Latest News
ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ 'ਤੇ ਹਮਲੇ 'ਚ ਅੰਤਰਰਾਜੀ ਗੈਂਗ ਦੇ ਤਿੰਨ ਮੈਂਬਰ ਕਾਬੂ, 11 ਦੀ ਭਾਲ

Published on 16 Sep, 2020 10:53 AM.


ਚੰਡੀਗੜ੍ਹ/ਸੁਜਾਨਪੁਰ (ਗੁਰਜੀਤ ਬਿੱਲਾ,
ਦਿਨੇਸ਼ ਸ਼ਰਮਾ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਐਲਾਨ ਕੀਤਾ ਕਿ ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰ 'ਤੇ ਹੋਏ ਹਮਲੇ ਅਤੇ ਕਤਲ ਦੇ ਕੇਸ ਨੂੰ ਸੁਲਝਾਉਣ ਦਾ ਐਲਾਨ ਕੀਤਾ ਹੈ ਅਤੇ ਲੁਟੇਰਿਆਂ-ਅਪਰਾਧੀਆਂ ਦੇ ਅੰਤਰ-ਰਾਜੀ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਠਾਨਕੋਟ ਜ਼ਿਲ੍ਹੇ ਵਿੱਚ ਥਾਣਾ ਸ਼ਾਹਪੁਰ ਕੰਢੀ ਦੇ ਪਿੰਡ ਥਰਿਆਲ ਵਿੱਚ 19 ਅਗਸਤ ਦੀ ਰਾਤ ਨੂੰ ਵਾਪਰੀ ਘਟਨਾ ਵਿੱਚ ਕੀਤੀਆਂ ਗ੍ਰਿਫਤਾਰੀਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ 11 ਹੋਰ ਦੋਸ਼ੀਆਂ ਨੂੰ ਅਜੇ ਗ੍ਰਿਫਤਾਰ ਕੀਤਾ ਜਾਣਾ ਹੈ। ਰੈਣਾ ਦਾ ਅੰਕਲ ਅਸ਼ੋਕ ਕੁਮਾਰ ਜੋ ਠੇਕੇਦਾਰ ਸਨ, ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਪੁੱਤਰ ਕੌਸ਼ਲ ਕੁਮਾਰ 31 ਅਗਸਤ ਨੂੰ ਦਮ ਤੋੜ ਗਏ ਅਤੇ ਉਨ੍ਹਾਂ ਦੀ ਪਤਨੀ ਆਸ਼ਾ ਰਾਣੀ ਦੀਨਾ ਨਾਜ਼ੁਕ ਹਾਲਤ ਵਿੱਚ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਹਮਲੇ ਵਿੱਚ ਜ਼ਖਮੀ ਹੋਏ ਦੋ ਹੋਰ ਵਿਅਕਤੀਆਂ ਨੂੰ ਹਸਪਤਾਲ ਵਿੱਚੋਂ ਛੁੱਟੀ ਕਰ ਦਿੱਤੀ ਹੈ। ਇਸ ਘਟਨਾ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਨੇ ਮਾਮਲੇ ਦੀ ਵਿਸਥਾਰ ਅਤੇ ਤੇਜ਼ੀ ਨਾਲ ਜਾਂਚ ਕਰਨ ਲਈ ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਦਾ ਗਠਨ ਕਰਨ ਦੇ ਹੁਕਮ ਦਿੱਤੇ ਸਨ, ਜਿਸ ਵਿੱਚ ਪਠਾਨਕੋਟ ਦੇ ਐੱਸ.ਐੱਸ.ਪੀ., ਐੱਸ.ਪੀ. (ਇਨਵੈਸਟੀਗੇਸ਼ਨ) ਅਤੇ ਡੀ.ਐੱਸ.ਪੀ. ਧਾਰ ਕਲਾਂ ਇਸ ਦੇ ਮੈਂਬਰ ਹਨ। ਡੀ.ਜੀ.ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਐੱਸ.ਆਈ.ਟੀ. ਨੇ ਕੇਸ (ਐੱਫ.ਆਈ.ਆਰ. 153 ਮਿਤੀ 20 ਅਗਸਤ, 2020 ਆਈ.ਪੀ.ਸੀ. ਦੀ ਧਾਰਾ 460/459/458) ਨਾਲ ਸੰਬੰਧਤ ਪ੍ਰਸਥਿਤੀਆਂ ਅਤੇ ਵਿਵਹਾਰਕ ਸਬੂਤਾਂ ਨੂੰ ਇਕੱਤਰ ਕੀਤਾ ਅਤੇ ਪੜਤਾਲ ਦੌਰਾਨ ਆਈ.ਪੀ.ਸੀ. ਦੀ ਧਾਰਾ 302, 307, 148, 149 ਵੀ ਜੋੜੀ ਗਈ। ਜਾਂਚ ਵਿੱਚ 100 ਤੋਂ ਵੱਧ ਮਸ਼ਕੂਕ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ।
15 ਸਤੰਬਰ ਨੂੰ ਐੱਸ.ਆਈ.ਟੀ. ਨੂੰ ਸੂਚਨਾ ਪ੍ਰਾਪਤ ਹੋਈ ਕਿ ਤਿੰਨ ਸ਼ੱਕੀਆਂ, ਜਿਨ੍ਹਾਂ ਨੂੰ ਘਟਨਾ ਤੋਂ ਬਾਅਦ ਸਵੇਰ ਵੇਲੇ ਡਿਫੈਂਸ ਰੋਡ 'ਤੇ ਦੇਖਿਆ ਗਿਆ ਸੀ, ਪਠਾਨਕੋਟ ਰੇਲਵੇ ਸਟੇਸ਼ਨ ਨੇੜੇ ਝੁੱਗੀਆਂ ਵਿੱਚ ਰਹਿ ਰਹੇ ਸਨ। ਪੁਲਸ ਨੇ ਛਾਪਾ ਮਾਰਿਆ ਅਤੇ ਇਨ੍ਹਾਂ ਤਿੰਨਾਂ ਨੂੰ ਕਾਬੂ ਕਰ ਲਿਆ। ਡੀ.ਜੀ.ਪੀ. ਮੁਤਾਬਕ ਇਨ੍ਹਾਂ ਦੀ ਪਛਾਣ ਸਾਵਣ ਉਪਰ ਮੈਚਿੰਗ, ਮੋਹੱਬਤ ਅਤੇ ਸ਼ਾਹਰੁਖ ਖਾਨ ਵਜੋਂ ਹੋਈ ਹੈ ਜੋ ਮੌਜੂਦਾ ਸਮੇਂ ਰਾਜਸਥਾਨ ਦੇ ਜ਼ਿਲ੍ਹਾ ਚਿਵਾੜਾ ਅਤੇ ਪੀਲਾਨੀ ਝੁੱਗੀਆਂ ਦੇ ਵਾਸੀ ਹਨ। ਇਨ੍ਹਾਂ ਪਾਸੋਂ ਸੋਨੀ ਦੀ ਮੁੰਦਰੀ, ਮਹਿਲਾ ਦੀ ਇਕ ਮੁੰਦਰੀ, ਮਹਿਲਾ ਦੀ ਇਕ ਸੋਨੇ ਦੀ ਚੇਨ ਅਤੇ 1530 ਰੁਪਏ ਬਰਾਮਦ ਕੀਤੇ ਗਏ। ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਇਹ ਗੈਂਗ ਬਾਕੀਆਂ ਨਾਲ ਰਲ ਕੇ ਆਪਣੀਆਂ ਸਰਗਰਮੀਆਂ ਚਲਾ ਰਿਹਾ ਸੀ ਅਤੇ ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਪਹਿਲਾਂ ਵੀ ਅਜਿਹੇ ਕਈ ਅਪਰਾਧਾਂ ਨੂੰ ਅੰਜਾਮ ਦੇ ਚੁੱਕਾ ਹੈ। ਇਹ ਗੈਂਗ ਨਹਿਰਾਂ, ਰੇਲਵੇ ਲਾਈਨਜ਼, ਹਾਈ ਵੋਲਟੇਜ ਤਾਰਾਂ ਆਦਿ ਕੁਦਰਤੀ ਨਿਸ਼ਾਨਾਂ ਤੋਂ ਬਾਅਦ 2-3 ਦੇ ਗਰੁੱਪਾਂ ਵਿੱਚ ਅਪਰਾਧ ਵਾਲੀਆਂ ਥਾਵਾਂ ਵੱਲ ਵਧਦੇ ਸਨ। ਸਾਵਣ, ਜੋ ਉੱਤਰ ਪ੍ਰਦੇਸ਼ ਦਾ ਮੂਲ ਨਿਵਾਸੀ ਹੈ, ਨੇ ਐੱਸ.ਆਈ.ਟੀ. ਨੂੰ ਦੱਸਿਆ ਕਿ 12 ਅਗਸਤ ਨੂੰ ਉਹ ਚਿਰਾਵਾ ਅਤੇ ਪੀਲਾਨੀ ਤੋਂ ਇਕ ਆਟੋ (ਪੀ.ਬੀ. 02 ਜੀ. 9025) ਜਿਸ ਦਾ ਮਾਲਕ ਨੌਸਾਓ ਹੈ, ਗਰੁੱਪ ਵਜੋਂ ਚੱਲੇ ਸਨ। ਨੌਸਾਓ ਵੀ ਚਿਰਾਵਾ ਦੀਆਂ ਝੁੱਗੀਆਂ ਵਿੱਚ ਰਹਿ ਰਿਹਾ ਸੀ। ਨੌਸਾਓ ਤਿੰਨ ਹੋਰਾਂ ਸਮੇਤ ਰਾਸ਼ਿਦ, ਰੇਹਾਨ, ਜਬਰਾਨਾ, ਵਾਪਹਿਲਾ, ਤਵੱਜਲ ਬੀਬੀ ਅਤੇ ਇਕ ਅਗਿਆਤ ਵਿਅਕਤੀ ਨਾਲ ਸ਼ਾਮਲ ਸੀ।
ਇਹ ਵਿਅਕਤੀ ਜਗਰਾਉਂ (ਲੁਧਿਆਣਾ) ਪਹੁੰਚੇ, ਜਿੱਥੇ ਤਿੰਨ ਹੋਰ ਰੀਂਡਾ, ਗੋਲੂ ਅਤੇ ਸਾਜਨ ਵੀ ਨਾਲ ਰਲ ਗਏ। ਉਨ੍ਹਾਂ ਨੇ ਹਾਰਡਵੇਅਰ ਸਟੋਰ ਤੋਂ ਇਕ ਆਰੀ, ਦੋ ਜੰਬੂਰ ਅਤੇ ਇਕ ਸਕਰਿਊ ਡਰਾਈਵਰ ਅਤੇ ਲੁਧਿਆਣਾ ਵਿੱਚ ਕੱਪੜੇ ਦੀ ਦੁਕਾਨ ਤੋਂ ਕੁਝ ਕੱਛੇ-ਬੁਨੈਣਾਂ ਖਰੀਦੀਆਂ। ਉਹ 14 ਅਗਸਤ ਦੀ ਰਾਤ ਨੂੰ ਜਗਰਾਉਂ ਵਿੱਚ ਲੁੱਟ ਕਰਨ ਤੋਂ ਬਾਅਦ ਪਠਾਨਕੋਟ ਵੱਲ ਚਲੇ ਗਏ। ਡੀ.ਜੀ.ਪੀ. ਨੇ ਦੱਸਿਆ ਕਿ ਪਠਾਨਕੋਟ ਦੇ ਐੱਸ.ਐੱਸ.ਪੀ. ਗੁਲਨੀਤ ਖੁਰਾਣਾ ਮੁਤਾਬਕ ਪਠਾਨਕੋਟ ਵਿੱਚ ਸੰਜੂ ਨਾਂਅ ਦਾ ਵਿਅਕਤੀ ਜੋ ਇਲਾਕੇ ਤੋਂ ਚੰਗੀ ਤਰ੍ਹਾਂ ਵਾਕਫ ਸੀ, ਵੀ ਇਨ੍ਹਾਂ ਦੇ ਨਾਲ ਰਲ ਗਿਆ। ਇਸ ਗੈਂਗ ਨੇ ਇਲਾਕੇ ਦੀ ਰੇਕੀ ਵੀ ਕੀਤੀ। 19 ਅਗਸਤ ਦੀ ਰਾਤ ਨੂੰ 7-8 ਵਜੇ ਦਰਮਿਆਨ ਮਿੱਥੀ ਕਾਰਜ ਵਿਧੀ ਮੁਤਾਬਕ ਉਹ 2-3 ਵਿਅਕਤੀਆਂ ਦੇ ਗਰੁੱਪਾਂ ਵਿੱਚ ਚੱਲੇ ਅਤੇ ਖੁੱਲ੍ਹੇ ਖੇਤ ਵਿੱਚ ਤੈਅ ਥਾਂ 'ਤੇ ਪਹੁੰਚੇ, ਜਿੱਥੇ ਰਾਸ਼ਿਦ, ਨੌਸਾਓ ਅਤੇ ਸੰਜੂ ਉਰਫ ਛੱਜੂ ਲੱਕੜ ਦੀਆਂ ਸੋਟੀਆਂ ਲੈਣ ਲਈ ਗਏ, ਜਿੱਥੇ ਉਨ੍ਹਾਂ ਨੇ ਸਫੈਦੇ ਦਾ ਰੁੱਖ ਵੱਢਿਆ।
ਰੇਕੀ ਦੌਰਾਨ ਉਨ੍ਹਾਂ ਨੇ ਸ਼ਟਰਿੰਗ ਦੀ ਦੁਕਾਨ ਦੀ ਪਹਿਲਾਂ ਹੀ ਸ਼ਨਾਖ਼ਤ ਕੀਤੀ ਹੋਈ ਸੀ, ਜਿੱਥੇ ਬਾਂਸ ਦੀਆਂ ਪੌੜੀਆਂ ਨੂੰ ਚੇਨ ਨਾਲ ਬੰਨ੍ਹਿਆ ਹੋਇਆ ਸੀ। ਪਹਿਲੇ ਦੋ ਘਰ ਜਿੱਥੇ ਉਨ੍ਹਾਂ ਨੇ ਪੌੜੀਆਂ ਰੱਖੀਆਂ ਸਨ, ਵਿੱਚ ਇਕ ਗੁਦਾਮ ਅਤੇ ਇਕ ਖਾਲੀ ਘਰ ਸੀ, ਜਦਕਿ ਤੀਜਾ ਘਰ ਅਸ਼ੋਕ ਕੁਮਾਰ ਦਾ ਸੀ। ਦੋਸ਼ੀਆਂ ਵਿੱਚੋਂ ਪੰਜ ਵਿਅਕਤੀ ਛੱਤ ਵਾਲੇ ਪਾਸਿਓਂ ਪੌੜੀਆਂ ਵਰਤ ਕੇ ਘਰ ਵਿੱਚ ਦਾਖਲ ਹੋਏ ਜਿੱਥੇ ਉਨ੍ਹਾਂ ਨੇ ਤਿੰਨ ਵਿਅਕਤੀਆਂ ਨੂੰ ਚਟਾਈ 'ਤੇ ਪਏ ਦੇਖਿਆ। ਘਰ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਇਨ੍ਹਾਂ ਤਿੰਨਾਂ ਦੇ ਸਿਰ ਵਿੱਚ ਸੱਟ ਮਾਰੀ, ਜਿੱਥੇ ਉਨ੍ਹਾਂ ਨੇ ਨਗਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਭੱਜਣ ਤੋਂ ਪਹਿਲਾਂ ਦੋ ਹੋਰ ਵਿਅਕਤੀਆਂ 'ਤੇ ਹਮਲਾ ਕੀਤਾ। ਇਸ ਤੋਂ ਬਾਅਦ ਦੋਸ਼ੀਆਂ ਨੇ ਨਹਿਰ 'ਤੇ ਪਹੁੰਚਣ ਲਈ ਖੁੱਲ੍ਹੇ ਖੇਤ ਰਾਹੀਂ ਬਿਜਲੀ ਦੀਆਂ ਹਾਈ ਟੈਂਸ਼ਨ ਤਾਰਾਂ ਨੂੰ ਪਾਰ ਕੀਤਾ, ਜਿੱਥੇ ਉਹ ਰੇਲਵੇ ਸਟੇਸ਼ਨ 'ਤੇ ਪਹੁੰਚਣ ਲਈ ਦੋ-ਦੋ ਅਤੇ ਤਿੰਨ-ਤਿੰਨ ਦੇ ਗਰੁੱਪਾਂ ਵਿੱਚ ਵੰਡੇ ਗਏ। ਨਗਦ ਅਤੇ ਗਹਿਣੇ ਆਪਸ ਵਿੱਚ ਵੰਡ ਲੈਣ ਤੋਂ ਬਾਅਦ ਉਹ ਖਿੰਡ ਗਏ।
ਫਰਾਰ ਹੋਏ 11 ਵਿਅਕਤੀਆਂ ਜਿਨ੍ਹਾਂ ਵਿੱਚੋਂ ਇਕ ਵਿਅਕਤੀ ਦੀ ਸ਼ਨਾਖ਼ਤ ਹੋ ਚੁੱਕੀ ਹੈ, ਨੂੰ ਕਾਬੂ ਕਰਨ ਅਤੇ ਇਸ ਗੈਂਗ ਦੀ ਸ਼ਮੂਲੀਅਤ ਵਾਲੀਆਂ ਹੋਰ ਡਕੈਤੀਆਂ ਨੂੰ ਸੁਲਝਾਉਣ ਲਈ ਜਾਂਚ ਅਜੇ ਜਾਰੀ ਹੈ।

151 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper