Latest News
ਚੀਨੀ ਘੁਸਪੈਠ ਮੰਨ ਕੇ ਮੁੱਕਰੀ ਸਰਕਾਰ

Published on 06 Aug, 2020 10:57 AM.


ਨਵੀਂ ਦਿੱਲੀ : ਰੱਖਿਆ ਮੰਤਰਾਲੇ ਨੇ ਆਪਣੀ ਵੈਬਸਾਈਟ 'ਤੇ ਇਕ ਦਸਤਾਵੇਜ਼ ਅਪਲੋਡ ਕੀਤਾ ਸੀ, ਜਿਸ ਮੁਤਾਬਕ ਲੱਦਾਖ ਦੇ ਕਈ ਇਲਾਕਿਆਂ ਵਿਚ ਚੀਨੀ ਫੌਜ ਦੀ ਘੁਸਪੈਠ ਦੀਆਂ ਘਟਨਾਵਾਂ ਵਧੀਆਂ ਹਨ ਪਰ ਬਾਅਦ ਵਿਚ ਇਸ ਦਸਤਾਵੇਜ਼ ਨੂੰ ਹਟਾ ਲਿਆ ਗਿਆ। ਇਸਨੂੰ ਲੈ ਕੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦਿਆਂ ਕਿਹਾ, ''ਚੀਨ ਅੱਗੇ ਖੜ੍ਹੇ ਹੋਣ ਦੀ ਗੱਲ ਤਾਂ ਭੁੱਲ ਜਾਓ, ਭਾਰਤ ਦੇ ਪ੍ਰਧਾਨ ਮੰਤਰੀ ਕੋਲ ਉਸਦਾ ਨਾਂ ਲੈਣ ਤਕ ਦਾ ਸਾਹਸ ਨਹੀਂ ਹੈ। ਚੀਨ ਦੇ ਸਾਡੇ ਇਲਾਕੇ ਵਿਚ ਹੋਣ ਦੀ ਗੱਲ ਤੋਂ ਇਨਕਾਰ ਕਰਨ ਅਤੇ ਵੈਬਸਾਈਟ ਤੋਂ ਦਸਤਾਵੇਜ਼ ਹਟਾਉਣ ਨਾਲ ਤੱਥ ਨਹੀਂ ਬਦਲਣਗੇ।''
ਰੱਖਿਆ ਮੰਤਰਾਲੇ ਨੇ ਆਪਣੀ ਵੈਬਸਾਈਟ 'ਤੇ 'ਐਲ ਏ ਸੀ ਉਤੇ ਚੀਨੀ ਘੁਸਪੈਠ' ਉਨਵਾਨ ਵਾਲੇ ਇਕ ਦਸਤਾਵੇਜ਼ ਵਿਚ ਕਿਹਾ ਸੀ, ''ਪੰਜ ਮਈ ਤੋਂ ਚੀਨ ਲਗਾਤਾਰ ਐਲ ਏ ਸੀ (ਲਾਈਨ ਆਫ ਐਕਚੁਅਲ ਕੰਟਰੋਲ) ਉਤੇ ਘੁਸਪੈਠ ਵਧਾਉਂਦਾ ਜਾ ਰਿਹਾ ਹੈ। ਖਾਸ ਤੌਰ 'ਤੇ ਗਲਵਾਨ ਵਾਦੀ ਵਿਚ। ਚੀਨ ਨੇ 17 ਤੇ 18 ਮਈ ਦੇ ਵਿਚਾਲੇ ਲੱਦਾਖ ਵਿਚ ਕੁੰਗਰਾਂਗ ਨਾਲਾ, ਗੋਗਰਾ ਤੇ ਪੈਂਗੋਂਗ ਤਸੋ ਝੀਲ ਦੇ ਉੱਤਰੀ ਕੰਢੇ ਉਤ ਕਬਜ਼ਾ ਕੀਤਾ।'' ਦਸਤਾਵੇਜ਼ ਵਿਚ ਕਿਹਾ ਗਿਆ ਕਿ 5 ਮਈ ਦੇ ਬਾਅਦ ਤੋਂ ਚੀਨ ਦਾ ਇਹ ਹਮਲਾਵਰ ਰੂਪ ਅਸਲ ਕੰਟਰੋਲ ਲਾਈਨ 'ਤੇ ਨਜ਼ਰ ਆ ਰਿਹਾ ਹੈ। ਪੰਜ ਤੇ ਛੇ ਮਈ ਨੂੰ ਹੀ ਪੈਂਗੋਂਗ ਤਸੋ ਵਿਚ ਭਾਰਤ ਤੇ ਚੀਨ ਦੇ ਫੌਜੀਆਂ ਵਿਚਾਲੇ ਝੜਪ ਹੋਈ ਸੀ।
ਆਮ ਆਦਮੀ ਪਾਰਟੀ ਵਿਚ ਕਿਸੇ ਸਮੇਂ ਕਾਫੀ ਚਰਚਿਤ ਆਗੂ ਰਹੇ ਕੁਮਾਰ ਵਿਸ਼ਵਾਸ ਨੇ ਟਵੀਟ ਕੀਤਾ ਹੈ, ''ਕੀ ਇਹ ਸੱਚ ਹੈ? ਭਾਰਤ ਮਾਤਾ ਦੇ ਸ਼ੁਭ ਆਂਚਲ 'ਤੇ ਚੀਨੀ ਫੌਜ ਦੇ ਬੂਟ ਪੈਣ ਤਾਂ ਹੋ ਸਕਦਾ ਹੈ ਅੱਜ ਲੋਕ ਕਿਸੇ ਕਾਰਨ ਸਵਾਲ ਨਾ ਚੁੱਕਣ ਪਰ ਭੁੱਲੋ ਨਾ ਕਿ ਇਤਿਹਾਸ ਹਰ ਨਾਇਕ ਦੀ ਬੇਦਰਦੀ ਨਾਲ ਸਮੀਖਿਆ ਕਰਦਾ ਹੈ। ਸਮਾਂ ਰਹਿੰਦਿਆਂ ਦੇਸ਼ ਨੂੰ ਹਕੀਕਤ ਦੱਸੋ ਤੇ ਚੀਨ ਨੂੰ ਸੱਚ ਵਿਚ ਦੱਸੋ ਕਿ ਇਹ ਇੱਕੀਵੀਂ ਸਦੀ ਦਾ ਨਵਾਂ ਭਾਰਤ ਹੈ।''

353 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper