Latest News
ਬਿਨਾਂ ਆਗਿਆ ਸੀ ਬੀ ਆਈ ਨੂੰ ਪੰਜਾਬ 'ਚ ਦਾਖਲ ਨਹੀਂ ਹੋਣ ਦਿਆਂਗੇ : ਕੈਪਟਨ

Published on 21 Nov, 2020 11:24 AM.


ਚੰਡੀਗੜ੍ਹ (ਗੁਰਜੀਤ ਬਿੱਲਾ)
ਬਰਗਾੜੀ ਮਾਮਲੇ ਵਿੱਚ ਸੀ ਬੀ ਆਈ ਦੇ ਮਾੜੇ ਰਿਕਾਰਡ ਜਿੱਥੇ ਉਨ੍ਹਾਂ ਬਿਨਾਂ ਜਾਂਚ ਦੇ ਕੇਸ ਬੰਦ ਕਰ ਦਿੱਤਾ, ਦਾ ਹਵਾਲਾ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਿੱਚਰਵਾਰ ਕਿਹਾ ਕਿ ਉਨ੍ਹਾ ਦੀ ਸਰਕਾਰ ਕੇਂਦਰੀ ਜਾਂਚ ਬਿਊਰੋ ਨੂੰ ਆਪਣੇ ਸੂਬੇ ਵਿੱਚ ਬਿਨਾਂ ਆਗਿਆ ਤੋਂ ਦਾਖਲ ਹੋਣ ਦੀ ਇਜਾਜ਼ਤ ਨਹੀਂ ਦੇਵੇਗੀ। ਪੰਜਾਬ ਸਮੇਤ ਅੱਠ ਸੂਬਿਆਂ ਵੱਲੋਂ ਸੀ ਬੀ ਆਈ ਨੂੰ ਬਿਨਾਂ ਆਗਿਆ ਦਾਖਲ ਹੋਣ ਦੀ ਇਜਾਜ਼ਤ ਵਾਪਸ ਲੈਣ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਏਜੰਸੀ ਦੀ ਵੱਧ ਤੋਂ ਵੱਧ ਵਰਤੋਂ ਰਾਜਨੀਤੀ ਕਰਨ ਲਈ ਕੀਤੀ ਜਾ ਰਹੀ ਹੈ ਅਤੇ ਸੀ ਬੀ ਆਈ ਰਾਹੀਂ ਨਿਰਪੱਖ ਜਾਂਚ ਯਕੀਨੀ ਨਹੀਂ ਬਣਾਈ ਜਾ ਸਕਦੀ।
ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਰਾਜਸੀ ਪਿੜ ਵਿੱਚ ਮਹੱਤਵਹੀਣ ਗਰਦਾਨਦਿਆਂ ਮੁੱਖ ਮੰਤਰੀ ਨੇ ਇਕ ਟੀ.ਵੀ. ਚੈਨਲ ਨੂੰ ਕਿਹਾ ਕਿ ਭਾਜਪਾ ਦਾ ਸੂਬੇ ਵਿੱਚ ਸਾਰੀਆਂ 117 ਵਿਧਾਨ ਸਭਾ ਸੀਟਾਂ ਲੜਨ ਲਈ ਸਵਾਗਤ ਹੈ, ਪਰ ਇਹ ਪਾਰਟੀ ਬਿਨਾਂ ਕਿਸੇ ਗਠਜੋੜ ਭਾਈਵਾਲ ਦੇ ਇਕ ਵੀ ਸੀਟ ਨਹੀਂ ਜਿੱਤ ਸਕਦੀ। ਉਨ੍ਹਾ ਕਿਹਾ ਕਿ ਅਸਲ ਵਿੱਚ ਕਾਂਗਰਸ ਨੂੰ ਪੰਜਾਬ ਵਿੱਚ ਕੋਈ ਚੁਣੌਤੀ ਨਹੀਂ, ਇਥੋਂ ਤੱਕ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੋਂ ਵੀ ਕੋਈ ਖਤਰਾ ਨਹੀਂ। ਉਨ੍ਹਾ ਕਿਹਾ ਕਿ ਇਨ੍ਹਾਂ ਪਾਰਟੀਆਂ ਵਿੱਚੋਂ ਕਿਸੇ ਨੇ ਵੀ ਸੂਬੇ ਦੇ ਹਿੱਤ ਲਈ ਕਦੇ ਵੀ ਸਕਾਰਾਤਮਕ ਗੱਲ ਨਹੀਂ ਕੀਤੀ। ਕੈਪਟਨ ਨੇ ਕਿਹਾ ਕਿ ਸੂਬੇ ਵਿੱਚ ਚੋਣਾਂ ਨੂੰ ਹਾਲੇ 18 ਮਹੀਨੇ ਦੇ ਕਰੀਬ ਸਮਾਂ ਪਿਆ ਹੈ ਅਤੇ ਇਹ ਕਹਿਣਾ ਸੰਭਵ ਨਹੀਂ ਕਿ ਚੋਣਾਂ ਵੇਲੇ ਕਿਹੜਾ ਮੁੱਦਾ ਭਾਰੂ ਰਹੇਗਾ। ਉਨ੍ਹਾ ਉਮੀਦ ਪ੍ਰਗਟਾਈ ਕਿ ਭਾਜਪਾ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਜਲਦੀ ਹੱਲ ਕਰੇਗੀ। ਉਨ੍ਹਾ ਕਿਹਾ ਕਿ ਕਿਸਾਨ ਐੱਮ ਐੱਸ ਪੀ ਦਾ ਬਣੇ ਰਹਿਣਾ ਚਾਹੁੰਦੇ ਹਨ ਅਤੇ ਭਾਰਤ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾ ਕੇਂਦਰ ਅਤੇ ਕਿਸਾਨਾਂ ਦੋਵਾਂ ਵੱਲੋਂ ਸਖਤ ਫੈਸਲੇ 'ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਕਿਸਾਨ ਸੰਘਰਸ਼ ਲੰਮਾ ਚੱਲਣ ਨਾਲ ਸਰਹੱਦ 'ਤੇ ਬੈਠੇ ਸੈਨਿਕਾਂ ਨੂੰ ਪਹੁੰਚਾਈ ਜਾਣ ਵਾਲੀ ਸਪਲਾਈ ਪ੍ਰਭਾਵਿਤ ਹੋਵੇਗੀ, ਜਦੋਂ ਕਿ ਇਹ ਪੰਜਾਬ ਦੇ ਹਿੱਤਾਂ ਦਾ ਵੀ ਨੁਕਸਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਸੰਘਰਸ਼ ਕਿਸਾਨਾਂ ਦਾ ਲੋਕਤੰਤਰਿਕ ਅਤੇ ਸੰਵਿਧਾਨਕ ਹੱਕ ਹੈ, ਜਿਸ ਦਾ ਕੇਂਦਰ ਸਰਕਾਰ ਨੂੰ ਵੀ ਅਹਿਸਾਸ ਹੈ, ਕਿਉਂਕਿ ਉਨ੍ਹਾ ਵੱਲੋਂ ਗੱਲਬਾਤ ਲਈ ਕਿਸਾਨ ਯੂਨੀਅਨਾਂ ਨੂੰ ਬੁਲਾਉਣ ਦਾ ਫੈਸਲਾ ਕੀਤਾ ਗਿਆ ਸੀ। ਮੁੱਖ ਮੰਤਰੀ ਨੇ ਇਹ ਗੱਲ ਦੁਹਰਾਈ ਕਿ ਉਹ ਕਾਰਪੋਰੇਟਾਂ ਵੱਲੋਂ ਪੰਜਾਬ ਵਿੱਚ ਅਨਾਜ ਖਰੀਦਣ ਦਾ ਸਵਾਗਤ ਕਰਦੇ ਹਨ ਬਸ਼ਰਤੇ ਉਹ ਮੌਜੂਦਾ ਮੰਡੀਕਰਨ ਸਿਸਟਮ ਦਾ ਪਾਲਣ ਕਰਦੇ ਹੋਣ, ਜਿਹੜਾ ਕਿਸਾਨ ਤੇ ਆੜ੍ਹਤੀਏ ਵਿਚਾਲੇ ਨਜ਼ਦੀਕੀ ਸਬੰਧਾਂ ਉਤੇ ਬਣਿਆ ਹੋਇਆ ਹੈ। ਉਨ੍ਹਾ ਭਾਜਪਾ ਦੇ ਉਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ, ਜਿਸ ਵਿੱਚ ਉਨ੍ਹਾਂ ਕਾਂਗਰਸ ਅਤੇ ਹੋਰਨਾਂ ਕੇਂਦਰ ਵਿਰੋਧੀ ਪਾਰਟੀਆਂ ਉਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਏ ਸਨ। ਉਨ੍ਹਾ ਕਿਹਾ ਕਿ ਸਮੁੱਚੀ ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨੇ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ, ਭਾਵੇਂ ਕਿ ਕੁਝ ਪਾਰਟੀਆਂ ਨੇ ਆਪਣੀ ਰਾਜਸੀ ਮਜਬੂਰੀ ਦੇ ਚੱਲਦਿਆਂ ਬਾਅਦ ਵਿੱਚ ਯੂ-ਟਰਨ ਲੈ ਲਿਆ। ਕੇਂਦਰ ਸਰਕਾਰ ਵੱਲੋਂ ਜਦੋਂ ਬਿੱਲਾਂ ਨੂੰ ਸੰਸਦ ਵਿੱਚ ਲਿਆਂਦਾ ਜਾ ਰਿਹਾ ਸੀ ਤਾਂ ਪੰਜਾਬ ਸਰਕਾਰ ਸਮੇਤ ਸਾਰੀਆਂ ਸੰਬੰਧਤ ਧਿਰਾਂ ਦੀ ਰਾਏ ਲੈਣੀ ਚਾਹੀਦੀ ਸੀ। ਇਹ ਸਭ ਕਰਨ ਦੀ ਬਜਾਏ ਬਿਨਾਂ ਬਹਿਸ ਤੋਂ ਬਿੱਲ ਪਾਸ ਕਰ ਦਿੱਤੇ ਗਏ। ਕਾਂਗਰਸ ਵਿੱਚ ਅਸਹਿਮਤੀ ਨੂੰ ਅੰਦਰੂਨੀ ਲੋਕਤੰਤਰ ਦਾ ਸੰਕੇਤ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਪਾਰਟੀ ਹਾਈ ਕਮਾਂਡ ਨੂੰ ਪੱਤਰ ਲਿਖਿਆ ਸੀ, ਉਨ੍ਹਾਂ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਗਠਿਤ ਅਹਿਮ ਕਮੇਟੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਮੁੱਦੇ ਉਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਗੱਲ ਦੀ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ, ਪਰ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣਾ ਨਹੀਂ ਚਾਹੁੰਦਾ, ਕਿਉਂਕਿ ਉਹ ਇਸ ਨੂੰ ਆਪਣੇ ਰਾਜਸੀ ਹਿੱਤਾਂ ਲਈ ਵਰਤਦੇ ਹਨ। ਭਾਰਤੀ ਜਲ ਸੈਨਾ ਵੱਲੋਂ ਹੋਰਨਾਂ ਦੇਸ਼ਾਂ ਨਾਲ ਮਿਲ ਕੇ ਕੀਤੀਆਂ ਜਾ ਰਹੀਆਂ ਸਾਂਝੀਆਂ ਮਸ਼ਕਾਂ ਦਾ ਸਵਾਗਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੀਨ ਤੇ ਪਾਕਿਸਤਾਨ ਦੇ ਭਾਰਤ ਵਿਰੁੱਧ ਨਾਪਾਕ ਮਨਸੂਬੇ ਸਫਲ ਨਹੀਂ ਹੋਣਗੇ। ਉਨ੍ਹਾ ਕਿਹਾ ਕਿ ਪੰਜਾਬ ਸ਼ਾਂਤੀ ਤੇ ਵਿਕਾਸ ਚਾਹੁੰਦਾ ਹੈ ਅਤੇ ਪੰਜਾਬ ਕਿਸੇ ਵੀ ਕੀਮਤ 'ਤੇ ਪਾਕਿਸਤਾਨ ਨੂੰ ਮੁਸੀਬਤ ਪੈਦਾ ਕਰਨ ਦੀ ਆਗਿਆ ਨਹੀਂ ਦੇਵੇਗਾ।

202 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper