Latest News
1936 ਦਾ 15 ਅਗਸਤ, ਜਦੋਂ ਹਿਟਲਰ ਨੇ ਧਿਆਨ ਚੰਦ ਨੂੰ ਸਲੂਟ ਮਾਰਿਆ

Published on 10 Aug, 2020 11:06 AM.


ਨਵੀਂ ਦਿੱਲੀ : 15 ਅਗਸਤ ਦੀ ਦੁਨੀਆ ਵਿਚ ਰਹਿੰਦੇ ਹਰ ਭਾਰਤੀ ਲਈ ਵੱਡੀ ਅਹਿਮੀਅਤ ਹੈ, ਪਰ 1947 ਤੋਂ 11 ਸਾਲ ਪਹਿਲਾਂ ਇਸੇ ਦਿਨ ਭਾਰਤੀ ਝੰਡਾ ਦੁਨੀਆ ਦੇ ਇਕ ਹੋਰ ਹਿੱਸੇ ਵਿਚ ਵੀ ਫਹਿਰਾਇਆ ਸੀ-ਜਰਮਨੀ ਵਿਚ। 1936 ਦੇ ਉਸ ਦਿਨ ਭਾਰਤੀ ਹਾਕੀ ਖਿਡਾਰੀਆਂ ਨੇ ਬਰਲਿਨ ਉਲੰਪਿਕ ਦਾ ਫਾਈਨਲ ਜਿੱਤਿਆ ਸੀ।
ਸੈਮੀਫਾਈਨਲ ਵਿਚ ਯੂਰਪੀ ਸ਼ਕਤੀ ਫਰਾਂਸ ਨੂੰ ਰੌਂਦ ਕੇ ਭਾਰਤ ਫਾਈਨਲ ਵਿਚ ਪੁੱਜਾ ਸੀ। ਭਾਰਤ ਵੱਲੋਂ ਕੀਤੇ 10 ਗੋਲਾਂ ਵਿਚੋਂ ਚਾਰ ਮੇਜਰ ਧਿਆਨ ਚੰਦ ਨੇ ਕੀਤੇ ਸਨ। ਫਾਈਨਲ ਮੁਕਾਬਲਾ 15 ਅਗਸਤ ਨੂੰ ਮੇਜ਼ਬਾਨ ਜਰਮਨੀ ਨਾਲ ਹੋਣਾ ਸੀ। ਭਾਰਤੀ ਕੈਂਪ ਵਿਚ ਉਤਸ਼ਾਹ ਦੇ ਨਾਲ-ਨਾਲ ਡਰ ਦਾ ਮਾਹੌਲ ਸੀ। ਵਜ੍ਹਾ ਇਹ ਸੀ ਕਿ ਤਾਨਾਸ਼ਾਹ ਐਡੋਲਫ ਹਿਟਲਰ ਨੇ 40 ਹਜ਼ਾਰ ਤੋਂ ਵੱਧ ਜਰਮਨਾਂ ਨਾਲ ਫਾਈਨਲ ਦੇਖਣਾ ਸੀ। ਫੈਸਲਾਕੁੰਨ ਦਿਨ ਆਇਆ ਤਾਂ ਧਿਆਨ ਚੰਦ ਨੇ ਹਿਟਲਰ ਦੇ ਸਾਹਮਣੇ ਗੋਲਾਂ ਦੀ ਝੜੀ ਲਾ ਦਿੱਤੀ। ਇਸ ਤੋਂ ਬਾਅਦ ਜੋ ਹੋਇਆ ਉਹ ਸੋਨ ਤਮਗੇ ਨਾਲੋਂ ਵੀ ਵੱਧ ਅਹਿਮ ਸੀ। ਭਾਰਤੀ ਹਾਕੀ ਦੇ ਸਾਬਕਾ ਕੋਚ ਸਈਅਦ ਅਲੀ ਸਿਬਤੈਨ ਨਕਵੀ ਨੇ ਦੱਸਿਆ, 'ਜਰਮਨਾਂ ਖਿਲਾਫ 8-1 ਦੀ ਜਿੱਤ ਵਿਚ 6 ਗੋਲ ਹਾਕੀ ਦੇ ਜਾਦੂਗਰ ਦਾਦਾ ਧਿਆਨ ਚੰਦ ਨੇ ਕੀਤੇ। ਹਿਟਲਰ ਨੇ ਇਨਾਮ ਤਕਸੀਮ ਕਰਨ ਵੇਲੇ ਦਾਦਾ ਧਿਆਨ ਚੰਦ ਨੂੰ ਸਲਾਮ ਕਰਦਿਆਂ ਜਰਮਨੀ ਫੌਜ ਜੁਆਇਨ ਕਰਨ ਦੀ ਪੇਸ਼ਕਸ਼ ਕਰ ਦਿੱਤੀ। ਦਾਦਾ ਕੁਝ ਸਕਿੰਟ ਖਾਮੋਸ਼ ਰਹੇ, ਇਥੋਂ ਤੱਕ ਕਿ ਸਾਰੇ ਸਟੇਡੀਅਮ ਵਿਚ ਚੁੱਪ ਪਸਰ ਗਈ ਤੇ ਦਰਸ਼ਕਾਂ ਨੂੰ ਡਰ ਲੱਗ ਰਿਹਾ ਸੀ ਕਿ ਜੇ ਦਾਦਾ ਨੇ ਨਾਂਹ ਕਰ ਦਿੱਤੀ ਤਾਂ ਡਿਕਟੇਟਰ ਉਨ੍ਹਾ ਨੂੰ ਗੋਲੀ ਮਾਰ ਦੇਵੇਗਾ। ਦਾਦਾ ਨੇ ਮੈਨੂੰ ਦੱਸਿਆ ਕਿ ਉਸ ਨੇ ਹਿਟਲਰ ਨੂੰ ਬੰਦ ਅੱਖਾਂ ਪਰ ਇਕ ਭਾਰਤੀ ਜਵਾਨ ਦੀ ਬੁਲੰਦ ਆਵਾਜ਼ ਵਿਚ ਕਿਹਾ ਕਿ ਭਾਰਤ ਵਿਕਣ ਲਈ ਨਹੀਂ।'
ਸਮੁੱਚੇ ਸਟੇਡੀਅਮ ਨੂੰ ਹੈਰਾਨ ਕਰਦਿਆਂ ਹਿਟਲਰ ਨੇ ਨਾ ਸਿਰਫ ਦਾਦਾ ਨੂੰ ਸਲਾਮ ਕੀਤੀ, ਸਗੋਂ ਹੱਥ ਵੀ ਮਿਲਾਇਆ ਤੇ ਕਿਹਾ ਜਰਮਨ ਰਾਸ਼ਟਰ ਤੁਹਾਡੇ ਭਾਰਤ ਪ੍ਰੇਮ ਤੇ ਤੁਹਾਡੇ ਰਾਸ਼ਟਰਵਾਦ ਲਈ ਤੁਹਾਨੂੰ ਸਲਾਮ ਕਰਦਾ ਹੈ। ਕੋਚ ਨਕਵੀ ਨੇ ਦੱਸਿਆ ਕਿ ਹਾਕੀ ਦੇ ਜਾਦੂਗਰ ਦਾ ਖਿਤਾਬ ਵੀ ਦਾਦਾ ਨੂੰ ਹਿਟਲਰ ਨੇ ਦਿੱਤਾ ਸੀ। ਸਦੀਆਂ ਵਿਚ ਹੀ ਅਜਿਹੇ ਟਾਂਵੇਂ-ਟਾਂਵੇਂ ਖਿਡਾਰੀ ਪੈਦਾ ਹੁੰਦੇ ਹਨ।
ਪਿਛਲੇ ਖਿਡਾਰੀਆਂ ਤੇ ਸਮਕਾਲੀ ਖਿਡਾਰੀਆਂ ਵਿਚਾਲੇ ਫਰਕ ਦਾ ਜ਼ਿਕਰ ਕਰਦਿਆਂ ਨਕਵੀ ਨੇ ਕਿਹਾ ਕਿ ਭਾਰਤ ਬੀਤੇ ਵਾਲੀ ਕਾਰਗੁਜ਼ਾਰੀ, ਖਾਸਕਰ ਉਲੰਪਿਕ ਵਿਚ ਦਿਖਾਉਣ ਲਈ ਅਜੇ ਵੀ ਹੱਥ-ਪੈਰ ਮਾਰ ਰਿਹਾ ਹੈ। ਕੁਝ ਟੂਰਨਾਮੈਂਟ ਵਿਚਲੇ ਇਸ ਨੇ ਉਤਸ਼ਾਹਜਨਕ ਪ੍ਰਦਰਸ਼ਨ ਕੀਤੇ ਹਨ, ਪਰ ਦੋਹਾਂ ਪੀੜ੍ਹੀਆਂ ਦੀਆਂ ਟੀਮਾਂ ਵਿਚਾਲੇ ਫਰਕ ਸਾਫ ਨਜ਼ਰ ਆਉਂਦਾ ਹੈ। ਇਸ ਵੇਲੇ ਭਾਰਤੀ ਟੀਮ ਯੂਰਪੀਅਨਾਂ ਤੇ ਆਸਟ੍ਰੇਲੀਅਨਾਂ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਤੇ ਖੇਡਦੀ ਵੀ ਯੂਰਪੀ ਸਟਾਈਲ ਵਿਚ ਹੈ। ਪੱਛਮੀ ਕੋਚਾਂ ਨੇ ਕਲਾਮਤਮਕ ਹਾਕੀ ਦਾ ਸਮੁੱਚਾ ਸੰਕਲਪ ਹੀ ਬਦਲ ਦਿੱਤਾ ਹੈ ਤੇ ਉਹ ਮੁੱਖ ਜ਼ੋਰ ਜਿਸਮਾਨੀ ਫਿਟਨੈੱਸ 'ਤੇ ਦਿੰਦੇ ਹਨ। ਉਨ੍ਹਾ ਕਿਹਾ ਕਿ ਵਰਤਮਾਨ ਟੀਮ ਯੁਵਾ ਹੈ, ਪਰ ਉਸ ਦਾ ਪ੍ਰਦਰਸ਼ਨ ਇੱਕੋ ਜਿਹਾ ਨਹੀਂ। ਕੁਝ ਅਹਿਮ ਮੈਚਾਂ ਵਿਚ ਉਹ ਆਖਰੀ ਛਿਣਾਂ ਵਿਚ ਗੋਲ ਕਰਵਾ ਕੇ ਹਾਰਦੇ ਰਹੇ ਹਨ। ਉਨ੍ਹਾ ਦੇ ਜ਼ਮਾਨੇ ਵਿਚ ਹਰ ਖਿਡਾਰੀ ਆਪਣੀ ਪੁਜ਼ੀਸ਼ਨ ਦਾ ਮਾਸਟਰ ਹੁੰਦਾ ਸੀ ਅਤੇ ਬੁਲੰਦ ਹੌਸਲੇ ਨਾਲ ਖੇਡਦਾ ਸੀ। ਕਲਾਤਮਕ ਡ੍ਰਿਬਲਰ ਹੁੰਦੇ ਸਨ, ਤਰ੍ਹਾਂ-ਤਰ੍ਹਾਂ ਦਾ ਸਟਰੋਕ ਲਾਉਣ ਦੇ ਮਾਸਟਰ ਹੁੰਦੇ ਸਨ ਅਤੇ ਉਨ੍ਹਾਂ ਵਿਚ ਉਲੰਪਿਕ 'ਚ ਤਿਰੰਗਾ ਫਹਿਰਾਉਣ ਦੀ ਜ਼ਬਰਦਸਤ ਕੌਮੀ ਭਾਵਨਾ ਹੁੰਦੀ ਸੀ। ਤ੍ਰਿਲੋਚਨ ਸਿੰਘ, ਆਰ ਐੱਸ ਜੈਂਟਲ, ਪ੍ਰਿਥੀਪਾਲ ਸਿੰਘ, ਰਜਿੰਦਰ ਸਿੰਘ ਤੇ ਐਮ ਪੀ ਸਿੰਘ ਵਰਗੇ ਪੈਨਾਲਟੀ ਕਾਰਨਰ ਤੇ ਪੈਨਾਲਟੀ ਸਟਰੋਕ ਦੇ ਮਾਹਰ ਹੁੰਦੇ ਸਨ। ਮਿਸਾਲ ਵਜੋਂ 1956 ਦੀ ਮੈਲਬੋਰਨ ਉਲੰਪਿਕ ਵਿਚ ਜੈਂਟਲ ਨੇ ਪੈਨਾਲਟੀ ਕਾਰਨਰ ਨਾਲ ਪਾਕਿਸਤਾਨ 'ਤੇ ਜਿੱਤ ਦਿਵਾਈ। ਇਸੇ ਤਰ੍ਹਾਂ 1964 ਦੀ ਟੋਕੀਓ ਉਲੰਪਿਕ ਵਿਚ ਮਹਿੰਦਰ ਲਾਲ ਨੇ ਪੈਨਾਲਟੀ ਸਟਰੋਕ ਨਾਲ ਗੋਲ ਕਰਕੇ ਭਾਰਤ ਨੂੰ ਜਿਤਾਇਆ। ਨਕਵੀ ਮੁਤਾਬਕ ਭਾਰਤ ਚੰਗੀ ਕਾਰਗੁਜ਼ਾਰੀ ਨਾਲ ਇਸ ਵੇਲੇ ਦੁਨੀਆ ਦੀ ਚੌਥੇ ਰੈਂਕ ਦੀ ਟੀਮ ਹੈ ਅਤੇ ਟੋਕੀਓ ਵਿਚ ਸੋਨ ਤਮਗਾ ਜਿੱਤਣਾ ਚਾਹੁੰਦਾ ਹੈ। ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਖਿਤਾਬ ਜਿੱਤਣ ਦੇ ਕਾਬਲ ਹੈ। ਉਮੀਦ ਹੈ ਟੀਮ ਸੈਮੀਫਾਈਨਲ ਵਿਚ ਥਾਂ ਬਣਾਏਗੀ, ਬਾਕੀ ਕਿਸਮਤ।

262 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper