Latest News
ਗੈਂਗਰੇਪ ਦਾ ਸ਼ਿਕਾਰ ਦਲਿਤ ਕੁੜੀ ਦਾ ਅੱਧੀ ਰਾਤ ਧੱਕੇ ਨਾਲ ਅੰਤਮ ਸੰਸਕਾਰ

Published on 30 Sep, 2020 10:28 AM.


ਹਾਥਰਸ : ਗੈਂਗਰੇਪ ਦਾ ਸ਼ਿਕਾਰ ਹੋਣ ਤੋਂ ਬਾਅਦ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਮੰਗਲਵਾਰ ਦਮ ਤੋੜ ਦੇਣ ਵਾਲੀ 19 ਸਾਲ ਦੀ ਦਲਿਤ ਕੁੜੀ ਦਾ ਪੁਲਸ ਨੇ ਬੁੱਧਵਾਰ ਰਾਤ ਤਿੰਨ ਵਜੇ ਉਸ ਦੇ ਪਿੰਡ ਬੂਲ ਗੜ੍ਹੀ ਵਿਚ ਧੱਕੇ ਨਾਲ ਅੰਤਮ ਸੰਸਕਾਰ ਕਰ ਦਿੱਤਾ। ਉਸ ਨੇ ਲਾਸ਼ ਪਰਵਾਰ ਨੂੰ ਨਹੀਂ ਦਿੱਤੀ। ਇਸ ਸੰਬੰਧ ਵਿਚ ਸਾਹਮਣੇ ਆਏ ਵੀਡੀਓ ਮੁਤਾਬਕ ਜਦ ਪੁਲਸ ਲਾਸ਼ ਨੂੰ ਅੰਤਮ ਸੰਸਕਾਰ ਲਈ ਲੈ ਕੇ ਜਾ ਰਹੀ ਸੀ, ਪਰਵਾਰ ਵਾਲਿਆਂ ਨੇ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਪੁਲਸ ਨੇ ਇਕ ਨਾ ਸੁਣੀ। ਪਰਵਾਰ ਵਾਲਿਆਂ ਨੇ ਗੱਡੀ ਅੱਗੇ ਲੰਮੇ ਪੈ ਕੇ ਲਾਸ਼ ਮੰਗੀ। ਮਹਿਲਾਵਾਂ ਐਂਬੂਲੈਂਸ ਦੇ ਉੱਤੇ ਚੜ੍ਹ ਗਈਆਂ ਤੇ ਉਸ ਦੀ ਮਾਂ ਗੱਡੀ ਅੱਗੇ ਲੰਮੀ ਪੈ ਕੇ ਛਾਤੀ ਪਿਟਦੀ ਰਹੀ। ਭਰਾ ਤੇ ਪਿਤਾ ਨੇ ਕਈ ਵਾਰ ਲਾਸ਼ ਦੇਣ ਦੀ ਮੰਗ ਕੀਤੀ। ਡੀ ਸੀ ਨੂੰ ਵੀ ਅਪੀਲ ਕੀਤੀ। ਇਹ ਵੀ ਕਿਹਾ ਕਿ ਰਾਤ ਨੂੰ ਅੰਤਮ ਸੰਸਕਾਰ ਕਰਨ ਦੀ ਉਨ੍ਹਾਂ ਦੀ ਪਰੰਪਰਾ ਨਹੀਂ ਹੈ, ਪਰ ਪੁਲਸ ਨੇ ਘਰਵਾਲਿਆਂ ਤੇ ਰਿਸ਼ਤੇਦਾਰਾਂ ਨੂੰ ਘਰ ਵਿਚ ਬੰਦ ਕਰਕੇ ਲਾਸ਼ ਦੁਆਲੇ ਕੜੀ ਬਣਾ ਕੇ ਉਸ ਦਾ ਅੰਤਮ ਸੰਸਕਾਰ ਕਰ ਦਿੱਤਾ। ਪਿਤਾ ਨੇ ਕਿਹਾ ਕਿ ਬੇਟੀ ਘਰ ਵਿਚ ਸਭ ਤੋਂ ਦੁਲਾਰੀ ਸੀ ਤੇ ਪੁਲਸ ਨੇ ਸਾਨੂੰ ਉਸ ਦਾ ਆਖਰੀ ਵਾਰ ਚਿਹਰਾ ਵੀ ਨਹੀਂ ਦੇਖਣ ਦਿੱਤਾ।
ਬੁੱਧਵਾਰ ਜਦੋਂ ਸਾਂਸਦ ਰਾਜਵੀਰ ਸਿੰਘ ਦਲੇਰ ਹਮਦਰਦੀ ਪ੍ਰਗਟਾਉਣ ਪੁੱਜੇ ਤਾਂ ਕੁੜੀ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੇਟੀ ਦਾ ਮੂੰਹ ਵੀ ਨਹੀਂ ਦੇਖਣ ਦਿੱਤਾ ਗਿਆ। ਡੀ ਸੀ ਤੇ ਐੱਸ ਪੀ ਝੂਠ ਬੋਲ ਰਹੇ ਹਨ ਕਿ ਬੇਟੀ ਦੀ ਹੱਡੀ ਨਹੀਂ ਟੁੱਟੀ ਤੇ ਉਸ ਨੂੰ ਕੋਈ ਚੋਟ ਨਹੀਂ ਆਈ ਸੀ। ਉਨ੍ਹਾਂ ਦੀ ਬੇਟੀ ਨਾਲ ਇਸ ਤਰ੍ਹਾਂ ਹੋਇਆ ਹੁੰਦਾ ਤਾਂ ਕੀ ਉਹ ਬਰਦਾਸ਼ਤ ਕਰਦੇ। ਦਲਿਤ ਦੀ ਬੇਟੀ ਸੀ, ਇਸ ਕਰਕੇ ਉਹ ਮਾਮਲੇ ਨੂੰ ਦਬਾਅ ਰਹੇ ਹਨ। ਪੁਲਸ ਦੀ ਇਸ ਕਾਰਵਾਈ ਤੋਂ ਗੁੱਸੇ ਦਲਿਤ ਸਮਾਜ ਦੇ ਲੋਕਾਂ ਨੇ ਬੁੱਧਵਾਰ ਸਵੇਰੇ ਹਾਥਰਸ ਵਿਚ ਬਾਜ਼ਾਰ ਬੰਦ ਕਰਾ ਦਿੱਤਾ। ਸਫਾਈ ਕਾਮਿਆਂ ਨੇ ਹੜਤਾਲ ਕਰ ਦਿੱਤੀ। ਵਾਲਮੀਕ ਸਮਾਜ ਦੇ ਲੋਕਾਂ ਨੇ ਥਾਣੇ 'ਤੇ ਪਥਰਾਅ ਕਰ ਦਿੱਤਾ। ਇਕ ਬਾਈਕ ਨੂੰ ਵੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਲੋਕਾਂ 'ਤੇ ਲਾਠੀਚਾਰਜ ਕੀਤਾ। ਕੋਤਵਾਲੀ ਸਦਰ ਇਲਾਕੇ ਦੇ ਤਾਲਾਬ ਚੌਰਾਹਾ ਸਾਸਨੀ ਗੇਟ ਵਿਖੇ ਵੀ ਕਾਫੀ ਪਥਰਾਅ ਹੋਇਆ।

305 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper