Latest News
ਮੋਦੀ ਦੌਰ 'ਚ ਬਗਾਵਤ ਕਰਨ ਵਾਲੇ ਜਸਵੰਤ ਸਿੰਘ ਦਾ ਦਿਹਾਂਤ

Published on 27 Sep, 2020 10:29 AM.

ਨਵੀਂ ਦਿੱਲੀ : ਅਟਲ ਬਿਹਾਰੀ ਵਾਜਪਾਈ ਦੀ ਕੈਬਨਿਟ ਵਿਚ ਵਿਦੇਸ਼, ਰੱਖਿਆ ਤੇ ਵਿੱਤ ਮੰਤਰੀ ਰਹੇ ਜਸਵੰਤ ਸਿੰਘ ਦਾ ਐਤਵਾਰ ਸਵੇਰੇ ਦਿਹਾਂਤ ਹੋ ਗਿਆ। ਫੌਜ ਦੀ ਸੇਵਾ ਕਰਨ ਤੋਂ ਬਾਅਦ ਭਾਜਪਾ ਵਿਚ ਬਾਨੀ ਮੈਂਬਰ ਵਜੋਂ ਸ਼ਾਮਲ ਹੋਏ ਜਸਵੰਤ ਸਿੰਘ ਨੇ 2014 ਵਿਚ ਪਾਰਟੀ ਨਾਲੋਂ ਤੋੜ-ਵਿਛੋੜਾ ਕਰ ਲਿਆ ਸੀ, ਜਦੋਂ ਮੋਦੀ ਦੇ ਚੜ੍ਹਾਅ ਵੇਲੇ ਉਨ੍ਹਾ ਨੂੰ ਰਾਜਸਥਾਨ ਦੇ ਬਾੜਮੇਰ ਤੋਂ ਲੋਕ ਸਭਾ ਦੀ ਟਿਕਟ ਨਹੀਂ ਦਿੱਤੀ ਗਈ। ਉਹ ਆਜ਼ਾਦ ਲੜੇ ਸਨ, ਹਾਲਾਂਕਿ ਹਾਰ ਗਏ ਸਨ।
ਵਾਜਪਾਈ ਤੇ ਅਡਵਾਨੀ ਦੇ ਕਰੀਬੀ ਸਮਝੇ ਜਾਂਦੇ ਜਸਵੰਤ ਸਿੰਘ ਨੂੰ ਭਾਜਪਾ ਵਿਚੋਂ ਦੋ ਵਾਰ ਕੱਢਿਆ ਗਿਆ। ਪਹਿਲੀ ਵਾਰ 2009 ਵਿਚ ਜਦੋਂ ਉਨ੍ਹਾ ਦੀ ਕਿਤਾਬ 'ਜਿਨਾਹ-ਭਾਰਤ, ਵੰਡ, ਆਜ਼ਾਦੀ' ਛਪੀ ਸੀ ਤੇ ਦੂਜੀ ਵਾਰ ਜਦੋਂ ਉਨ੍ਹਾ ਬਾੜਮੇਰ ਤੋਂ ਸੀਟ ਨਾ ਦੇਣ ਦੇ ਫੈਸਲੇ ਨੂੰ ਚੈਲੰਜ ਕੀਤਾ।
ਚਾਰ ਵਾਰ ਲੋਕ ਸਭਾ ਤੇ ਪੰਜ ਵਾਰ ਰਾਜ ਸਭਾ ਦੇ ਮੈਂਬਰ ਰਹੇ ਜਸਵੰਤ ਸਿੰਘ ਕੰਧਾਰ ਜਹਾਜ਼ ਅਗਵਾ ਕਾਂਡ ਵੇਲੇ ਵਿਦੇਸ਼ ਮੰਤਰੀ ਸਨ ਅਤੇ ਉਹ 24 ਦਸੰਬਰ 1999 ਨੂੰ ਅਗਵਾ ਕੀਤੇ ਗਏ ਭਾਰਤੀ ਜਹਾਜ਼ ਦੇ ਮੁਸਾਫਰਾਂ ਨੂੰ ਛੁਡਾਉਣ ਵਾਸਤੇ ਮੌਲਾਨਾ ਮਸੂਦ ਅਜ਼ਹਰ ਤੇ ਦੋ ਹੋਰ ਦਹਿਸ਼ਤਗਰਦਾਂ ਨੂੰ ਖੁਦ ਕੰਧਾਰ ਛੱਡ ਕੇ ਆਏ ਸਨ। ਉਹ ਅਗਸਤ 2014 ਵਿਚ ਬਿਮਾਰ ਹੋ ਗਏ ਤੇ ਉਨ੍ਹਾ ਨੂੰ ਆਰਮੀ ਰਿਸਰਚ ਐਂਡ ਰੈਫਰਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਉਹ ਹਸਪਤਾਲ ਵਿਚੋਂ ਆਉਂਦੇ ਤੇ ਜਾਂਦੇ ਰਹੇ ਅਤੇ ਆਖਰੀ ਵਾਰ ਜੂਨ ਵਿਚ ਦਾਖਲ ਕਰਾਏ ਗਏ ਸਨ। 82 ਸਾਲਾ ਜਸਵੰਤ ਸਿੰਘ ਨੂੰ ਸਵੇਰੇ ਦਿਲ ਦਾ ਦੌਰਾ ਪਿਆ।
ਜਸਵੰਤ ਸਿੰਘ ਨੇ ਆਪਣੀ ਇਕ ਕਿਤਾਬ ਵਿਚ ਲਿਖਿਆ ਸੀ ਕਿ ਦੰਗਿਆਂ ਤੋਂ ਬਾਅਦ ਵਾਜਪਾਈ ਗੁਜਰਾਤ ਦੇ ਵੇਲੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਬਰਖਾਸਤ ਕਰਨਾ ਚਾਹੁੰਦੇ ਸਨ, ਪਰ ਐੱਲ ਕੇ ਅਡਵਾਨੀ ਨੇ ਰੋਕ ਦਿੱਤਾ। ਦੰਗਿਆਂ ਦੇ ਬਾਅਦ ਵਾਜਪਾਈ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਚਾਹਿਆ ਸੀ, ਪਰ ਉਨ੍ਹਾ ਦੇ ਹੱਥ ਫੜਨ ਦੇ ਬਾਅਦ ਉਨ੍ਹਾ ਅਸਤੀਫਾ ਲਿਖਣਾ ਬੰਦ ਕਰ ਦਿੱਤਾ।

164 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper