Latest News
ਵਕੀਲ ਭਾਈਚਾਰੇ ਵੱਲੋਂ ਵੀ ਕਿਸਾਨ ਅੰਦੋਲਨ ਦੀ ਹਮਾਇਤ

Published on 24 Sep, 2020 10:50 AM.


ਚੰਡੀਗੜ੍ਹ : ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਪੰਜਾਬ ਯੂਨਿਟ ਵੱਲੋਂ ਪੰਜਾਬ, ਹਰਿਆਣਾ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਕਿਸਾਨਾਂ ਦੇ ਚੱਲ ਰਹੇ ਹੱਕੀ ਅੰਦੋਲਨ ਦੀ ਜ਼ੋਰਦਾਰ ਹਮਾਇਤ ਕੀਤੀ ਗਈ ਹੈ। ਇੰਡੀਅਨ ਐਸੋਸ਼ੀਏਸ਼ਨ ਆਫ ਲਾਇਰਜ਼ ਦੇ ਕੌਮੀ ਸਕੱਤਰ ਐਡਵੋਕੇਟ ਹਰਚੰਦ ਬਾਠ, ਪੰਜਾਬ ਯੂਨਿਟ ਦੇ ਪ੍ਰਧਾਨ ਸੰਪੂਰਨ ਸਿੰਘ ਛਾਜਲੀ, ਜਨਰਲ ਸਕੱਤਰ ਜਸਪਾਲ ਦੱਪਰ ਐਡਵੋਕੇਟ, ਸੂਬਾ ਕੌਂਸਲ ਦੇ ਮੈਂਬਰ ਨਵਲ ਕੁਮਾਰ ਛਿੱਬਰ ਅਤੇ ਅਮਰਜੀਤ ਸਿੰਘ ਲੌਗੀਂਆ ਨੇ ਬਿਆਨ ਜਾਰੀ ਕਰਕੇ ਕਿਸਾਨਾਂ ਦੇ ਅੰਦੋਲਨ ਦੀ ਪੂਰਨ ਹਮਾਇਤ ਕੀਤੀ ਗਈ ਅਤੇ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ 3 ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਜੋ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ, ਉਸ ਦੀ ਪੂਰਨ ਹਮਾਇਤ ਕੀਤੀ ਹੈ। ਉਹਨਾ ਕਿਹਾ ਕਿ ਇਹ ਕਾਲੇ ਕਾਨੂੰਨ ਰਾਹੀਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਦਾ ਕਾਰੋਬਾਰ ਕਿਸਾਨਾਂ ਤੋਂ ਖੋਹ ਕੇ ਦਿੱਤਾ ਜਾ ਰਿਹਾ ਹੈ ਅਤੇ ਇਹਨਾਂ ਕਾਲੇ ਕਾਨੂੰਨਾਂ ਦਾ ਉਦੇਸ਼ ਕਿਸਾਨਾਂ ਦੀ ਜ਼ਮੀਨ ਹੜੱਪਣਾ ਹੈ। ਇਹ ਕਾਲੇ ਕਾਨੂੰਨ ਪਹਿਲਾਂ ਹੀ ਪਾਰਲੀਮੈਂਟ ਦੇ ਦੋਵਾਂ ਸਦਨਾਂ ਵੱਲੋਂ ਪਾਸ ਕਰ ਦਿੱਤੇ ਗਏ ਹਨ, ਕੇਵਲ ਰਾਸ਼ਟਰਪਤੀ ਦੀ ਮਨਜ਼ੂਰੀ ਬਾਕੀ ਹੈ। ਕਾਲੇ ਕਾਨੂੰਨਾਂ ਦੇ ਬਣਨ ਨਾਲ ਭਾਰਤ ਦੀ ਕਿਸਾਨੀ ਘੋਰ ਆਰਥਕ ਮੰਦੀ ਵੱਲ ਧੱਕੀ ਜਾਵੇਗੀ। ਦੇਸ਼ ਵਿੱਚ ਸਰਕਾਰੀ ਮੰਡੀਕਰਨ ਖਤਮ ਹੋ ਜਾਵੇਗਾ ਅਤੇ ਕਿਸਾਨ ਆਪਣੀਆਂ ਫਸਲਾਂ ਘੱਟ ਰੇਟ 'ਤੇ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਲਈ ਮਜਬੂਰ ਹੋ ਜਾਣਗੇ। ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਵਿੱਚ ਮਿਨੀਮਮ ਸਪੋਰਟਸ ਪਰਾਈਸ ਦਾ ਨਾ ਕੋਈ ਜਿਕਰ ਹੈ ਅਤੇ ਨਾ ਹੀ ਕੋਈ ਗਰੰਟੀ ਕੀਤੀ ਗਈ ਹੈ। ਇਹਨਾਂ ਕਾਨੂੰਨਾਂ ਦੇ ਪਾਸ ਹੋ ਜਾਣ ਨਾਲ ਨਾ ਕੇਵਲ ਕਿਸਾਨਾਂ ਨੂੰ, ਬਲਕਿ ਖੇਤ ਮਜ਼ਦੂਰ, ਆੜ੍ਹਤੀ, ਪੱਲੇਦਾਰ ਅਤੇ ਛੋਟੇ ਵਪਾਰੀ ਬੁਰੀ ਤਰਾਂ ਪ੍ਰਭਾਵਿਤ ਹੋਣਗੇ। ਮੋਦੀ ਸਰਕਾਰ ਵੱਲੋਂ ਕਾਲੇ ਕਾਨੂੰਨ ਪਾਸ ਕਰਨ ਦੇ ਨਾਲ ਰਾਜ ਸਰਕਾਰਾਂ ਦੇ ਅਧਿਕਾਰਾਂ 'ਤੇ ਛਾਪਾ ਹੈ ਅਤੇ ਰਾਜਾਂ ਦੇ ਅਧਿਕਾਰ ਖੇਤਰ ਵਿੱਚ ਦਖਲ-ਅੰਦਾਜ਼ੀ ਹੈ, ਕਿਉਂਕਿ ਖੇਤੀਬਾੜੀ ਸੰਬੰਧੀ ਅਧਿਕਾਰ ਕੇਵਲ ਰਾਜ ਸਰਕਾਰਾਂ ਕੋਲ ਹਨ। ਜੇ ਦੇਸ਼ ਦੇ ਲੋਕਾਂ ਨੇ ਮੋਦੀ ਸਰਕਾਰ ਦੇ ਇਸ ਲੋਕ ਵਿਰੋਧੀ ਕਦਮ ਦਾ ਵਿਰੋਧ ਨਾ ਕੀਤਾ ਤਾਂ ਮੋਦੀ ਸਰਕਾਰ ਦੇ ਹੌਸਲੇ ਹੋਰ ਵਧ ਜਾਣਗੇ ਅਤੇ ਹੋਰ ਲੋਕ ਵਿਰੋਧੀ ਕਾਨੂੰਨ ਲਿਆਏ ਜਾਣਗੇ। ਵਕੀਲ ਭਾਈਚਾਰਾ ਇਹ ਮਹਿਸੂਸ ਕਰ ਰਿਹਾ ਹੈ ਕਿ ਜਦੋਂ ਕੋਰੋਨਾ ਕਾਲ ਦੌਰਾਨ ਕਿਸਾਨਾਂ ਨੂੰ ਰਾਹਤ ਦੇਣ ਦੀ ਬਜਾਏ ਉਹਨਾਂ ਨੂੰ ਦਿੱਤੇ ਅਧਿਕਾਰ ਵੀ ਖੋਹੇ ਜਾ ਰਹੇ ਹਨ, ਜਿਸ ਨਾਲ ਕਿਸਾਨ ਘੋਰ ਸੰਕਟ ਵਿੱਚ ਚਲੇ ਜਾਣਗੇ।
ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਦੇ ਆਗੂਆਂ ਵੱਲੋਂ ਦੇਸ਼ ਦੇ ਸਭ ਵਰਗਾਂ ਨੂੰ ਪੂਰਜੋਰ ਅਪੀਲ ਕੀਤੀ ਗਈ ਹੈ ਕਿ ਅੱਜ ਛੋਟੇ-ਮੋਟੇ ਰਾਜਸੀ ਮੱਤਭੇਦ ਤੋਂ ਉਪਰ ਉਠ ਕੇ ਕਾਲੇ ਕਾਨੂੰਨ ਦਾ ਵਿਰੋਧ ਕੀਤਾ ਜਾਵੇ ਅਤੇ ਅਪੀਲ ਕੀਤੀ ਕਿ 25 ਸਤੰਬਰ ਨੂੰ ਪੂਰਨ ਭਾਰਤ ਬੰਦ ਰੱਖਿਆ ਜਾਵੇ।

213 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper