Latest News
ਐੱਨ ਡੀ ਏ 'ਚੋਂ ਅਕਾਲੀ ਦਲ ਦਾ ਨਿਕਲਣਾ ਸੁਆਗਤਯੋਗ, ਦੇਰ ਨਾਲ ਆਏ ਫਿਰ ਵੀ ਦਰੁਸਤ ਆਏ : ਬੰਤ ਬਰਾੜ

Published on 27 Sep, 2020 10:30 AM.


ਚੰਡੀਗੜ੍ਹ : ਕਿਸਾਨਾਂ ਦੇ ਸੰਘਰਸ਼ ਅਤੇ ਭਾਜਪਾ ਤੇ ਇਸ ਦੀ ਕੇਂਦਰ ਸਰਕਾਰ ਦੀ ਕਿਸਾਨ ਮਾਰੂ ਨੀਤੀ ਨੇ ਅਖੀਰ ਸ਼੍ਰੋਮਣੀ ਅਕਾਲੀ ਦਲ ਨੂੰ ਐੱਨ ਡੀ ਏ ਤੋਂ ਤੋੜ-ਵਿਛੋੜਾ ਕਰਨ ਲਈ ਮਜਬੂਰ ਕਰ ਦਿੱਤਾ ਹੈ। ਬੜਾ ਚਿਰ ਉਹ ਕਿਸਾਨ ਮਾਰੂ ਆਰਡੀਨੈਂਸਾਂ ਦਾ ਸਮਰਥਨ ਕਰਦੇ ਤੇ ਹੱਕ ਵਿਚ ਦਲੀਲਾਂ ਦਿੰਦੇ ਰਹੇ ਅਤੇ ਵਿਰੋਧੀ ਪਾਰਟੀਆਂ ਉਤੇ ਹਮਲੇ ਕਰਦੇ ਰਹੇ, ਜਿਵੇਂ ਉਹ ਪਹਿਲਾਂ ਫੈਡਰਲ ਢਾਂਚੇ ਵਿਰੋਧੀ ਕੇਂਦਰੀ ਸਰਕਾਰ ਦੀਆਂ ਕਾਰਵਾਈਆਂ ਦੀ ਹਮਾਇਤ ਕਰਦੇ ਸਨ।
ਇਸ ਘਟਨਾਕ੍ਰਮ ਉਤੇ ਟਿਪਣੀ ਕਰਦਿਆਂ ਬੰਤ ਸਿੰਘ ਬਰਾੜ ਸੂਬਾ ਸਕੱਤਰ ਪੰਜਾਬ ਸੀ ਪੀ ਆਈ ਨੇ ਦੇਰ ਆਏ ਦਰੁਸਤ ਆਏ ਕਿਹਾ ਅਤੇ ਇਸ ਨੂੰ ਕਿਸਾਨਾਂ ਦੇ ਸੰਘਰਸ਼ ਲਈ ਸਾਰਥਕ ਕਦਮ ਆਖਿਆ। ਸਾਥੀ ਬਰਾੜ ਨੇ ਕਿਹਾ ਕਿ ਜੇ ਕਿਸਾਨ ਮਾਰੂ ਬਿੱਲਾਂ ਨੂੰ ਰੱਦ ਕਰਵਾਉਣ ਲਈ ਲੜ ਰਹੀਆਂ ਪੰਜਾਬ ਦੀਆਂ ਸਾਰੀਆਂ ਸ਼ਕਤੀਆਂ ਇਕੱਠੀਆਂ ਹੋ ਕੇ ਜਾਂ ਤਾਲਮੇਲ ਕਰਕੇ ਐਜੀਟੇਸ਼ਨ ਚਲਾਉਣ ਤਾਂ ਜਿੱਤ ਪਹਿਲਾਂ ਮਿਲ ਸਕਦੀ ਹੈ। ਜੇ ਸਿਆਸੀ ਸੋਚਾਂ ਤੇ ਵੈਰ-ਵਿਰੋਧਾਂ ਕਾਰਨ ਉਹ ਸਾਂਝਾ ਅੰਦੋਲਨ ਨਹੀਂ ਚਲਾ ਸਕਦੀਆਂ ਅਤੇ ਆਜ਼ਾਦ ਤੌਰ 'ਤੇ ਹੀ ਲੜਨਾ ਚਾਹੁੰਦੀਆਂ ਹਨ, ਤਾਂ ਇਵੇਂ ਸਹੀ, ਪਰ ਸੰਘਰਸ਼ ਦੀ ਮੁੱਖ ਸੇਧ ਕੇਂਦਰ ਦੀ ਫਾਸ਼ੀਵਾਦੀ ਸਰਕਾਰ ਵਿਰੁੱਧ ਹੋਣੀ ਚਾਹੀਦੀ ਹੈ, ਨਾ ਕਿ ਉਸ ਵਿਰੁਧ ਲੜ ਰਹੀਆਂ ਸ਼ਕਤੀਆਂ ਜਾਂ ਪਾਰਟੀਆਂ ਵਿਰੁੱਧ, ਅਸਹਿਮਤੀ ਦੇ ਮੁੱਦੇ ਹਾਲ ਦੀ ਘੜੀ ਪਾਸੇ ਛੱਡੇ ਜਾਂ ਪਿੱਛੇ ਪਾਏ ਜਾਂ ਨਰਮ ਕੀਤੇ ਜਾ ਸਕਦੇ ਹਨ, ਤਾਂ ਜੋ ਦੇਸ ਵਿਚ ਅਣ-ਐਲਾਨੀ ਐਮਰਜੈਂਸੀ, ਤਾਨਾਸ਼ਾਹੀ, ਹਿਟਲਰਸ਼ਾਹੀ ਨਾਲ ਜਮਹੂਰੀਅਤ, ਸੰਵਿਧਾਨ, ਘੱਟ ਗਿਣਤੀਆਂ, ਬੁੱਧੀਜੀਵੀਆਂ, ਵਿਦਿਆਰਥੀਆਂ, ਮਜ਼ਦੂਰਾਂ, ਕਿਸਾਨਾਂ ਉਤੇ ਹਮਲੇ ਵਧਾ ਰਹੀ ਭਾਜਪਾ ਸਰਕਾਰ ਨੂੰ ਚਲਦਾ ਕੀਤਾ ਜਾਵੇ।
ਉਹਨਾ ਕਿਹਾ ਕਿ ਖੇਤੀ ਪੰਜਾਬ ਦੀ ਤੇ ਦੇਸ ਦੀ ਲਾਈਫ ਲਾਈਨ (ਜੀਵਨ ਰੇਖਾ) ਹੈ, ਉਸ ਦੀ ਰਾਖੀ ਅਤੇ ਪੰਜਾਬ ਦੀ ਰਾਖੀ ਤੇ ਕਿਸਾਨਾਂ ਦੀ ਰਾਖੀ ਲਈ ਅਕਾਲੀ ਦਲ ਨੂੰ ਆਪਣੇ ਭਾਜਪਾ ਤੋਂ ਤੋੜ-ਵਿਛੋੜੇ 'ਤੇ ਪੱਕੇ ਰਹਿਣਾ ਚਾਹੀਦਾ ਹੈ, ਕਿਉਂਕਿ ਅਕਾਲੀ ਪਾਰਟੀ ਦਾ ਇਤਿਹਾਸ ਸਾਮਰਾਜ-ਵਿਰੋਧੀ, ਜਮਹੂਰੀਅਤ ਲਈ, ਆਜ਼ਾਦੀ ਲਈ ਲੜਾਈਆਂ ਦਾ ਹੈ। ਉਹ ਵਿਰਸਾ ਭਾਜਪਾ ਨਾਲ ਅਕਾਲੀ ਦਲ ਦੇ ਗਠਜੋੜ ਨਾਲ ਕਲੰਕਿਤ ਹੁੰਦਾ ਹੈ। ਇਹ ਗਠਜੋੜ ਸਿਰਫ ਸਿਆਸੀ ਕੁਰਸੀਪ੍ਰਸਤੀ ਅਤੇ ਮੌਕਾਪ੍ਰਸਤੀ ਸੀ। ਪੰਜਾਬ ਦੇ ਲੋਕ ਆਸ ਕਰਨਗੇ ਕਿ ਅਕਾਲੀ ਦਲ ਆਪਣੇ ਦੇਸ਼ ਭਗਤ, ਸਾਮਰਾਜ-ਵਿਰੋਧੀ, ਫਾਸ਼ੀਵਾਦੀ-ਵਿਰੋਧੀ, ਫੈਡਰਲ ਅਧਿਕਾਰਾਂ-ਪੱਖੀ ਵਿਰਸੇ 'ਤੇ ਵਾਪਸ ਦ੍ਰਿੜ੍ਹਤਾ ਨਾਲ ਖੜੇ ਅਤੇ ਭਾਰਤ ਨੂੰ ਘੱਟ ਗਿਣਤੀਆਂ ਵਿਰੋਧੀ, ਫਾਸ਼ੀ ਭਾਜਪਾ ਤੋਂ ਛੁਟਕਾਰਾ ਦੁਆਉਣ ਵਿਚ ਮਦਦ ਕਰੇ। ਉਹਨਾ ਚੱਲ ਰਹੇ ਕਿਸਾਨ ਸੰਘਰਸ਼ ਵਿਚ ਕਿਸਾਨਾਂ ਨੂੰ ਅਤੇ ਸਾਰੀਆਂ ਸਮਰਥਕ ਧਿਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਖੱਬੀਆਂ ਪਾਰਟੀਆਂ ਇਸ ਸੰਘਰਸ਼ ਨੂੰ ਸਮਰਥਨ ਵੀ ਦੇਣਗੀਆਂ, ਆਪਣਾ ਸਾਂਝਾ ਸੰਘਰਸ਼ ਵੀ ਜਾਰੀ ਰੱਖਣਗੀਆਂ। ਉਹਨਾਂ ਦੀ ਤਾਕਤ ਹੀ ਦੇਸ਼ ਦੇ ਭਵਿੱਖ ਦੀ ਗਰੰਟੀ ਹੈ।

185 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper