Latest News
ਭਗਵਾਨ ਰਾਮ ਭਾਜਪਾ ਦੀ ਜਗੀਰ ਨਹੀਂ : ਉਮਾ

Published on 03 Aug, 2020 11:10 AM.

ਨਵੀਂ ਦਿੱਲੀ : ਪੰਜ ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਲਈ ਕੀਤੇ ਜਾ ਰਹੇ ਭੂਮੀ ਪੂਜਨ ਤੋਂ ਪਹਿਲਾਂ ਸੀਨੀਅਰ ਭਾਜਪਾ ਆਗੂ ਉਮਾ ਭਾਰਤੀ ਨੇ ਸੋਮਵਾਰ ਕਿਹਾ ਕਿ ਭਗਵਾਨ ਰਾਮ ਕਿਸੇ ਦੀ ਜਗੀਰ ਨਹੀਂ, ਉਹ ਸਭ ਦੇ ਹਨ। ਭਗਵਾਨ 'ਤੇ ਹਰ ਇਨਸਾਨ ਨੂੰ ਆਸਥਾ ਹੈ। ਲੋਕ ਭਾਵੇਂ ਕਿਸੇ ਪਾਰਟੀ ਦੇ ਹੋਣ, ਕਿਸੇ ਧਰਮ ਦੇ ਹੋਣ, ਭਾਰਤ ਦੇ ਹੋਣ ਜਾਂ ਵਿਦੇਸ਼ ਦੇ ਹੋਣ, ਜੇ ਉਹ ਭਗਵਾਨ ਰਾਮ 'ਤੇ ਆਸਥਾ ਰੱਖਦੇ ਹਨ ਤਾਂ ਉਹ ਰਾਇ ਦੇਣ ਦਾ ਵੀ ਅਧਿਕਾਰ ਰੱਖਦੇ ਹਨ। ਜੇ ਕੋਈ ਉਨ੍ਹਾਂ ਤੋਂ ਇਹ ਅਧਿਕਾਰ ਖੋਂਹਦਾ ਹੈ ਤਾਂ ਇਹ ਹੰਕਾਰ ਕਹਾਏਗਾ। ਉਨ੍ਹਾ ਇਹ ਵੀ ਕਿਹਾ ਕਿ ਮੰਦਰ ਜਾਂ ਰਾਮ ਦੇ ਨਾਂਅ 'ਤੇ ਭਾਜਪਾ ਦਾ ਪੇਟੈਂਟ ਨਹੀਂ ਹੈ। ਹੋ ਵੀ ਨਹੀਂ ਸਕਦਾ। ਮੰਦਰ ਸਭ ਦਾ ਹੈ, ਚਾਹੇ ਉਹ ਭਾਜਪਾ ਦੇ ਹੋਣ ਜਾਂ ਨਹੀਂ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਯੂ ਪੀ ਦੇ ਦੋ ਆਗੂਆਂ ਨੂੰ ਕੋਰੋਨਾ ਵਾਇਰਸ ਚਿੰਬੜਨ ਦੇ ਮੱਦੇਨਜ਼ਰ ਉਮਾ ਭਾਰਤੀ ਨੇ ਭੂਮੀ ਪੂਜਨ ਸਮਾਗਮ ਵਿਚ ਨਾ ਜਾਣ ਦਾ ਫੈਸਲਾ ਕੀਤਾ ਹੈ। ਉਹ ਸਰਯੂ ਨਦੀ ਦੇ ਤੱਟ 'ਤੇ ਰਹਿਣਗੇ ਅਤੇ ਸਮਾਗਮ ਖਤਮ ਹੋਣ ਦੇ ਬਾਅਦ ਰਾਮਲੱਲਾ ਦੇ ਦਰਸ਼ਨ ਕਰਨ ਜਾਣਗੇ। ਉਨ੍ਹਾ ਮੰਦਰ ਦੇ ਅਧਿਕਾਰੀਆਂ ਨੂੰ ਕਹਿ ਦਿੱਤਾ ਹੈ ਕਿ ਉਹ ਸੱਦੇ ਜਾਣ ਵਾਲਿਆਂ ਦੀ ਲਿਸਟ ਵਿਚੋਂ ਉਨ੍ਹਾ ਦਾ ਨਾਂਅ ਹਟਾ ਦੇਣ। ਉਨ੍ਹਾ ਕਿਹਾ ਕਿ ਉਹ ਪ੍ਰਧਾਨ ਮੰਤਰੀ ਬਾਰੇ ਵੀ ਚਿੰਤਤ ਹਨ, ਜਿਨ੍ਹਾ ਸਮਾਗਮ ਵਿਚ ਆਉਣਾ ਹੈ।
ਭੂਮੀ ਪੂਜਨ ਸਮਾਗਮ ਵਿਚ ਸੀਨੀਅਰ ਭਾਜਪਾ ਆਗੂਆਂ ਐੱਲ ਕੇ ਅਡਵਾਨੀ ਤੇ ਯੂ ਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ, ਜਿਹੜੇ ਰਾਮ ਮੰਦਰ ਅੰਦੋਲਨ ਦੇ ਮੋਹਰੀ ਰਹੇ ਹਨ, ਨੂੰ ਸੱਦਿਆ ਨਹੀਂ ਗਿਆ। ਸ੍ਰੀ ਰਾਮ ਜਨਮ ਭੂਮੀ ਤੀਰਥ ਸ਼ੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਇ ਨੇ ਕਿਹਾ ਕਿ ਸਮਾਗਮ ਵਿਚ ਭਾਰਤ ਤੋਂ ਲੈ ਕੇ ਨੇਪਾਲ ਤੱਕ ਦੇ ਸੰਤਾਂ ਨੂੰ ਸੱਦਿਆ ਗਿਆ ਹੈ। ਭਾਰਤ ਦੇ ਭੂਗੋਲ ਦਾ ਹਰ ਹਿੱਸਾ ਇਥੇ ਰਹੇਗਾ।
ਸੰਤ-ਮਹਾਤਮਾ ਮਿਲਾ ਕੇ ਕਰੀਬ 175 ਲੋਕ ਸ਼ਾਮਲ ਹੋਣਗੇ। ਫੈਜ਼ਾਬਾਦ ਦੇ ਪਦਮਸ੍ਰੀ ਮੁਹੰਮਦ ਯੂਨਸ ਨੂੰ ਵੀ ਸੱਦਿਆ ਗਿਆ ਹੈ। ਉਹ ਹਰ ਧਰਮ ਦੇ ਲੋਕਾਂ ਦੀਆਂ ਲਾਸ਼ਾਂ ਦਾ ਅੰਤਮ ਸੰਸਕਾਰ ਕਰਦੇ ਹਨ। ਉਨ੍ਹਾ ਕਿਹਾ ਕਿ ਜਿਨ੍ਹਾਂ ਨੂੰ ਨਹੀਂ ਸੱਦਿਆ ਜਾ ਸਕਿਆ, ਉਨ੍ਹਾਂ ਤੋਂ ਫੋਨ 'ਤੇ ਮੁਆਫੀ ਮੰਗ ਲਈ ਗਈ ਹੈ। ਉਮਰ ਦਾ ਵੀ ਖਿਆਲ ਰੱਖਿਆ ਹੈ। 90 ਸਾਲ ਦੇ ਵਿਅਕਤੀ ਕਿਵੇਂ ਆਉਣਗੇ? ਅਡਵਾਨੀ ਜੀ ਕਿਵੇਂ ਆ ਸਕਣਗੇ। ਉਨ੍ਹਾ ਕਲਿਆਣ ਸਿੰਘ ਨੂੰ ਕਿਹਾ ਕਿ ਤੁਹਾਡੀ ਉਮਰ ਜ਼ਿਆਦਾ ਹੈ, ਤੁਸੀਂ ਭੀੜ ਵਿਚ ਨਾ ਆਓ, ਉਹ ਮੰਨ ਗਏ। ਅਡਵਾਨੀ ਨੇ ਰਾਮ ਮੰਦਰ ਲਈ ਸੋਮਨਾਥ ਤੋਂ ਅਯੁੱਧਿਆ ਵੱਲ ਰਥ ਯਾਤਰਾ ਸ਼ੁਰੂ ਕੀਤੀ ਸੀ। ਬਿਹਾਰ ਦੇ ਵੇਲੇ ਦੇ ਮੁੱਖ ਮੰਤਰੀ ਲਾਲੂ ਪ੍ਰਸਾਦ ਨੇ ਸਮੱਸਤੀਪੁਰ ਵਿਚ ਉਨ੍ਹਾ ਨੂੰ ਗ੍ਰਿਫਤਾਰ ਕਰਾ ਦਿੱਤਾ ਸੀ। 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹੁਣ ਵਾਲੇ ਦਿਨ ਕਲਿਆਣ ਸਿੰਘ ਯੂ ਪੀ ਦੇ ਮੁੱਖ ਮੰਤਰੀ ਸਨ।

221 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper