Latest News
ਟਰੰਪ ਨੇ ਆਪਣੇ ਸੁਭਾਅ ਵਰਗੀ ਨੂੰ ਬਣਾਇਆ ਅਮਰੀਕੀ ਸੁਪਰੀਮ ਕੋਰਟ ਦਾ ਜੱਜ

Published on 27 Sep, 2020 10:26 AM.

ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੁਪਰੀਮ ਕੋਰਟ ਨੂੰ ਸੱਜ-ਪਿਛਾਖੜੀ ਬਣਾਉਣ ਲਈ ਸ਼ਨੀਵਾਰ ਐਮੀ ਕੋਨੇ ਬੈਰੇਟ (48) ਨੂੰ ਸੁਪਰੀਮ ਕੋਰਟ ਦੀ ਜੱਜ ਨਾਮਜ਼ਦ ਕੀਤਾ ਤੇ ਉਸ ਨੇ ਵੀ ਕਿਹਾ ਕਿ ਉਹ ਮਰਹੂਮ ਕੱਟੜ ਰੂੜ੍ਹੀਵਾਦੀ ਜੱਜ ਐਂਟੋਨਿਨ ਸਕਾਲੀਆ ਦੇ ਪੈਰ ਚਿੰਨ੍ਹਾਂ 'ਤੇ ਚੱਲੇਗੀ। ਟਰੰਪ ਨੇ ਇਹ ਐਲਾਨ ਰਾਸ਼ਟਰਪਤੀ ਚੋਣਾਂ ਤੋਂ ਸਾਢੇ ਪੰਜ ਹਫਤੇ ਪਹਿਲਾਂ ਕੀਤਾ। ਸੈਨੇਟ ਨੇ ਪ੍ਰੋੜ੍ਹਤਾ ਕਰ ਦਿੱਤੀ ਤਾਂ ਉਹ 18 ਸਤੰਬਰ ਨੂੰ ਦੁਨੀਆ ਛੱਡਣ ਵਾਲੀ ਜੱਜ ਰੁਥ ਬੈਡਰ ਗਿੰਜ਼ਬਰਗ (87) ਦੀ ਥਾਂ ਲਵੇਗੀ। ਉਹ ਪੰਜਵੀਂ ਮਹਿਲਾ ਜੱਜ ਹੋਵੇਗੀ ਤੇ ਉਸ ਨਾਲ ਸੁਪਰੀਮ ਕੋਰਟ ਵਿਚ ਰੂੜ੍ਹੀਵਾਦੀ ਜੱਜਾਂ ਦਾ 6-3 ਦਾ ਬਹੁਮਤ ਹੋ ਜਾਵੇਗਾ। ਟਰੰਪ ਵੱਲੋਂ 2017 ਵਿਚ ਨਿਯੁਕਤ ਕੀਤੇ ਜੱਜ ਨੀਲ ਗੋਰਸੱਚ ਅਤੇ 2018 ਵਿਚ ਨਿਯੁਕਤ ਕੀਤੇ ਜੱਜ ਬਰੈੱਟ ਕਵਾਨੌਫ ਵਾਂਗ ਬੈਰੇਟ ਵੀ ਕਾਫੀ ਘੱਟ ਉਮਰ ਦੀ ਹੈ ਅਤੇ ਉਹ ਦਹਾਕਿਆਂ-ਬੱਧੀ ਜੱਜ ਰਹਿ ਕੇ ਲੰਮੀ ਰੂੜ੍ਹੀਵਾਦੀ ਛਾਪ ਛੱਡ ਸਕਦੀ ਹੈ। ਬੈਰੇਟ ਤੋਂ ਘੱਟ ਉਮਰ ਦੇ ਜੱਜ ਬਣਨ ਵਾਲੇ ਕਲੇਰੈਂਸ ਥਾਮਸ ਸਨ, ਜਿਹੜੇ 1991 ਵਿਚ 43 ਸਾਲ ਦੀ ਉਮਰ ਵਿਚ ਜੱਜ ਬਣੇ ਸਨ। ਸਕਾਲੀਆ, ਜਿਸ ਦੀ 2016 ਵਿਚ ਮੌਤ ਹੋਈ ਸੀ, ਹਾਲੀਆ ਇਤਿਹਾਸ ਵਿਚ ਸਭ ਤੋਂ ਪ੍ਰਭਾਵਸ਼ਾਲੀ ਰੂੜ੍ਹੀਵਾਦੀ ਜੱਜਾਂ ਵਿਚੋਂ ਇਕ ਹੋਇਆ ਹੈ। ਸਮਰਪਤ ਰੋਮਨ ਕੈਥੋਲਿਕ ਬੈਰੇਟ ਨੇ ਉਸ ਕੋਲ ਹਾਈ ਕੋਰਟ ਵਿਚ ਕਲਰਕ ਵਜੋਂ ਕੰਮ ਕੀਤਾ। ਉਸ ਵੱਲੋਂ ਸਕਾਲੀਆ ਨੂੰ ਉਸਤਾਦ ਦੱਸਣਾ ਦਰਸਾਉਂਦਾ ਹੈ ਕਿ ਉਸ ਦਾ ਬੈਰੇਟ ਦੀ ਜ਼ਿੰਦਗੀ 'ਤੇ ਕਿੰਨਾ ਅਸਰ ਹੈ। ਬੈਰੇਟ ਨੇ ਕਿਹਾ, 'ਉਸ ਦੀ (ਸਕਾਲੀਆ ਦੀ) ਦੀ ਫਿਲਾਸਫੀ ਮੇਰੀ ਵੀ ਹੈ। ਜੱਜ ਨੂੰ ਲਿਖੇ ਕਾਨੂੰਨ ਵਾਂਗ ਚੱਲਣਾ ਚਾਹੀਦਾ ਹੈ। ਜੱਜ ਨੀਤੀ ਘਾੜੇ ਨਹੀਂ ਹੁੰਦੇ।' ਸਕਾਲੀਆ ਨੇ ਗਰਭਪਾਤ ਦੇ ਹੱਕਾਂ ਉਤੇ ਰੋਕ ਲਾਉਣ ਦੇ ਹੱਕ ਵਿਚ ਵੋਟ ਪਾਈ ਸੀ। ਉਸ ਨੇ ਗੇ ਮੈਰਿਜ ਨੂੰ ਕਾਨੂੰਨੀ ਬਣਾਉਣ ਨੂੰ ਅਦਾਲਤੀ ਬਗਾਵਤ ਦੱਸਿਆ ਸੀ। ਸੈਨੇਟ ਵਿਚ 53-47 ਨਾਲ ਰਿਪਬਲੀਕਨਾਂ ਦਾ ਬਹੁਮਤ ਹੈ, ਇਸ ਕਰਕੇ ਬੈਰੇਟ ਦਾ ਜੱਜ ਬਣਨਾ ਤੈਅ ਹੈ। ਫਿਰ ਵੀ ਡੈਮੋਕਰੇਟ ਉਸ ਨੂੰ ਰੋਕਣ ਦੀ ਪੂਰੀ ਵਾਹ ਲਾਉਣਗੇ।
ਸੁਪਰੀਮ ਕੋਰਟ ਵਿਚ ਰੂੜ੍ਹੀਵਾਦੀਆਂ ਦਾ ਬਹੁਮਤ ਅਮਰੀਕਾ ਨੂੰ ਅਹਿਮ ਮੁੱਦਿਆਂ ਉਤੇ ਸੱਜੇ ਪਾਸੇ ਤੋਰ ਸਕਦਾ ਹੈ। ਮਸਲਨ, ਗਰਭਪਾਤ ਦੇ ਹੱਕਾਂ 'ਤੇ ਰੋਕਾਂ ਲੱਗ ਸਕਦੀਆਂ ਹਨ, ਧਾਰਮਕ ਹੱਕ ਵਧਾਏ ਜਾ ਸਕਦੇ ਹਨ, ਗੰਨ ਕੰਟਰੋਲ ਕਾਨੂੰਨਾਂ ਨੂੰ ਰੱਦ ਕੀਤਾ ਜਾ ਸਕਦਾ ਹੈ, ਐੱਲ ਜੀ ਬੀ ਟੀ ਹੱਕਾਂ ਦੇ ਪਸਾਰ ਨੂੰ ਰੋਕਿਆ ਜਾ ਸਕਦਾ ਹੈ ਅਤੇ ਵੋਟਿੰਗ ਦੇ ਹੱਕਾਂ 'ਤੇ ਨਵੀਆਂ ਰੋਕਾਂ ਲਾਈਆਂ ਜਾ ਸਕਦੀਆਂ ਹਨ।
ਬੈਰੇਟ ਦੇ 7 ਬੱਚੇ ਹਨ। ਇਨ੍ਹਾਂ ਵਿਚੋਂ ਦੋ ਉਸ ਨੇ ਹੈਤੀ ਵਿਚ ਗੋਦ ਲਏ ਸਨ। ਚੋਣਾਂ ਵਿਚ ਟਰੰਪ ਦੇ ਵਿਰੋਧੀ ਡੈਮੋਕਰੇਟ ਉਮੀਦਵਾਰ ਜੋਇ ਬਿਡੇਨ ਨੇ ਕਿਹਾ ਸੀ ਕਿ ਨਵੇਂ ਜੱਜ ਦੀ ਨਿਯੁਕਤੀ 3 ਨਵੰਬਰ ਦੀਆਂ ਚੋਣਾਂ ਵਿਚ ਜਿੱਤਣ ਵਾਲਾ ਕਰੇ।
ਗਿੰਜ਼ਬਰਗ ਦੇ ਫੈਸਲਿਆਂ ਨੂੰ ਲੋਕ ਚੇਤੇ ਕਰਦੇ ਹਨ। ਸੈਨੇਟ ਦੇ ਸਰਕਰਦਾ ਡੈਮੋਕਰੇਟ ਮੈਂਬਰ ਚਕ ਸ਼ੂਮਰ ਨੇ ਬੈਰੇਟ ਦੀ ਨਿਯੁਕਤੀ 'ਤੇ ਕਿਹਾ, 'ਜਸਟਿਸ ਗਿੰਜ਼ਬਰਗ ਇਹ ਦੇਖ ਕੇ ਸਵਰਗ ਵਿਚ ਆਪਣੀ ਕਬਰ ਵਿਚ ਪ੍ਰੇਸ਼ਾਨ ਹੋਈ ਹੋਵੇਗੀ ਕਿ ਉਸ ਦੀ ਥਾਂ ਉਸ ਨੂੰ ਜੱਜ ਚੁਣਿਆ ਗਿਆ ਹੈ, ਜਿਸ ਨੇ ਉਸ ਦੇ ਸਾਰੇ ਚੰਗੇ ਕੀਤੇ-ਕਰਾਏ ਨੂੰ ਉਲਟਾ ਦੇਣਾ ਹੈ।' ਅਮਰੀਕਾ ਸੁਪਰੀਮ ਕੋਰਟ ਦਾ ਜੱਜ ਆਪ ਛੱਡ ਦੇਵੇ ਤਾਂ ਛੱਡ ਦੇਵੇ, ਨਹੀਂ ਤਾਂ ਸਾਰੀ ਉਮਰ ਜੱਜ ਰਹਿੰਦਾ ਹੈ। ਰਿਟਾਇਰਮੈਂਟ ਦੀ ਉਮਰ ਹੱਦ ਨਹੀਂ ਹੁੰਦੀ।

163 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper