Latest News
ਦਾਦੀ ਬਿਲਕਿਸ ਦੀਆਂ ਦੁਨੀਆ ਭਰ 'ਚ ਧੁੰਮਾਂ

Published on 23 Sep, 2020 11:04 AM.

ਨਵੀਂ ਦਿੱਲੀ : ਸ਼ਾਹੀਨ ਬਾਗ ਦੀਆਂ ਦਾਦੀਆਂ ਵਿੱਚੋਂ ਇਕ ਬਿਲਕਿਸ ਬਾਨੋ (82) ਦੁਨੀਆ ਦੀਆਂ 100 ਪ੍ਰਭਾਵਸ਼ਾਲੀ ਸ਼ਖਸੀਅਤਾਂ ਵਿਚ ਸ਼ੁਮਾਰ ਹੋ ਗਈ ਹੈ। ਅਮਰੀਕਾ ਦੀ ਟਾਈਮ ਮੈਗਜ਼ੀਨ ਦੀ ਸਾਲਾਨਾ ਤਾਜ਼ਾ ਲਿਸਟ ਵਿਚ ਉਸ ਨੂੰ ਆਈਕਨ ਕੈਟਾਗਰੀ ਵਿਚ ਥਾਂ ਦਿੱਤੀ ਹੈ। ਬਿਲਕਿਸ ਉਨ੍ਹਾਂ ਹਜ਼ਾਰਾਂ ਮੁਜ਼ਾਹਰਾਕਾਰੀਆਂ ਵਿਚੋਂ ਇਕ ਸੀ ਜਿਹੜੇ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਦਿੱਲੀ ਦੇ ਸ਼ਾਹੀਨ ਬਾਗ ਵਿਚ ਮਹੀਨਿਆਂ-ਬੱਧੀ ਬੈਠੇ ਰਹੇ। ਪੱਤਰਕਾਰ ਰਾਣਾ ਅਯੂਬ ਨੇ ਕਿਹਾ, ''ਬਿਲਕਿਸ ਨੂੰ ਮਸ਼ਹੂਰ ਹੋਣਾ ਚਾਹੀਦਾ ਤਾਂ ਕਿ ਦੁਨੀਆ ਤਾਨਾਸ਼ਾਹੀ ਦੇ ਖਿਲਾਫ ਸੰਘਰਸ਼ ਦੀ ਤਾਕਤ ਦਾ ਅਹਿਸਾਸ ਕਰੇ।''
ਟਾਈਮ ਮੈਗਜ਼ੀਨ ਦੀ ਲਿਸਟ ਜਾਰੀ ਹੋਣ ਦੇ ਬਾਅਦ ਟਵਿਟਰ ਉੱਤੇ ਸ਼ਾਹੀਨ ਬਾਗ ਟਰੈਂਡ ਕਰਨ ਲੱਗ ਪਿਆ ਸੀ। ਯੂਜ਼ਰਜ਼ ਨੇ ਲਿਖਿਆ ਕਿ ਇਸ ਉਮਰ ਵਿਚ ਬਿਲਕਿਸ ਦੇ ਸੰਘਰਸ਼ ਦਾ ਜਜ਼ਬਾ ਕਾਬਿਲੇਤਾਰੀਫ ਹੈ। ਕਵਲਪ੍ਰੀਤ ਨੇ ਲਿਖਿਆ-ਬਿਲਕਿਸ ਦਾਦੀ ਦੇ ਜਜ਼ਬੇ ਨੇ ਕਈ ਨੌਜਵਾਨਾਂ ਨੂੰ ਸੌੜੀ ਸਿਆਸਤ ਦੇ ਵਿਰੁੱਧ ਤੇ ਜਮਹੂਰੀਅਤ ਦੇ ਹੱਕ ਵਿਚ ਡਟਣ ਲਈ ਪ੍ਰੇਰਿਆ। ਰੈਯਾਨ ਮਲਿਕ ਨੇ ਲਿਖਿਆ-ਇਹ ਦਿੱਲੀ ਪੁਲਸ ਦੇ ਮੂੰਹ 'ਤੇ ਕਰਾਰੀ ਚਪੇੜ ਹੈ, ਜਿਹੜੀ ਇਹ ਵਿਸ਼ਵਾਸ ਦਿਵਾਉਣ ਵਿਚ ਲੱਗੀ ਹੋਈ ਹੈ ਕਿ ਸ਼ਾਹੀਨ ਬਾਗ ਸਾਜ਼ਿਸ਼ ਦਾ ਹਿੱਸਾ ਸੀ। ਕਾਫੀ ਚਿਰ ਚੱਲਿਆ ਸ਼ਾਹੀਨ ਬਾਗ ਦਾ ਧਰਨਾ ਕੋਰੋਨਾ ਕਾਰਨ ਚੁੱਕਣਾ ਪਿਆ ਸੀ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰਚ ਵਿਚ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ ਤਾਂ ਬਿਲਕਿਸ ਨੇ ਕਿਹਾ ਸੀ-ਜੇ ਪ੍ਰਧਾਨ ਮੰਤਰੀ ਨੂੰ ਸਾਡੀ ਸਿਹਤ ਦੀ ਏਨੀ ਹੀ ਚਿੰਤਾ ਹੈ ਤਾਂ ਅੱਜ ਇਸ ਕਾਲੇ ਕਾਨੂੰਨ ਨੂੰ ਰੱਦ ਕਰ ਦੇਣ, ਫਿਰ ਅਸੀਂ ਐਤਵਾਰ ਜਨਤਾ ਕਰਫਿਊ ਵਿਚ ਸ਼ਾਮਲ ਹੋ ਜਾਵਾਂਗੇ। ਬਿਲਕਿਸ ਬਾਨੋ ਤੋਂ ਇਲਾਵਾ ਲਿਸਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂਅ ਵੀ ਹੈ। 2014 ਵਿਚ ਪ੍ਰਧਾਨ ਮੰਤਰੀ ਬਣਨ ਤੋਂ ਲੈ ਕੇ ਚੌਥੀ ਵਾਰ ਉਨ੍ਹਾ ਦਾ ਨਾਂਅ ਲਿਸਟ ਵਿਚ ਆਇਆ ਹੈ। ਮੋਦੀ ਦਾ ਨਾਂਅ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਨਾਲ ਲੀਡਰਾਂ ਦੀ ਕੈਟੇਗਰੀ ਵਿਚ ਰੱਖਿਆ ਗਿਆ ਹੈ। ਤਾਂ ਵੀ ਮੈਗਜ਼ੀਨ ਨੇ ਕਿਹਾ ਹੈ ਕਿ ਭਾਰਤ ਦੇ ਲੱਗਭੱਗ ਸਾਰੇ ਪ੍ਰਧਾਨ ਮੰਤਰੀ ਕਰੀਬ 80 ਫੀਸਦੀ ਆਬਾਦੀ (ਹਿੰਦੂ) ਵਿੱਚੋਂ ਆਏ ਪਰ ਮੋਦੀ ਨੇ ਹੀ ਇੰਜ ਰਾਜ ਕੀਤਾ ਕਿ ਜਿਵੇਂ ਕੋਈ ਹੋਰ ਮਾਅਨੇ ਹੀ ਨਹੀਂ ਰੱਖਦਾ। ਲਿਸਟ ਵਿਚ ਏਡਜ਼ ਦਾ ਇਲਾਜ ਲੱਭਣ ਵਿਚ ਅਹਿਮ ਯੋਗਦਾਨ ਦੇਣ ਵਾਲੇ ਪ੍ਰੋਫੈਸਰ ਰਵਿੰਦਰ ਗੁਪਤਾ, ਅਲਫਾਬੈਟ ਤੇ ਗੂਗਲ ਦੇ ਸੀ ਈ ਓ ਸੁੰਦਰ ਪਿਚਾਈ ਤੇ ਐਕਟਰ ਆਯੂਸ਼ਮਾਨ ਖੁਰਾਣਾ ਦੇ ਨਾਂਅ ਵੀ ਹਨ। ਖੁਰਾਣਾ ਦਾ ਨਾਂਅ ਆਰਟਿਸਟ ਕੈਟੇਗਰੀ ਵਿਚ ਸ਼ਾਮਲ ਕੀਤਾ ਗਿਆ ਹੈ।

201 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper