Latest News
ਕਾਮਰੇਡ ਬਲਵਿੰਦਰ ਸਿੰਘ ਨੂੰ ਨਮ ਅੱਖਾਂ ਨਾਲ ਅੰਤਮ ਵਿਦਾਈ

Published on 17 Oct, 2020 11:23 AM.


ਭਿੱਖੀਵਿੰਡ/ਖਾਲੜਾ (ਮਨੀ ਸੰਧੂ/ ਗੁਰਮੀਤ ਸੋਢੀ)
ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦਾ ਪਰਵਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੱਕੀ ਸੁਰੱਖਿਆ ਦਾ ਭਰੋਸਾ ਮਿਲਣ ਤੋਂ ਬਾਅਦ ਉਨ੍ਹਾ ਦਾ ਅੰਤਮ ਸੰਸਕਾਰ ਕਰਨ ਲਈ ਤਿਆਰ ਹੋ ਗਿਆ ਤੇ ਦੁਪਹਿਰ ਢਾਈ ਕੁ ਵਜੇ ਉਨ੍ਹਾ ਦਾ ਸੰਸਕਾਰ ਕਰ ਦਿੱਤਾ ਗਿਆ। ਬੀਤੇ ਸ਼ੁੱਕਰਵਾਰ ਚੜ੍ਹਦੀ ਸਵੇਰ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦਾ 2 ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਆਪਣੇ ਘਰ 'ਚ ਪਤਨੀ ਜਗਦੀਸ਼ ਕੌਰ, ਬੇਟੇ ਗਗਨਦੀਪ ਸਿੰਘ, ਅਰਸ਼ਦੀਪ ਸਿੰਘ ਅਤੇ ਧੀ ਸਮੇਤ ਮੌਜੂਦ ਸਨ। ਇਸ ਦੌਰਾਨ ਮੋਟਰਸਾਈਕਲ ਸਵਾਰ 2 ਅਣਪਛਾਤੇ ਵਿਅਕਤੀਆਂ ਨੇ ਘਰ 'ਚ ਦਾਖ਼ਲ ਹੋ ਕੇ ਕਾਮਰੇਡ ਬਲਵਿੰਦਰ ਸਿੰਘ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਨ੍ਹਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਵਾਰ ਨੇ ਬਲਵਿੰਦਰ ਸਿੰਘ ਦੀ ਸੁਰੱਖਿਆ ਨੂੰ ਹਟਾਏ ਜਾਣ ਕਰਕੇ ਪੁਲਸ 'ਤੇ ਰੋਸ ਜ਼ਾਹਰ ਕੀਤਾ ਸੀ ਅਤੇ ਐੱਸ ਐੱਸ ਪੀ ਦੀ ਮੌਜੂਦਗੀ ਵਿਚ ਪੁਲਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਸੀ। ਡੀ ਆਈ ਜੀ ਹਰਦਿਆਲ ਸਿੰਘ ਮਾਨ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਦੁਪਹਿਰ 3 ਵਜੇ ਦੇ ਕਰੀਬ ਪਰਵਾਰ ਦੀ ਸਹਿਮਤੀ ਦੇ ਚਲਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਪੱਟੀ ਦੇ ਸਰਕਾਰੀ ਹਸਪਤਾਲ ਲਿਜਾਇਆ ਜਾ ਸਕਿਆ ਅਤੇ ਕਾਮਰੇਡ ਬਲਵਿੰਦਰ ਸਿੰਘ ਦਾ ਸਸਕਾਰ ਪਰਵਾਰ ਨੇ ਓਨੀ ਦੇਰ ਨਾ ਕਰਨ ਦਾ ਐਲਾਨ ਕੀਤਾ ਸੀ, ਜਦੋਂ ਤੱਕ ਕਾਤਲ ਫੜੇ ਨਹੀਂ ਜਾਂਦੇ ਅਤੇ ਡੀ ਜੀ ਪੀ ਵੱਲੋਂ ਪਰਵਾਰ ਦੀ ਪੱਕੀ ਸੁਰੱਖਿਆ ਦੇ ਆਦੇਸ਼ ਉਨ੍ਹਾਂ ਨੂੰ ਨਹੀਂ ਸੌਂਪੇ ਜਾਂਦੇ।
ਕਾਮਰੇਡ ਬਲਵਿੰਦਰ ਸਿੰਘ ਦੇ ਭਰਾ ਰਣਜੀਤ ਸਿੰਘ ਨੇ ਦੱਸਿਆ ਕਿ ਉਕਤ ਦੋਵਾਂ ਮੰਗਾਂ ਦੇ ਨਾਲ-ਨਾਲ ਬਲਵਿੰਦਰ ਸਿੰਘ ਸੰਧੂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਵੀ ਰੱਖੀ ਗਈ ਅਤੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸਸਕਾਰ ਨਾ ਕਰਨ ਦੀ ਚਿਤਾਵਨੀ ਦਿੱਤੀ ਸੀ।
ਸਬ-ਡਵੀਜ਼ਨ ਭਿੱਖੀਵਿੰਡ ਦੇ ਐੱਸ ਡੀ ਐੱਮ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਪਰਵਾਰ ਦੀ ਸੁਰੱਖਿਆ ਦੀ ਮੰਗ ਨੂੰ ਮੰਨ ਲਿਆ ਗਿਆ ਹੈ। ਇਸ ਤੋਂ ਬਾਅਦ ਪਰਵਾਰ ਵੱਲੋਂ ਬਲਵਿੰਦਰ ਸਿੰਘ ਨੂੰ ਅੰਤਮ ਵਿਦਾਈ ਦਿੱਤੀ ਗਈ।

194 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper