Latest News
ਉੱਘੀ ਗਲਪਕਾਰ ਡਾ. ਸ਼ਰਨਜੀਤ ਕੌਰ ਦਾ ਦਿਹਾਂਤ

Published on 16 Sep, 2020 10:56 AM.


ਮੋਹਾਲੀ (ਪਾਲ ਕੰਸਾਲਾ)-ਉੱਘੀ ਗਲਪਕਾਰ ਅਤੇ ਸਮਰਪਿਤ ਅਧਿਆਪਕ ਡਾ. ਸ਼ਰਨਜੀਤ ਕੌਰ ਸਾਡੇ ਵਿਚਕਾਰ ਨਹੀਂ ਰਹੇ। ਉਨ੍ਹਾ ਪੰਜਾਬੀ ਵਿੱਚ ਨਾਵਲ, ਕਹਾਣੀਆਂ, ਬਾਲ ਸਾਹਿਤ ਅਤੇ ਪੰਜਾਬੀ ਪਾਠ ਪੁਸਤਕਾਂ ਲਿਖ ਕੇ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਪ੍ਰਫੁੱਲਤ ਕੀਤਾ। ਉਨ੍ਹਾ ਨੇ 'ਦੁੱਧੀ ਦਾਤਾਂ' ਨਾਵਲ ਤੇ ਸੱਤ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ। ਉਨ੍ਹਾ ਦੇ ਕਹਾਣੀ ਸੰਗ੍ਰਹਿਆਂ ਦੇ ਨਾਂਅ ਹਨ : 'ਆਪਣਾ ਅਕਸ', 'ਸੁੱਕੇ ਅੱਥਰੂ', 'ਆਪਣੀ ਛਾਂ', 'ਦ੍ਰਿਸ਼ਟ-ਅਦ੍ਰਿਸ਼ਟ', 'ਤੇ ਹਿਨਾ ਚਲੀ ਗਈ', 'ਬੰਦ ਬੂਹੇ ਪਿੱਛੇ', 'ਤੇ ਜੀਨੀ ਜਿੱਤ ਗਈ'। ਉਨ੍ਹਾ ਸੈਂਕੜੇ ਪੁਸਤਕਾਂ ਦੇ ਅਖ਼ਬਾਰਾਂ ਵਿੱਚ ਰੀਵੀਊ ਲਿਖੇ। ਉਹ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਲੰਮੇ ਸਮੇਂ ਤੱਕ ਕਾਰਜਕਾਰਨੀ ਦੇ ਮੈਂਬਰ ਰਹੇ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਚਰਚਿਤ ਕਹਾਣੀ ਲੇਖਕਾ ਡਾ. ਸ਼ਰਨਜੀਤ ਕੌਰ ਦਾ ਸਦੀਵੀ ਵਿਛੋੜਾ ਪੰਜਾਬੀ ਸਾਹਿਤ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੁੱਖ ਦੀ ਇਸ ਘੜੀ ਵਿੱਚ ਡਾ. ਸ਼ਰਨਜੀਤ ਕੌਰ ਦੇ ਪਰਵਾਰ ਤੇ ਉਨ੍ਹਾ ਦੇ ਸਨੇਹੀਆਂ ਨਾਲ ਆਪਣੀ ਹਾਰਦਿਕ ਵੇਦਨਾ ਸਾਂਝੀ ਕਰਦੀ ਹੈ।

45 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper