Latest News
ਮੋਦੀ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਖਿਲਾਫ ਜ਼ਬਰਦਸਤ ਮੁਜ਼ਾਹਰਾ

Published on 23 Sep, 2020 11:05 AM.


ਪਟਿਆਲਾ. 10 ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਮੁਲਾਜ਼ਮਾਂ-ਮਜ਼ਦੂਰ, ਕਿਸਾਨ, ਨੌਜੁਆਨ, ਵਿਦਿਆਰਥੀ ਅਤੇ ਆਮ ਲੋਕਾਂ ਦੇ ਵਿਰੋਧੀ ਆਰਥਿਕ ਅਤੇ ਲੋਕ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਬੁੱਧਵਾਰ ਇੱਥੇ ਮਿੰਨੀ ਸਕੱਤਰੇਤ ਦੇ ਸਾਹਮਣੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਪ੍ਰਧਾਨ ਮੰਤਰੀ ਦੇ ਨਾਂਅ 20 ਸੂਤਰੀ ਮੰਗਾਂ ਦਾ ਮੰਗ ਪੱਤਰ ਦਿੱਤਾ ਗਿਆ। ਅੱਜ ਦੇ ਇਸ ਰੋਸ ਮੁਜ਼ਾਹਰੇ ਦੀ ਅਗਵਾਈ ਪੰਜਾਬ ਏਟਕ ਦੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਇੰਟਕ ਦੇ ਜਗਰੂਪ ਸਿੰਘ, ਸੀ.ਟੀ.ਯੂ. ਦੇ ਹਰੀ ਸਿੰਘ ਦੌਣ ਕਲਾਂ, ਪ.ਸ.ਸ.ਫ. ਦੇ ਦਰਸ਼ਨ ਸਿੰਘ ਲੁਬਾਣਾ ਨੇ ਕੀਤੀ। ਇਸ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਾਮਰੇਡ ਧਾਲੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸਾਰੇ ਪੱਖਾਂ ਤੋਂ ਤਬਾਹ ਕਰਨ ਦੀਆਂ ਨੀਤੀਆਂ ਕਾਰਪੋਰੇਟ ਘਰਾਣਿਆਂ ਅੱਗੇ ਗੋਡੇ ਟੇਕਦੇ ਹੋਏ ਲਾਗੂ ਕਰਨ ਦੀ ਅੰਨ੍ਹੇਵਾਹ ਸਪੀਡ ਫੜੀ ਹੋਈ ਹੈ। ਕੋਰੋਨਾ ਮਹਾਂਮਾਰੀ ਦੀ ਚਿੰਤਾ ਤਾਂ ਉਸ ਦੇ ਜ਼ਿਹਨ ਵਿੱਚ ਨਜ਼ਰ ਹੀ ਨਹੀਂ ਆਉਂਦੀ, ਸਗੋਂ ਕੋਰੋਨਾ ਨੂੰ ਤਾਂ ਇੱਕ ਕਾਰਗਾਰ ਹਥਿਆਰ ਵਜੋਂ ਵਰਤ ਕੇ ਲੇਬਰ ਕਾਨੂੰਨ ਖਤਮ ਕਰ ਦਿੱਤੇ, ਸਮੁੱਚੇ ਪਬਲਿਕ ਸੈਕਟਰ ਨੂੰ ਵੇਚ-ਵੱਟ ਕੇ ਤਬਾਹੀ ਦੇ ਕੰਢੇ ਪਹੁੰਚਾ ਦਿੱਤਾ। ਮਜ਼ਦੂਰਾਂ ਦੀਆਂ ਉਜਰਤਾਂ ਜਾਮ ਕਰ ਦਿੱਤੀਆਂ, ਕੋਰੋਨਾ ਕਾਲ ਵਿੱਚ 14 ਕਰੋੜ ਮਜ਼ਦੂਰ ਕੰਮ ਤੋਂ ਕੱਢ ਦਿੱਤੇ ਗਏ। ਮਜ਼ਦੂਰਾਂ, ਕਿਸਾਨਾਂ, ਬੁੱਧੀਜੀਵੀਆਂ ਅਤੇ ਲੋਕ ਪੱਖੀ ਆਗੂਆਂ ਦੀ ਜ਼ੁਬਾਨਬੰਦੀ ਕਰਨ ਲਈ ਕਾਲੇ ਕਾਨੂੰਨ ਪਾਸ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ। ਖੇਤੀ ਵਿਰੋਧੀ ਤਿੰਨ ਬਿੱਲ ਪਾਸ ਕਰਕੇ ਕਿਸਾਨੀ ਨੂੰ ਖਤਮ ਕਰਨ ਦੀ ਸਾਜ਼ਿਸ਼ ਕਾਰਪੋਰੇਟਾਂ ਦੇ ਇਸ਼ਾਰਿਆਂ 'ਤੇ ਨੇਪਰੇ ਚਾੜ੍ਹ ਦਿੱਤੀ ਗਈ ਹੈ, ਬਿਜਲੀ ਬਿੱਲ 2020, ਨਵੀਂ ਵਿੱਦਿਆ ਨੀਤੀ, ਨਵਾਂ ਮੋਟਰ ਵਹੀਕਲ ਐਕਟ 2020 ਅਤੇ ਹੋਰ ਅਨੇਕਾਂ ਅਜਿਹੇ ਬਿੱਲ ਕਾਨੂੰਨ ਲੋਕਾਂ ਦੀਆਂ ਭਾਵਨਾਵਾਂ ਅਤੇ ਲੋਕਾਂ ਦੇ ਉਲਟ ਪਾਸ ਕੀਤੇ ਜਾ ਰਹੇ ਹਨ, ਕੰਟਰੈਕਟ ਸਿਸਟਮ ਅਧੀਨ ਲੁੱਟ ਜਾਰੀ ਹੈ, ਸਕੀਮ ਵਰਕਰਾਂ ਨੂੰ ਵਰਕਰ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ, ਮਨਰੇਗਾ ਕਾਨੂੰਨ ਵਿੱਚ ਸੋਧ ਨਹੀਂ ਕੀਤੀ ਜਾ ਰਹੀ, ਸਰਕਾਰੀ, ਅਰਧ ਸਰਕਾਰੀ ਅਦਾਰਿਆਂ ਵਿੱਚੋਂ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਹਨ। ਧਾਲੀਵਾਲ ਨੇ ਕਿਹਾ ਕਿ ਦੇਸ਼ ਦੇ ਆਮ ਲੋਕ ਹੁਣ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਦੇਸ਼-ਵਿਆਪੀ ਹੜਤਾਲ ਵੱਲ ਵਧ ਰਹੇ ਹਨ। ਇਸ ਰੈਲੀ ਨੂੰ ਇੰਟਕ ਦੇ ਸੂਬਾਈ ਆਗੂ ਜਗਰੂਪ ਸਿੰਘ, ਸੀ.ਟੀ.ਯੂ. ਦੇ ਹਰੀ ਸਿੰਘ ਦੌਣ ਕਲਾਂ, ਏਟਕ ਦੇ ਉਤਮ ਸਿੰਘ ਬਾਗੜੀ, ਬੀਬੀ ਰਵਿੰਦਰਜੀਤ ਕੌਰ, ਇੰਟਕ ਦੇ ਬਲਦੇਵ ਰਾਜ ਬੱਤਾ ਅਤੇ ਪੀ.ਆਰ.ਟੀ.ਸੀ. ਏਟਕ ਦੇ ਗੁਰਵਿੰਦਰ ਸਿੰਘ ਗੋਲਡੀ ਨੇ ਸੰਬੋਧਨ ਕਰਦਿਆਂ ਸਾਂਝੇ ਸੰਘਰਸ਼ਾਂ ਨੂੰ ਸਫਲ ਕਰਨ ਦਾ ਸੱਦਾ ਦਿੱਤਾ।

191 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper