਟ ਉਲੀਕਿਆ ਗਿਆ ਹੈ, ਪਰ ਅਜੇ ਤੱਕ ਉਸ ਨੂੰ ਪ੍ਰਵਾਨਗੀ ਨਹੀਂ ਮਿਲੀ। ਪ੍ਰਵਾਨਗੀ ਮਿਲਦੇ ਸਾਰ ਪਾਈਪ ਲਾਇਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਪੀ ਡਬਲਿਊ ਡੀ ਵਿਭਾਗ ਵੱਲੋਂ ਵੱਖ-ਵੱਖ ਸੜਕਾਂ ਵਿੱਚ ਦੱਬੀਆਂ ਗਈਆਂ ਪੁਲੀਆਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੋ ਦਿਨ ਦੀ ਕਰੜੀ ਮੁਸ਼ੱਕਤ ਮਗਰੋਂ ਖੁਲ੍ਹਵਾ ਦਿੱਤਾ ਹੈ। ਇਸ ਸੰਬੰਧੀ ਪਿੰਡ ਗੁਲਾਹੜ ਦੀ ਪੰਚਾਇਤ ਅਤੇ ਕਿਸਾਨਾਂ ਵੱਲੋਂ ਕੀਤਾ ਲਿਖਤੀ ਸਮਝੌਤਾ ਉਨ੍ਹਾਂ ਕੋਲ ਪਹੁੰਚ ਚੁੱਕਿਆ ਹੈ।

219 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper