Latest News
ਸੁਪਰੀਮ ਕੋਰਟ ਸੜਦੀ ਦਿੱਲੀ ਨੂੰ ਚੁੱਪਚਾਪ ਦੇਖਦੀ ਰਹੀ : ਪ੍ਰਸ਼ਾਂਤ ਭੂਸ਼ਣ

Published on 03 Aug, 2020 09:53 AM.


ਦਿੱਲੀ : ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਸੁਪਰੀਮ ਕੋਰਟ ਤੇ ਦੇਸ਼ ਦੇ ਚੀਫ ਜਸਟਿਸ ਐੱਸ ਏ ਬੋਬੜੇ ਖਿਲਾਫ ਦੋ ਟਵੀਟਾਂ 'ਤੇ ਉਨ੍ਹਾ ਵਿਰੁੱਧ ਸ਼ੁਰੂ ਕੀਤੀ ਗਈ ਹੱਤਕ ਅਦਾਲਤ ਦੀ ਕਾਰਵਾਈ ਦੇ ਜਵਾਬ ਵਿਚ ਦਿੱਤੇ ਹਲਫਨਾਮੇ ਵਿਚ ਮੁਆਫੀ ਮੰਗਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉੱਤਰ-ਪੱਛਮੀ ਦਿੱਲੀ ਵਿਚ ਫਿਰਕੂ ਹਿੰਸਾ ਨੂੰ ਸੁਪਰੀਮ ਕੋਰਟ ਚੁੱਪਚਾਪ ਦੇਖਦੀ ਰਹੀ। ਭੂਸ਼ਣ ਨੇ ਕਿਹਾ ਹੈ ਕਿ ਉਨ੍ਹਾ ਦੇ ਟਵੀਟ ਪ੍ਰਗਟਾਵੇ ਦੀ ਆਜ਼ਾਦੀ ਤਹਿਤ ਆਉਂਦੇ ਹਨ। ਉਨ੍ਹਾ ਆਪਣੇ ਸਟੈਂਡ ਦੇ ਹੱਕ 'ਚ ਹਲਫਨਾਮੇ ਵਿਚ ਸੁਪਰੀਮ ਕੋਰਟ ਦੇ ਦੋ ਜੱਜਾਂ ਦੀਆਂ ਅਸਹਿਮਤੀ ਬਾਰੇ ਤਕਰੀਰਾਂ ਦਾ ਵੀ ਹਵਾਲਾ ਦਿੱਤਾ ਹੈ। ਇਕ ਤਕਰੀਰ ਜਸਟਿਸ ਡੀ ਵਾਈ ਚੰਦਰਚੂੜ ਨੇ 15 ਫਰਵਰੀ ਤੇ ਦੂਜੀ 6 ਮਈ ਨੂੰ ਰਿਟਾਇਰ ਹੋਏ ਜਸਟਿਸ ਦੀਪਕ ਗੁਪਤਾ ਨੇ 24 ਫਰਵਰੀ ਨੂੰ ਕੀਤੀ ਸੀ। ਜਸਟਿਸ ਚੰਦਰਚੂੜ ਨੇ ਗੁਜਰਾਤ ਹਾਈ ਕੋਰਟ ਵਿਚ 15ਵਾਂ ਪੀ ਡੀ ਦੇਸਾਈ ਮੈਮੋਰੀਅਲ ਲੈਕਚਰ ਦਿੰਦਿਆਂ ਅਸਹਿਮਤੀ ਨੂੰ ਕੌਮ ਵਿਰੋਧੀ ਕਰਾਰ ਦੇਣ ਦੇ ਢੰਗ 'ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਸੀ। ਇਸ ਤੋਂ ਇਕ ਹਫਤੇ ਬਾਅਦ ਦਿੱਲੀ ਵਿਚ ਦੰਗੇ ਸ਼ੁਰੂ ਹੋ ਗਏ। ਭੀੜਾਂ ਵੱਲੋਂ ਮਸਜਿਦਾਂ ਤੋੜਨ ਤੇ ਸਾੜਨ ਦੀਆਂ ਰੋਜ਼ਾਨਾ ਵੀਡੀਓ ਚੱਲੀਆਂ। ਪੁਲਸ ਨੇ ਪਬਲਿਕ ਸੀ ਸੀ ਟੀ ਵੀ ਤਬਾਹ ਕੀਤੇ ਅਤੇ ਪੱਥਰਬਾਜ਼ੀ ਕਰਨ ਵਿਚ ਸਰਗਰਮ ਹਿੱਸਾ ਲਿਆ। ਕੌਮੀ ਰਾਜਧਾਨੀ ਸੜ ਰਹੀ ਸੀ, ਪਰ ਸੁਪਰੀਮ ਕੋਰਟ ਚੁੱਪਚਾਪ ਦੇਖਦੀ ਰਹੀ। ਭੂਸ਼ਣ ਨੇ ਦੋ ਟਵੀਟ ਕੀਤੇ ਸਨ। 27 ਜੂਨ ਨੂੰ ਸੁਪਰੀਮ ਕੋਰਟ ਦੇ ਖਿਲਾਫ ਤੇ ਦੋ ਦਿਨ ਬਾਅਦ ਚੀਫ ਜਸਟਿਸ ਐੱਸ ਏ ਬੋਬੜੇ ਖਿਲਾਫ। ਸੁਪਰੀਮ ਕੋਰਟ ਨੇ 22 ਜੁਲਾਈ ਨੂੰ ਦੋਹਾਂ ਟਵੀਟਾਂ 'ਤੇ ਉਨ੍ਹਾ ਨੂੰ ਹੱਤਕ ਅਦਾਲਤ ਦਾ ਨੋਟਿਸ ਜਾਰੀ ਕਰ ਦਿੱਤਾ। ਭੂਸ਼ਣ ਨੇ 29 ਜੂਨ ਦੇ ਟਵੀਟ ਵਿਚ ਚੀਫ ਜਸਟਿਸ ਬੋਬੜੇ ਦੀ ਭਾਜਪਾ ਆਗੂ ਸੋਨਬਾ ਮੁਸਲੇ ਦੇ ਬੇਟੇ ਦੇ ਹਾਰਲੇ ਡੈਵਿਡਸਨ 'ਤੇ ਬੈਠਿਆਂ ਦੀ ਫੋਟੋ ਵੀ ਪੋਸਟ ਕੀਤੀ ਸੀ। ਭੂਸ਼ਣ ਨੇ ਲਿਖਿਆ ਸੀ ਚੀਫ ਜਸਟਿਸ ਬਿਨਾਂ ਹੈਲਮਟ ਤੇ ਮਾਸਕ ਦੇ ਮੋਟਰਸਾਈਕਲ ਚਲਾ ਰਹੇ ਹਨ, ਜਦਕਿ ਕੋਰੋਨਾ ਮਹਾਂਮਾਰੀ ਕਾਰਨ ਸੁਪਰੀਮ ਕੋਰਟ ਬੰਦ ਕੀਤੀ ਹੋਈ ਹੈ ਤੇ ਲੱਖਾਂ ਲੋਕ ਇਨਸਾਫ ਉਡੀਕ ਰਹੇ ਹਨ। ਭੂਸ਼ਣ ਇਸ ਤੱਥ ਦਾ ਜ਼ਿਕਰ ਕਰ ਰਹੇ ਸਨ ਕਿ ਲਾਕਡਾਊਨ ਕਾਰਨ ਸੁਪਰੀਮ ਕੋਰਟ 24 ਮਾਰਚ ਤੋਂ ਸਿਰਫ ਵੀਡੀਓ ਕਾਨਫਰੰਸ ਰਾਹੀਂ ਕੁਝ ਕੁ ਕੇਸ ਹੀ ਸੁਣ ਰਹੀ ਹੈ। ਭੂਸ਼ਣ ਨੇ ਆਪਣੇ ਹਲਫਨਾਮੇ ਵਿਚ ਚੀਫ ਜਸਟਿਸ ਦੇ ਹੈਲਮਟ ਨਾ ਪਹਿਨਣ ਦੀ ਗੱਲ 'ਤੇ ਇਹ ਕਹਿੰਦਿਆਂ ਮੁਆਫੀ ਮੰਗ ਲਈ ਹੈ ਕਿ ਉਨ੍ਹਾ ਤੋਂ ਇਹ ਦੇਖਣ ਵਿਚ ਗਲਤੀ ਹੋਈ ਕਿ ਚੀਫ ਜਸਟਿਸ ਚਲਾ ਨਹੀਂ ਰਹੇ ਸਨ, ਸਗੋਂ ਖੜ੍ਹੇ ਮੋਟਰਸਾਈਕਲ 'ਤੇ ਬੈਠੇ ਸਨ। ਉਨ੍ਹਾ ਕਿਹਾ, 'ਹੈਲਮਟ ਵਾਲੀ ਗੱਲ ਦੀ ਮੈਂ ਮੁਆਫੀ ਮੰਗਦਾ ਹਾਂ, ਪਰ ਟਵੀਟ ਦੇ ਬਾਕੀ ਹਿੱਸੇ 'ਤੇ ਸਟੈਂਡ ਕਰਦਾ ਹਾਂ।' 27 ਜੂਨ ਵਾਲੇ ਟਵੀਟ ਵਿਚ ਭੂਸ਼ਣ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਦੇ ਰੋਲ ਅਤੇ ਜਮਹੂਰੀਅਤ ਨੂੰ ਤਬਾਹ ਕਰਨ ਵਿਚ ਚਾਰ ਸਾਬਕਾ ਚੀਫ ਜਸਟਿਸਾਂ ਦੇ ਰੋਲ ਨੂੰ ਭਵਿੱਖ ਦੇ ਇਤਿਹਾਸਕਾਰ ਨੋਟ ਕਰਨਗੇ। ਭੂਸ਼ਣ ਨੇ ਹਲਫਨਾਮੇ ਵਿਚ ਕਿਹਾ ਹੈ ਕਿ ਇਹ ਟਵੀਟ ਉਸ ਨੇ ਪਿਛਲੇ 10 ਸਾਲਾਂ ਵਿਚ ਸੁਪਰੀਮ ਕੋਰਟ ਦੇ ਕੰਮ ਕਰਨ ਦੇ ਢੰਗ ਅਤੇ ਖਾਸਕਰ ਪਿਛਲੇ ਚਾਰ ਸਾਬਕਾ ਚੀਫ ਜਸਟਿਸਾਂ ਦੇ ਰੋਲ ਨੂੰ ਦੇਖਦਿਆਂ ਕੀਤਾ ਸੀ, ਜਿਸ ਦੇ ਨਤੀਜੇ ਵਜੋਂ ਸੁਪਰੀਮ ਕੋਰਟ ਕਾਰਜ ਪਾਲਿਕਾ ਦੀ ਧੱਕੇਸ਼ਾਹੀ ਰੋਕਣ ਵਿਚ ਨਾਕਾਮ ਰਹੀ। ਭੂਸ਼ਣ ਨੇ ਦਲੀਲ ਦਿੱਤੀ ਹੈ, 'ਅਜਿਹੀ ਰਾਇ ਦਾ ਪ੍ਰਗਟਾਵਾ, ਭਾਵੇਂ ਉਸ ਨਾਲ ਕੋਈ ਸਹਿਮਤ ਨਾ ਹੋਵੇ ਜਾਂ ਪਚਾ ਨਾ ਸਕੇ, ਹੱਤਕ ਅਦਾਲਤ ਨਹੀਂ ਬਣਦਾ। ਸੁਪਰੀਮ ਕੋਰਟ ਅਤੇ ਬ੍ਰਿਟੇਨ, ਅਮਰੀਕਾ ਤੇ ਕੈਨੇਡਾ ਵਰਗੀਆਂ ਅਦਾਲਤਾਂ ਦੇ ਕਈ ਫੈਸਲਿਆਂ ਵਿਚ ਇਸ ਦੀ ਤਸਦੀਕ ਕੀਤੀ ਗਈ ਹੈ।' ਭੂਸ਼ਣ ਨੇ ਹਲਫਨਾਮੇ ਵਿਚ ਕਿਹਾ ਕਿ ਸੁਪਰੀਮ ਕੋਰਟ ਦੀਆਂ ਨਜ਼ਰਾਂ ਹੇਠ ਅਸਹਿਮਤੀ ਦਾ ਗਲਾ ਘੁੱਟਣ ਦੀ ਨਾ ਕੇਵਲ ਇਸ ਦੇ ਸਾਬਕਾ ਜੱਜਾਂ ਨੇ ਨੁਕਤਾਚੀਨੀ ਕੀਤੀ, ਸਗੋਂ ਚਾਰ ਚੀਫ ਜਸਟਿਸਾਂ ਦੇ ਦੌਰ ਵਿਚ ਸਿਟਿੰਗ ਜੱਜਾਂ ਨੇ ਵੀ ਕੀਤੀ। ਇਸ ਦੇ ਹੱਕ ਵਿਚ ਉਨ੍ਹਾ ਜਸਟਿਸ ਚੰਦਰਚੂੜ ਤੇ ਜਸਟਿਸ ਗੁਪਤਾ ਦੀਆਂ ਤਕਰੀਰਾਂ ਦਾ ਹਵਾਲਾ ਦਿੱਤਾ ਹੈ। ਸੁਪਰੀਮ ਕੋਰਟ ਵੱਲੋਂ ਜਮਹੂਰੀਅਤ ਨੂੰ ਢਾਹ ਲਾਉਣ ਦੀ ਆਪਣੀ ਧਾਰਨਾ ਦੇ ਹੱਕ ਵਿਚ ਭੂਸ਼ਣ ਨੇ ਸੁਪਰੀਮ ਕੋਰਟ ਦੇ ਵੇਲੇ ਦੇ ਚਾਰ ਜੱਜਾਂ ਜਸਟਿਸ ਜਸਤੀ ਚੇਲਮੇਸ਼ਵਰ, ਰੰਜਨ ਗੋਗੋਈ, ਮਦਨ ਲੋਕੁਰ ਤੇ ਕੁਰੀਅਨ ਜੋਸਿਫ ਵੱਲੋਂ ਜਨਵਰੀ 2018 ਵਿਚ ਕੀਤੀ ਗਈ ਪ੍ਰੈੱਸ ਕਾਨਫਰੰਸ ਦਾ ਜ਼ਿਕਰ ਕੀਤਾ ਹੈ, ਜਿਸ ਵਿਚ ਜੱਜਾਂ ਨੇ ਚੀਫ ਜਸਟਿਸ ਵੱਲੋਂ ਕੇਸਾਂ ਨੂੰ ਚੋਣਵੀਆਂ ਬੈਂਚਾਂ ਹਵਾਲੇ ਕਰਨ ਦਾ ਵਿਰੋਧ ਕੀਤਾ ਸੀ। ਭੂਸ਼ਣ ਨੇ ਅੱਗੇ ਕਿਹਾ ਹੈ ਕਿ ਵੇਲੇ ਦੇ ਚਾਰ ਸਿਟਿੰਗ ਜੱਜਾਂ ਦੇ ਸ਼ੰਕੇ ਏਨੇ ਗੰਭੀਰ ਸਨ ਕਿ ਉਹ ਅਦਾਲਤੀ ਜ਼ਾਬਤੇ ਤੋਂ ਬਾਹਰ ਜਾ ਕੇ ਪ੍ਰੈੱਸ ਕਾਨਫਰੰਸ ਕਰਨ ਲਈ ਮਜਬੂਰ ਹੋਏ ਤੇ ਉਨ੍ਹਾਂ ਆਜ਼ਾਦ ਨਿਆਂ ਪਾਲਿਕਾ ਨੂੰ ਖਤਰੇ ਨਾਲ ਜਮਹੂਰੀਅਤ ਨੂੰ ਦਰਪੇਸ਼ ਖਤਰੇ ਬਾਰੇ ਨਾਗਰਿਕਾਂ ਨੂੰ ਖਬਰਦਾਰ ਕੀਤਾ।

245 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper