Latest News
ਅਕਾਲੀ ਦਲ ਕਿਸਾਨਾਂ ਨਾਲ ਨਹੀਂ ਕੁਰਸੀ ਅਤੇ ਭਾਜਪਾ ਨਾਲ ਖੜ੍ਹਾ : ਬੰਤ ਬਰਾੜ

Published on 15 Sep, 2020 10:51 AM.


ਚੰਡੀਗੜ੍ਹ : ਪੰਜਾਬ ਸੀ ਪੀ ਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਸਾਰੇ ਦੇਸ ਦੀ ਕਿਸਾਨੀ ਵਲੋਂ ਵਿਰੋਧ, ਖਾਸ ਕਰਕੇ ਪੰਜਾਬ ਦੀ ਕਿਸਾਨੀ ਵਲੋਂ ਜ਼ਬਰਦਸਤ ਵਿਰੋਧ ਦੇ ਬਾਵਜੂਦ ਮੋਦੀ ਸਰਕਾਰ ਵਲੋਂ ਖੇਤੀ-ਵਿਰੋਧੀ ਆਰਡੀਨੈਂਸਾਂ ਨੂੰ ਕਾਨੂੰਨ ਬਣਾਉਣ ਲਈ ਪਾਰਲੀਮੈਂਟ ਵਿਚ ਬਿਲ ਪੇਸ਼ ਕਰਨ ਅਤੇ ਅਕਾਲੀ ਦਲ ਦੇ ਦੋ ਲੋਕ ਸਭਾ ਮੈਂਬਰਾਂ ਸੁਖਬੀਰ ਸਿੰਘ ਬਾਦਲ, ਪ੍ਰਧਾਨ ਅਕਾਲੀ ਦਲ ਅਤੇ ਹਰਸਿਮਰਤ ਕੌਰ ਬਾਦਲ, ਕੇਂਦਰੀ ਕੈਬਨਿਟ ਮੰਤਰੀ ਵਲੋਂ ਇਸ ਬਿਲ ਦਾ ਵਿਰੋਧ ਕਰਨ ਦੀ ਬਜਾਏ ਸਦਨ ਵਿਚੋਂ ਗੈਰ-ਹਾਜ਼ਰ ਰਹਿ ਕੇ ਭਾਜਪਾ ਨਾਲ ਹੀ ਖੜਣ ਦੀ ਨੀਤੀ ਦੀ ਸਖਤ ਨਿਖੇਧੀ ਕੀਤੀ ਹੈ। ਸਾਥੀ ਬਰਾੜ ਨੇ ਕਿਹਾ ਕਿ ਅਕਾਲੀ ਦਲ ਕੇੱਦਰ ਵਿਚ ਭਾਜਪਾ ਸਰਕਾਰ ਵਿਚ ਭਾਗੀਦਾਰ ਹੈ, ਉਹ ਸਰਕਾਰ ਦੇ ਹਰ ਫੈਸਲੇ ਦਾ ਉਹ ਚਾਹੇ ਸੰਘੀ ਢਾਂਚੇ ਦੇ ਵਿਰੁਧ ਹੋਵੇ, ਜਮਹੂਰੀਅਤ ਦੇ ਵਿਰੁਧ ਹੋਵੇ, ਕਿਸਾਨਾਂ ਦੇ ਵਿਰੁਧ ਹੋਵੇ ਜਾਂ ਘਟ-ਗਿਣਤੀਆਂ ਉਤੇ ਹਮਲੇ ਕਰਦਾ ਹੋਵੇ, ਹਰ ਇਕ ਦੀ ਪਾਰਲੀਮੈਂਟ ਵਿਚ ਹਮਾਇਤ ਕਰਦਾ ਹੈ, ਪਰ ਬਾਹਰ ਲੋਕਾਂ ਕੋਲ ਮਗਰਮੱਛ ਦੇ ਹੰਝੂ ਵਗਾਉਂਦਾ ਹੈ, ਉਹਨਾਂ ਦੀ ਬਦਕਿਸਮਤੀ ਹੈ ਕਿ ਸਾਰੇ ਲੋਕ ਉਸਦੀ ਮੌਕਾਪ੍ਰਸਤੀ ਤੇ ਕੁਰਸੀਪ੍ਰਸਤੀ ਨੂੰ ਸਮਝਦੇ ਹਨ ਅਤੇ ਗੁਮਰਾਹ ਨਹੀਂ ਹੁੰਦੇ।
ਅਕਾਲੀ ਦਲ ਵਲੋਂ ਮੀਟਵੇਂ ਜਿਹੇ ਬੁਲ੍ਹਾਂ ਨਾਲ ਕਹਿਣ ਕਿ ਬਿਲ ਪਾਸ ਕਰਨ ਤੋਂ ਪਹਿਲਾਂ ਕਿਸਾਨਾਂ ਦੇ ਖਦਸ਼ੇ ਦੂਰ ਕੀਤੇ ਜਾਣ, ਉਤੇ ਟਿਪਣੀ ਕਰਦਿਆਂ ਸਾਥੀ ਬਰਾੜ ਨੇ ਇਸਨੂੰ ਹਾਸੋਹੀਣਾ ਦੱਸਦਿਆਂ ਕਿਹਾ ਕਿ ਪੰਜਾਬੀ ਵਿਚ ਅਖਾਣ ਹੈ ਕਿ 'ਅੱਧੀ ਤੇਰੀ ਹਾਂ ਮੁਲ੍ਹਾਜੇਦਾਰਾ, ਅੱਧੀ ਆਂ ਗਰੀਬ ਜੱਟ ਦੀ' ਪਰ ਬਾਦਲ ਅਕਾਲੀ ਦਲ ਇਸਤੋਂ ਪਰ੍ਹੇ ਤਕ ਜਾ ਡਿਗਿਆ ਹੈ। ''ਉਤੋਂਂ ਮਾਰਦੀ ਮੁਲ੍ਹਾਜੇ ਕਿਸਾਨਾਂ ਦੇ ਪਰ ਪੂਰੀ ਆਂ ਮੈਂ ਭਾਜਪਾ ਦੀ'', ਉਸ ਉਤੇ ਪੂਰਾ ਢੁਕਦਾ ਹੈ। ਸਾਥੀ ਬਰਾੜ ਨੇ ਕਿਹਾ ਕਿ 14 ਸਤੰਬਰ ਨੂੰ ਦੇਸ ਭਰ ਵਿਚ ਕਿਸਾਨਾਂ ਨੇ ਖਾਸ ਕਰਕੇ ਪੰਜਾਬ ਵਿਚ ਇਨ੍ਹਾਂ ਆਰਡੀਨੈਂਸਾਂ ਦੇ ਖਿਲਾਫ ਜ਼ੋਰਦਾਰ ਜਨਤਕ ਰੈਲੀਆਂ ਅਤੇ ਵਿਰੋਧ ਪ੍ਰਦਰਸ਼ਨ ਕੀਤੇ ਅਤੇ ਸਪਸ਼ਟ ਐਲਾਨ ਕਰ ਦਿਤਾ ਕਿ ਉਹ ਇਹ ਕਿਸਾਨ-ਵਿਰੋਧੀ ਆਡੀਨੈਂਸਾਂ ਨੂੰ ਰੱਦ ਕਰਵਾ ਕੇ ਛੱਡਣਗੇ ਅਤੇ ਉਹਨਾਂ ਦਾ ਸੰਘਰਸ਼ ਦਿਨੋ-ਦਿਨ ਫੈਲ ਰਿਹਾ ਹੈ, ਮਜ਼ਬੂਤ ਹੋ ਰਿਹਾ ਹੈ। ਸਾਥੀ ਬਰਾੜ ਨੇ ਪੰਜਾਬ ਅਸੰਬਲੀ ਵਲੋਂ ਇਸਨੂੰ ਰੱਦ ਕਰਨ ਲਈ ਪਾਸ ਕੀਤੇ ਮਤੇ ਦਾ ਸਮਰਥਨ ਕੀਤਾ ਪਰ ਨਾਲ ਹੀ ਕੈਪਟਨ ਸਰਕਾਰ ਦੀ ਢਿੱਲਮਠ ਦੀ ਨੀਤੀ ਦੀ ਨੁਕਤਾਚੀਨੀ ਕੀਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਸੰਘਰਸ਼ ਵਿਚ ਰੋੜੇ ਅਟਕਾ ਰਹੀ ਹੈ ਅਤੇ ਘੋਲ ਕਰਦੇ ਅਨੇਕਾਂ ਆਗੂਆਂ ਵਿਰੁਧ ਕੇਸ ਦਰਜ ਕਰ ਲਏ ਹਨ। ਉਹਨਾਂ ਮੰਗ ਕੀਤੀ ਕਿ ਇਹ ਕੇਸ ਵਾਪਸ ਲਏ ਜਾਣ ਅਤੇ ਸੰਘਰਸ਼ਸ਼ੀਲ ਲੋਕਾਂ ਦੇ ਨਾਲ ਖੜ੍ਹ ਕੇ ਭਾਜਪਾ ਦੀਆਂ ਜਮਹੂਰੀਅਤ-ਵਿਰੋਧੀ, ਸੰਵਿਧਾਨ-ਵਿਰੋਧੀ, ਫੈਡਰਲ ਢਾਂਚੇ ਵਿਰੋਧੀ, ਕਾਰਪੋਰੇਟਾਂ-ਪਖੀ ਨੀਤੀਆਂ ਦਾ ਵਿਰੋਧ ਕੀਤਾ ਜਾਵੇ। ਸਾਥੀ ਬਰਾੜ ਨੇ ਕਿਹਾ ਕਿ ਸੀ ਪੀ ਆਈ ਅਤੇ ਖੱਬੀਆਂ ਪਾਰਟੀਆ ਅਤੇ ਉਹਨਾਂ ਦੀਆਂ ਅਵਾਮੀ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੀਆਂ ਹਨ ਅਤੇ ਇਸਨੂੰ ਹੋਰ ਵਿਸ਼ਾਲ ਤੇ ਡੂੰਘਾ ਕਰਨਗੀਆਂ ਅਤੇ ਮੋਦੀ ਸਰਕਾਰ ਦੀਆਂ ਫਾਸ਼ੀ ਨੀਤੀਆਂ ਅਤੇ ਕੈਪਟਨ ਸਰਕਾਰ ਦੀਆਂ ਜਮਹੂਰੀਅਤ ਵਿਰੋਧੀ ਤੇ ਲੋਕ-ਮਾਰੂ ਨੀਤੀਆਂ ਵਿਰੁਧ ਲੋਕਾਂ ਦੇ ਸੈਲਾਬ ਨੂੰ ਅਗਵਾਈ ਦੇਣਗੀਆਂ।

161 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper