Latest News
ਕਿਸਾਨ ਸਭਾ ਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਚਲਾਈ ਜਾ ਰਹੀ ਮੁਹਿੰਮ ਦਾ ਵਧ-ਚੜ੍ਹ ਕੇ ਸਾਥ ਦੇਵੋ : ਡੀ. ਰਾਜਾ

Published on 31 Jul, 2020 11:11 AM.


ਲੁਧਿਆਣਾ. ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਕਾ. ਡੀ. ਰਾਜਾ ਨੇ ਇੱਕ ਬਿਆਨ ਰਾਹੀਂ ਦੇਸ਼ ਵਿੱਚ ਆਲ ਇੰਡੀਆ ਕਿਸਾਨ ਸਭਾ ਅਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਵੱਲੋਂ ਚਲਾਈ ਜਾ ਰਹੀ ਤਿੰਨ ਪੜਾਵੀ ਦੇਸ਼-ਵਿਆਪੀ ਮੁਹਿੰਮ ਦਾ ਪੂਰਾ ਸਮਰਥਨ ਕੀਤਾ ਹੈ । ਪਹਿਲੇ ਪੜਾਅ 'ਤੇ 10 ਜੁਲਾਈ ਤੋਂ ਚਲਾਈ ਜਾ ਰਹੀ ਜਾਗ੍ਰਤੀ ਪ੍ਰਚਾਰ ਮੁਹਿੰਮ, ਦੂਜੇ ਪੜਾਅ 'ਤੇ 9 ਤੋਂ 14 ਅਗਸਤ ਤੱਕ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐੱਸ.ਡੀ.ਐੱਮਜ਼ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ-ਪੱਤਰ ਸੌਂਪਣੇ ਅਤੇ ਤੀਜੇ ਪੜਾਅ 'ਤੇ 1 ਤੋਂ 5 ਸਤੰਬਰ ਤੱਕ ਜ਼ਿਲ੍ਹਾ, ਤਹਿਸੀਲ ਅਤੇ ਬਲਾਕ ਪੱਧਰ 'ਤੇ 24-24 ਘੰਟਿਆਂ ਦੀ ਲਗਾਤਾਰ ਭੁੱਖ ਹੜਤਾਲ ਦਾ ਪ੍ਰੋਗਰਾਮ ਹੈ। ਉਹਨਾਂ ਪਾਰਟੀ ਦੀਆਂ ਇਕਾਈਆਂ ਅਤੇ ਦੇਸ਼ ਦੇ ਲੋਕਾਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਚਲਾਈ ਜਾ ਰਹੀ ਮੁਹਿੰਮ ਵਿੱਚ ਵਧ-ਚੜ੍ਹ ਕੇ ਸਾਥ ਦੇਣ।
ਇਸ ਮੁਹਿੰਮ ਦੌਰਾਨ ਪੇਂਡੂ ਖੇਤਰ ਦੀਆਂ ਇਹ ਜੱਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਖੇਤੀ-ਵਿਰੋਧੀ ਅਤੇ ਲੋਕ-ਵਿਰੋਧੀ ਨਿੰਦਣਯੋਗ ਤਿੰਨੇ ਆਰਡੀਨੈਂਸ ਵਾਪਸ ਲਏ ਜਾਣ। ਕੋਰੋਨਾ ਮਹਾਂਮਾਰੀ ਅਤੇ ਲਾਕਡਾਊਨ ਦੌਰਾਨ ਲੋਕਾਂ ਦੀਆਂ ਬੇਕਾਰੀ ਕਾਰਨ ਵਧੀਆਂ ਮੁਸ਼ਕਲਾਂ ਦੇ ਹੱਲ ਲਈ ਘੱਟੋ-ਘੱਟ 7500 ਰੁਪਏ ਦੀ ਰਾਸ਼ੀ ਇਹਨਾਂ ਦੇ ਖਾਤਿਆਂ ਵਿੱਚ ਪਾਈ ਜਾਵੇ ਅਤੇ ਹਰ ਪਰਵਾਰ ਨੂੰ 10 ਕਿਲੋ ਅਨਾਜ 6 ਮਹੀਨਿਆਂ ਲਈ ਮੁਫਤ ਦਿੱਤਾ ਜਾਵੇ। ਮਨਰੇਗਾ ਅਧੀਨ 200 ਦਿਨ ਕੰਮ ਅਤੇ 600 ਰੁਪਏ ਦਿਹਾੜੀ ਦਿੱਤੀ ਜਾਵੇ। ਇਹਨਾਂ ਲਈ ਬਦਲਵੇਂ ਕੰਮ ਦਾ ਪ੍ਰਬੰਧ ਅਤੇ ਕੰਮ ਨਾ ਦੇਣ ਦੀ ਸੂਰਤ ਵਿੱਚ ਬੇਕਾਰੀ ਭੱਤਾ ਦਿੱਤਾ ਜਾਵੇ। ਡੀਜ਼ਲ ਅਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਤੁਰੰਤ ਵਾਪਸ ਲਈਆਂ ਜਾਣ। ਸਰਵ-ਵਿਆਪੀ ਅੰਨ-ਸੁਰੱਖਿਆ ਕਾਨੂੰਨ ਅਤੇ ਜਨਤਕ ਵੰਡ-ਪ੍ਰਣਾਲੀ ਲਾਗੂ ਕੀਤੀ ਜਾਵੇ। ਸਾਰੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਦਸਤਕਾਰਾਂ ਦੀ ਰਜਿਸਟਰੇਸ਼ਨ ਹੋਵੇ ਅਤੇ ਇਹਨਾਂ ਦੇ ਬੁਢਾਪੇ ਸਮੇਂ ਘੱਟੋ-ਘੱਟ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਗਾਰੰਟੀ ਕੀਤੀ ਜਾਵੇ। ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਕੀਤਾ ਜਾਵੇ। ਫਾਰਮਰ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ, ਦੇਸ਼ ਵਿੱਚ ਐੱਮ.ਐੱਸ.ਪੀ. (ਘੱਟੋ-ਘੱਟ ਸਮਰਥਨ ਮੁੱਲ) ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ ਅਤੇ ਇਸ ਤੋਂ ਘੱਟ ਰੇਟ 'ਤੇ ਫਸਲ ਖਰੀਦਣ ਵਾਲਿਆਂ 'ਤੇ ਸਖਤੀ ਨਾਲ ਰੋਕ ਲਗਾਈ ਜਾਵੇ। ਕੇਰਲਾ ਦੀ ਤਰਜ਼ 'ਤੇ ਸਰਵ-ਵਿਆਪੀ ਸਿਹਤ ਸੁਰੱਖਿਆ ਪ੍ਰਣਾਲੀ ਲਾਗੂ ਕੀਤੀ ਜਾਵੇ। 14 ਸਾਲ ਤੱਕ ਦੇ ਬੱਚਿਆਂ ਨੂੰ ਹਾਇਰ-ਸੈਕੰਡਰੀ ਤੱਕ ਵਿੱਦਿਆ ਲਾਜ਼ਮੀ ਅਤੇ ਮੁਫਤ ਦਿੱਤੀ ਜਾਵੇ। ਬੇਘਰੇ ਲੋਕਾਂ ਨੂੰ ਪਲਾਟ ਦੇ ਕੇ ਮਕਾਨ ਉਸਾਰੀ ਲਈ 3-3 ਲੱਖ ਰੁਪਏ ਗ੍ਰਾਂਟ ਦਿੱਤੀ ਜਾਵੇ।
ਉਹਨਾਂ ਕਿਹਾ ਕਿ ਦੇਸ਼ ਵਿੱਚ ਗੰਭੀਰ ਖੇਤੀ ਸੰਕਟ ਹੈ। ਪੇਂਡੂ ਖੇਤਰ ਦੇ ਕਾਮਿਆਂ ਦੇ ਦੁਖੜੇ ਲਗਾਤਾਰ ਵਧ ਰਹੇ ਹਨ। ਇੱਥੋਂ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਸਿਰ ਕਰਜ਼ੇ ਦਾ ਬੋਝ ਵਧ ਰਿਹਾ ਹੈ। ਇਸੇ ਕਰਕੇ ਆਰਥਿਕ ਤੰਗੀਆਂ ਕਾਰਨ ਇਹਨਾਂ ਲੋਕਾਂ ਵਿੱਚ ਆਤਮ-ਹੱਤਿਆਵਾਂ ਵੀ ਵਧ ਰਹੀਆਂ ਹਨ। ਬਹੁਤ ਸਾਰੀਆਂ ਥਾਵਾਂ 'ਤੇ ਇਹਨਾਂ ਦੀਆਂ ਜਿਣਸਾਂ ਦਾ ਘੱਟੋ-ਘੱਟ ਸਮਰਥਨ ਮੁੱਲ ਵੀ ਨਹੀਂ ਮਿਲਦਾ। ਇਹਨਾਂ ਦੇ ਨਾਲ ਹੀ ਖੇਤ ਮਜ਼ਦੂਰਾਂ ਦੀ ਹਾਲਤ ਵਧੇਰੇ ਤਰਸਯੋਗ ਬਣੀ ਹੋਈ ਹੈ। ਇਹਨਾਂ ਨੂੰ ਅੱਜ ਤੱਕ ਕੋਈ ਕਾਨੂੰਨੀ ਸੁਰੱਖਿਆ ਨਹੀਂ ਅਤੇ ਪੱਕੇ ਤੌਰ 'ਤੇ ਚੱਲ ਰਹੀਆਂ ਸਕੀਮਾਂ ਦਾ ਲਾਭ ਵੀ ਇਹਨਾਂ ਨੂੰ ਕਈ ਥਾਵਾਂ 'ਤੇ ਨਹੀਂ ਮਿਲ ਰਿਹਾ ਹੈ। ਇਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ ਅਤੇ ਖੇਤ ਮਜ਼ਦੂਰ ਔਰਤਾਂ ਦੀਆਂ ਤਕਲੀਫਾਂ ਦੀ ਦਾਸਤਾਨ ਤਾਂ ਹੋਰ ਵੀ ਵਧੇਰੇ ਦੁਖਦਾਈ ਹੈ। ਅਜਿਹੇ ਮੌਕੇ ਇਹਨਾਂ ਜੱਥੇਬੰਦੀਆਂ ਵੱਲੋਂ ਚਲਾਈ ਜਾ ਰਹੀ ਮੁਹਿੰਮ ਵਧੇਰੇ ਮਹੱਤਤਾ ਰੱਖਦੀ ਹੈ ਅਤੇ ਇਸ ਨੂੰ ਕਾਮਯਾਬ ਕਰਨਾ ਅਤਿ ਜ਼ਰੂਰੀ ਹੈ।

34 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper