Latest News
ਰੇਲ ਰੋਕੋ ਸ਼ੁਰੂ, ਪੰਜਾਬ ਬੰਦ ਅੱਜ

Published on 24 Sep, 2020 10:49 AM.


ਮਾਨਾਂਵਾਲਾ (ਸਰਬਜੀਤ ਜੰਜੂਆ) : ਖੇਤੀ ਕਾਨੂੰਨਾਂ ਖਿਲਾਫ ਪੰਜਾਬ ਵਿਚ ਕਿਸਾਨਾਂ ਦਾ ਤਿੰਨ ਦਿਨਾ ਰੇਲ ਰੋਕੋ ਅੰਦੋਲਨ ਵੀਰਵਾਰ ਸ਼ੁਰੂ ਹੋ ਗਿਆ। ਰੇਲਵੇ ਨੇ ਡਰਦਿਆਂ ਖੁਦ ਹੀ ਫਿਰੋਜ਼ਪੁਰ ਡਵੀਜ਼ਨ ਵਿਚ ਰੇਲਾਂ ਬੰਦ ਕਰ ਦਿੱਤੀਆਂ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ 24 ਤੋਂ 26 ਸਤੰਬਰ ਤੱਕ 14 ਜੋੜੇ ਸਪੈਸ਼ਲ ਟਰੇਨਾਂ ਬੰਦ ਰਹਿਣਗੀਆਂ। ਮਾਲ ਤੇ ਪਾਰਸਲ ਟਰੇਨਾਂ ਦੀ ਆਵਾਜਾਈ ਵਿਚ ਵੀ ਤਬਦੀਲੀ ਕੀਤੀ ਗਈ ਹੈ। ਭਲਕੇ 31 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਪੰਜਾਬ ਬੰਦ ਕੀਤਾ ਜਾ ਰਿਹਾ ਹੈ। ਪਿੰਡ ਦੇਵੀਦਾਸਪੁਰਾ ਵਿਖੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ ਨੇ ਰੇਲਵੇ ਟਰੈਕ ਜਾਮ ਕਰ ਦਿੱਤਾ। ਇਸ ਸੰਬੰਧੀ ਗੱਲ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਪੰਜਾਬ ਸਰਵਣ ਸਿੰਘ ਪੰਧੇਰ ਨੇ ਕਿਹਾ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੇ ਕੇਂਦਰ ਵੱਲੋਂ ਜਾਰੀ ਖੇਤੀ ਸੋਧ ਬਿੱਲਾਂ ਦੇ ਖ਼ਿਲਾਫ਼ ਵੀਰਵਾਰ ਤੋਂ ਤਿੰਨ ਦਿਨਾਂ ਲਈ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਹੈ। ਉਨ੍ਹਾ ਕਿਹਾ ਖੇਤੀ ਸੋਧ ਬਿੱਲ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਅਤੇ ਆੜ੍ਹਤੀਆਂ ਤੋਂ ਇਲਾਵਾ ਆਮ ਜਨਤਾ ਦੇ ਲਈ ਵੀ ਬਹੁਤ ਘਾਤਕ ਹਨ, ਮੋਦੀ ਸਰਕਾਰ ਇਹ ਆਰਡੀਨੈਂਸ ਪਾਸ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ। ਪੰਧੇਰ ਨੇ ਕਿਹਾ ਜਦੋਂ ਤੱਕ ਕੇਂਦਰ ਸਰਕਾਰ ਇਹਨਾਂ ਖੇਤੀ ਸੋਧ ਬਿੱਲਾਂ ਨੂੰ ਰੱਦ ਨਹੀਂ ਕਰਦੀ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਨ੍ਹਾਂ ਆਰਡੀਨੈਂਸਾਂ ਦੇ ਮਾਮਲੇ ਵਿਚ ਸੁਖਬੀਰ ਬਾਦਲ ਉੱਪਰ ਵਾਰ ਕਰਦਿਆਂ ਕਿਹਾ ਕਿ ਉਹ ਆਪਣੀ ਸਥਿਤੀ ਸਪੱਸ਼ਟ ਕਰਨ ਕਿ ਸੁਖਬੀਰ ਬਾਦਲ ਇਨ੍ਹਾਂ ਖੇਤੀ ਸੋਧ ਬਿੱਲਾਂ ਦੇ ਨਾਲ ਸਹਿਮਤ ਹਨ ਜਾਂ ਨਹੀਂ, ਸਿਰਫ਼ ਬਿਆਨਬਾਜ਼ੀ ਨਾਲ ਕੰਮ ਨਹੀਂ ਹੁੰਦਾ।
ਉਨ੍ਹਾ ਕਿਹਾ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਇਸ ਵਿਸ਼ੇ ਉੱਪਰ ਸਿਆਸਤ ਛੱਡ ਇਕੱਠੇ ਹੋ ਕੇ ਮੁੱਖ ਮੰਤਰੀ ਨੂੰ ਨਾਲ ਲੈ ਕੇ ਦਿੱਲੀ ਪਹੁੰਚਣ ਅਤੇ ਮੋਦੀ ਸਰਕਾਰ ਉਪਰ ਦਬਾਅ ਬਣਾ ਕੇ ਇਨ੍ਹਾਂ ਬਿੱਲਾਂ ਨੂੰ ਵਾਪਸ ਕਰਵਾਇਆ ਜਾਵੇ। ਉਹਨਾ ਕਿਹਾ ਰੇਲਾਂ ਜਾਮ ਕਰਨ ਦਾ ਉਦੇਸ਼ ਲੋਕਾਂ ਨੂੰ ਪਰੇਸ਼ਾਨ ਕਰਨਾ ਨਹੀਂ, ਇਸ ਤੋਂ ਇਲਾਵਾ ਸਰਕਾਰ ਤੱਕ ਗੱਲ ਪਹੁੰਚਾਉਣ ਦਾ ਹੋਰ ਕੋਈ ਤਰੀਕਾ ਨਹੀਂ ਰਿਹਾ। ਇਸ ਮੌਕੇ ਉਨ੍ਹਾ ਨਾਲ ਸੈਂਕੜੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਸਨ।

199 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper