Latest News
ਇਸ਼ਤਿਹਾਰ 'ਤੇ ਆਰਡੀਨੈਂਸ ਦਾ ਵਿਰੋਧ ਕਰ ਰਹੇ ਕਿਸਾਨ ਦੀ ਹੀ ਫੋਟੋ ਜੜੀ

Published on 10 Aug, 2020 11:04 AM.


ਫ਼ਰੀਦਕੋਟ
(ਸੁਰਿੰਦਰ ਮਚਾਕੀ)
ਖੇਤੀ ਨਾਲ ਸਬੰਧਤ ਜਾਰੀ ਤਿੰਨ ਆਰਡੀਨੈਂਸਾਂ ਦੇ ਨਿਰੰਤਰ ਵਧ ਰਹੇ ਕਿਸਾਨੀ ਵਿਰੋਧ ਨੂੰ ਠੱਲ੍ਹਣ ਤੇ ਇਸ ਨੂੰ ਕਿਸਾਨੀ ਹਿੱਤ ਰੱਖਿਅਕ ਦਰਸਾਉਣ ਲਈ ਕੇਂਦਰ ਸਰਕਾਰ ਵੱਲੋਂ ਜਾਰੀ ਇਸ਼ਤਿਹਾਰ ਉਦੋਂ ਵਿਵਾਦਾਂ ਵਿੱਚ ਘਿਰ ਗਿਆ, ਜਦੋਂ ਇਸ 'ਤੇ ਉਸ ਕਿਸਾਨ ਦੀ ਹੀ ਫੋਟੋ ਲਾ ਦਿੱਤੀ, ਜਿਹੜਾ ਡਟ ਕੇ ਇਸ ਦੇ ਵਿਰੋਧ ਵਿੱਚ ਖੜਾ ਹੈ ਅਤੇ ਇਸ ਸਬੰਧੀ ਚੱਲ ਰਹੇ ਕਿਸਾਨ ਸੰਘਰਸ਼ ਦਾ ਹਿੱਸਾ ਵੀ ਹੈ।ਪ੍ਰਧਾਨ ਮੰਤਰੀ ਦੇ ਫੋਟੋ ਵਾਲੇ ਇਸ ਇਸ਼ਤਿਹਾਰ ਵਿੱਚ ਇਨ੍ਹਾਂ ਆਰਡੀਨੈਂਸ ਦੇ ਫਾਇਦੇ ਗਿਣਾ ਕੇ ਕਿਸਾਨਾਂ ਨੂੰ ਪ੍ਰਭਾਵਤ ਕਰਨ ਦਾ ਯਤਨ ਕੀਤਾ ਗਿਆ, ਜਿਸ ਕਿਸਾਨ ਦੀ ਫੋਟੋ ਲਗਾਈ ਗਈ, ਉਹ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਚੰਦਬਾਜਾ ਦਾ ਗੁਰਪ੍ਰੀਤ ਸਿੰਘ ਬਰਾੜ ਹੈ। ਬਰਾੜ ਸਫ਼ਲ ਆਰਗੈਨਿਕ ਖੇਤੀ ਕਿਸਾਨ ਹੋਣ ਦੇ ਨਾਲ ਨਾਲ, ਭਾਈ ਘਨੱ੍ਹਈਆ ਕੈਂਸਰ ਰੋਕੂ ਸੁਸਾਇਟੀ ਦਾ ਪ੍ਰਧਾਨ ਤੇ ਵਾਤਾਵਰਨ, ਸਮਾਜਿਕ ਤੇ ਹੋਰ ਵੀ ਵੱਖ ਵੱਖ ਸੰਸਥਾਵਾਂ ਨਾਲ ਵਾਬਸਤਾ ਹੈ।ਬਿਨਾਂ ਜਾਣਕਾਰੀ ਤੇ ਇਜਾਜ਼ਤ ਦੇ ਆਪਣੀ ਫੋਟੋ ਕਿਸਾਨੀ ਮਾਰੂ ਆਰਡੀਨੈਂਸ ਨੂੰ ਵਾਜਬ ਠਹਿਰਾਉਣ ਲਈ ਵਰਤਣ 'ਤੇ ਸਖ਼ਤ ਨਰਾਜ਼ਗੀ ਜਤਾਉਂਦਿਆਂ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕਿਹਾ ਕਿ ਉਹ ਇਨ੍ਹਾਂ ਆਰਡੀਨੈਂਸਾਂ ਨੂੰ ਕਿਸਾਨੀ ਦੇ ਹਿੱਤ ਵਿੱਚ ਨਹੀਂ, ਸਗੋਂ ਕਿਸਾਨੀ ਮਾਰੂ ਸਮਝਦਾ ਹੈ ਤੇ ਡਟ ਕੇ ਇਸ ਦੇ ਵਿਰੋਧ ਵਿੱਚ ਖੜਾ ਹੈ।ਇਸ ਵਿਰੋਧੀ ਲੜੇ ਜਾ ਰਹੇ ਸੰਘਰਸ਼ ਦਾ ਸਮਰਥਕ ਹੈ।ਫੋਟੋ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਫੋਟੋ ਉਦੋਂ ਦੀ ਹੈ, ਜਦੋਂ ਉਹ ਝੋਨੇ ਦੇ ਖੜੇ ਵੱਢ ਤੇ ਪਰਾਲੀ ਨੂੰ ਸਾੜੇ ਬਿਨਾਂ ਆਧੁਨਿਕ ਢੰਗ ਨਾਲ ਕਣਕ ਦੀ ਬੀਜਾਈ ਕਰ ਰਿਹਾ ਸੀ।ਉਦੋਂ ਡਿਪਟੀ ਕਮਿਸ਼ਨਰ ਇਸ ਨੂੰ ਦੇਖਣ ਵੀ ਆਏ ਸੀ।ਹੋਰ ਕਿਸਾਨਾਂ ਨੂੰ ਪ੍ਰੇਰਣ ਤੇ ਉਤਸ਼ਾਹਤ ਕਰਨ ਲਈ ਇਹ ਫੋਟੋ ਜ਼ਿਲ੍ਹਾ ਪ੍ਰਸ਼ਾਸਨ ਨੇ ਅਖਬਾਰਾਂ ਵਿੱਚ ਪ੍ਰਕਾਸ਼ਤ ਕਰਵਾਈ ਸੀ।ਉਨ੍ਹਾ ਕਿਹਾ ਕਿ ਉਹ ਆਪਣੀ ਨਰਾਜ਼ਗੀ ਜਤਾਉਣ ਤੇ ਫੋਟੋ ਨੂੰ ਇਸ਼ਤਿਹਾਰ ਤੋਂ ਹਟਾਉਣ ਲਈ ਪ੍ਰਧਾਨ ਮੰਤਰੀ ਦਫਤਰ ਤੇ ਕੇਂਦਰੀ ਖੇਤੀ ਵਿਭਾਗ ਨੂੰ ਪੱਤਰ ਵੀ ਲਿਖਣਗੇ।

235 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper