Latest News
ਝਾਰਖੰਡ 'ਚ ਗਊ ਭਗਤਾਂ ਨੇ ਫਿਰ ਸਿਰ ਚੁੱਕਿਆ 7 ਕਬਾਇਲੀਆਂ ਦੀ ਕੁੱਟਮਾਰ, ਸਿਰ ਮੁੰਨ ਦਿੱਤੇ

Published on 26 Sep, 2020 10:47 AM.


ਰਾਂਚੀ : ਪੱਛੜ ਕੇ ਮਿਲੀ ਖਬਰ ਮੁਤਾਬਕ ਝਾਰਖੰਡ ਦੇ ਸਿਮਡੇਗਾ ਜ਼ਿਲ੍ਹੇ ਦੇ ਪਿੰਡ ਵਿਚ ਗਊ ਵੱਢਣ ਦੇ ਦੋਸ਼ ਵਿਚ 7 ਕਬਾਇਲੀ ਈਸਾਈਆਂ ਨੂੰ ਕੁੱਟਣ ਤੋਂ ਬਾਅਦ ਉਨ੍ਹਾਂ ਦੇ ਸਿਰ ਮੁੰਨ ਦਿੱਤੇ ਗਏ ਅਤੇ ਜੈ ਸ੍ਰੀ ਰਾਮ ਦੇ ਨਾਅਰੇ ਲਾਉਣ ਲਈ ਮਜਬੂਰ ਕੀਤਾ ਗਿਆ। ਹਾਲਾਂਕਿ ਇਹ ਘਟਨਾ 16 ਸਤੰਬਰ ਨੂੰ ਵਾਪਰੀ, ਪਰ ਜਨਤਕ 25 ਸਤੰਬਰ ਨੂੰ ਹੋਈ, ਜਦੋਂ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਤੇ ਸਮਾਜੀ ਕਾਰਕੁੰਨ ਨੀਲ ਜਸਟਿਨ ਬੇਕ ਨੇ ਇਕ ਸਥਾਨਕ ਨਿਊਜ਼ ਪੋਰਟਲ ਨੂੰ ਇਸ ਬਾਰੇ ਦੱਸਿਆ। ਐੱਸ ਪੀ ਸ਼ਮਸ ਤਬਰੇਜ਼ ਨੇ ਦੱਸਿਆ ਕਿ ਐੱਫ ਆਈ ਆਰ ਵਿਚ ਦਰਜ 9 ਮੁਲਜ਼ਮਾਂ ਵਿੱਚੋਂ 4 ਫੜ ਲਏ ਗਏ ਹਨ ਤੇ ਬਾਕੀ ਵੀ ਛੇਤੀ ਨੱਪ ਲਏ ਜਾਣਗੇ।
ਝਾਰਖੰਡ ਵਿਚ 2014 ਤੋਂ 19 ਤੱਕ ਰਹੀ ਭਾਜਪਾ ਸਰਕਾਰ ਵੇਲੇ ਗਊਆਂ ਵੱਢਣ ਤੇ ਗਊ ਮਾਸ ਦੇ ਬੇਬੁਨਿਆਦ ਦੋਸ਼ਾਂ ਤਹਿਤ ਗਊ ਭਗਤਾਂ ਦੀਆਂ ਭੀੜਾਂ ਨੇ ਕਈ ਕਬਾਇਲੀ ਲੋਕਾਂ ਤੇ ਮੁਸਲਮਾਨਾਂ ਨੂੰ ਮਾਰ ਦਿੱਤਾ ਸੀ। ਪਿਛਲੇ ਸਾਲ ਦਸੰਬਰ ਵਿਚ ਸੱਤਾ ਵਿਚ ਆਈ ਝਾਰਖੰਡ ਮੁਕਤੀ ਮੋਰਚੇ-ਕਾਂਗਰਸ-ਆਰ ਜੇ ਡੀ-ਖੱਬੇ ਗਠਜੋੜ ਦੀ ਸਰਕਾਰ ਦੇ ਦੌਰ ਵਿਚ ਇਹ ਅਜਿਹੀ ਪਹਿਲੀ ਘਟਨਾ ਹੈ।
ਸਿਮਡੇਗਾ ਦੇ ਭੈਰੀਕੁਦਰ ਦੇ ਕਬਾਇਲੀ ਈਸਾਈ ਦੀਪਕ ਕੁੱਲੂ (26) ਨੇ ਦੱਸਿਆ, ''ਨੇੜਲੇ ਪਿੰਡਾਂ ਦੇ ਲਾਠੀਆਂ ਤੇ ਰਾਡਾਂ ਨਾਲ ਲੈਸ 25 ਤੋਂ ਵੱਧ ਲੋਕਾਂ ਨੇ 16 ਸਤੰਬਰ ਦੀ ਸਵੇਰ ਪਿੰਡ ਵਿਚ ਧਾਵਾ ਬੋਲ ਦਿੱਤਾ। ਉਨ੍ਹਾਂ ਰਾਜ ਸਿੰਘ ਕੁੱਲੂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਸ ਦੀ ਪਤਨੀ ਜੈਕਲੀਨ ਕੁੱਲੂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਮੈਂ ਕਾਰਨ ਪੁੱਛਿਆ ਤਾਂ ਉਨ੍ਹਾਂ ਮੈਨੂੰ ਵੀ ਜਾਤ-ਅਧਾਰਤ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਸਭ ਨੂੰ ਗਊਆਂ ਵੱਢਣ ਵਾਲੇ ਦੱਸਣ ਲੱਗੇ। ਰਾਜ ਕਹਿੰਦਾ ਰਿਹਾ ਕਿ ਕਿਸੇ ਨੇ ਗਊ ਨਹੀਂ ਵੱਢੀ, ਪਰ ਭੀੜ ਨੇ ਸਾਨੂੰ ਨੇੜਲੇ ਪਿੰਡ ਦੇ ਇਕ ਬਜ਼ੁਰਗ ਦੀ ਇਕ ਜਾਅਲੀ ਵੀਡੀਓ ਦਿਖਾਈ, ਜਿਸ ਵਿਚ ਉਹ ਕਹਿ ਰਿਹਾ ਸੀ ਕਿ ਉਸ ਨੇ ਸਾਡੇ ਪਿੰਡ ਵਿਚ ਗਊਆਂ ਵੱਢੀਆਂ ਜਾਂਦੀਆਂ ਦੇਖੀਆਂ।'' ਦੀਪਕ ਨੇ ਦੋਸ਼ ਲਾਇਆ ਕਿ ਭੀੜ ਉਸ ਨੂੰ ਤੇ ਛੇ ਹੋਰ ਈਸਾਈ ਕਬਾਇਲੀਆਂ ਨੂੰ ਧੂਹ ਕੇ ਅੱਧਾ ਕਿਲੋਮੀਟਰ ਦੂਰ ਪੈਂਦੇ ਪਿੰਡ ਮਹਿਤੋ ਟੋਲਾ ਲੈ ਗਈ ਅਤੇ ਥੱਪੜ ਮਾਰੇ ਤੇ ਲਾਠੀਆਂ ਨਾਲ ਕੁੱਟ ਕੇ ਜੈ ਸ੍ਰੀ ਰਾਮ ਦੇ ਨਾਅਰੇ ਲੁਆਏ। ਫਿਰ ਇਕ ਦਰੱਖਤ ਥੱਲੇ ਬਿਠਾ ਕੇ ਸਿਰ ਮੁੰਨ ਦਿੱਤੇ।
ਹਮਲਾਵਰਾਂ ਨੇ ਫਿਰ ਸਿਮਡੇਗਾ ਥਾਣੇ ਫੋਨ ਕਰਕੇ ਕਿਹਾ ਕਿ ਉਨ੍ਹਾਂ ਗਊਆਂ ਦੇ ਕਾਤਲ ਫੜੇ ਹਨ। ਕੁਝ ਮਿੰਟ ਵਿਚ ਪੁੱਜ ਕੇ ਪੁਲਸ ਉਨ੍ਹਾਂ ਨੂੰ ਥਾਣੇ ਲੈ ਗਈ। ਪੁਲਸ ਨੇ ਉਨ੍ਹਾਂ ਦੇ ਘਰਾਂ ਦੀ ਤਲਾਸ਼ੀ ਲਈ, ਪਰ ਕੁਝ ਨਾ ਮਿਲਣ 'ਤੇ ਉਨ੍ਹਾਂ ਨੂੰ ਸ਼ਾਮੀਂ ਛੱਡ ਦਿੱਤਾ।
ਅਗਲੇ ਦਿਨ ਜੈਕਲੀਨ ਨੇ ਸਿਮਡੇਗਾ ਥਾਣੇ ਅਤੇ ਜ਼ਿਲ੍ਹਾ ਐੱਸ ਸੀ/ਐੱਸ ਟੀ ਥਾਣੇ ਵਿਚ ਰਿਪੋਰਟ ਲਿਖਾਈ।

192 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper