ਜਲੰਧਰ (ਨਵਾਂ ਜ਼ਮਾਨਾ ਸਰਵਿਸ)
ਪ੍ਰਗਤੀਸ਼ੀਲ ਲੇਖਕ ਸੰਘ ਦੀ ਪੰਜਾਬ ਇਕਾਈ ਦੇ ਸੱਦੇ 'ਤੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਦੇ ਬਾਹਰ ਪੰਜਾਬੀ ਲੇਖਕ ਭਾਈਚਾਰੇ ਵੱਲੋਂ ਮਨੁੱਖੀ ਕੜੀ ਬਣਾ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ | ਇਹ ਮਨੁੱਖੀ ਕੜੀ ਕਿਸਾਨੀ ਸੰਘਰਸ਼ ਦੇ ਪੱਖ 'ਚ ਅਤੇ ਤਿੰਨੇ ਖੇਤੀ ਕਨੂੰਨਾਂ ਦੇ ਵਿਰੋਧ ਵਜੋਂ ਬਣਾਈ ਗਈ, ਜਿਸ ਵਿਚ ਲੇਖਕਾਂ/ਪੱਤਰਕਾਰਾਂ/ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ | ਇਸ ਰੋਸ ਪ੍ਰਦਰਸ਼ਨ ਬਾਰੇ ਬਿਆਨ ਸਾਂਝਾ ਕਰਦਿਆਂ ਸੰਸਥਾ ਦੇ ਪੰਜਾਬ ਜਨਰਲ ਸਕੱਤਰ ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਕਿਸਾਨੀ ਅੰਦੋਲਨ ਅਤੇ ਕੇਂਦਰ ਸਰਕਾਰ ਦੇ ਹੱਠ ਨੂੰ ਮੁੱਖ ਰੱਖਦਿਆਂ ਲੇਖਕ ਭਾਈਚਾਰੇ ਨੇ ਸੰਵੇਦਨਾ ਦਾ ਪ੍ਰਗਟਾਵਾ ਕਰਨ ਤੇ ਸਰਕਾਰ ਪ੍ਰਤੀ ਰੋਸ ਪ੍ਰਗਟਾਉਣ ਲਈ ਇਹ ਕੜੀਆਂ ਪੰਜਾਬ ਭਰ 'ਚ ਸ਼ੁਰੂ ਕੀਤੀਆਂ ਹਨ | ਜਲੰਧਰ ਦੇ ਲੇਖਕਾਂ ਡਾ. ਆਰ. ਬੀ. ਸਿੰਘ, ਬਲਵੀਰ ਪਰਵਾਨਾ, ਮੱਖਣ ਮਾਨ, ਦੇਸ ਰਾਜ ਕਾਲੀ, ਭਗਵੰਤ ਰਸੂਲਪੁਰੀ, ਡਾ. ਸੈਲੇਸ਼, ਰਮੇਸ਼ ਚੋਹਕਾਂ, ਸੁਖਵਿੰਦਰ ਸਿੰਘ ਕੋਟਲੀ, ਰਜਿੰਦਰ ਮੰਡ, ਜਗਦੀਸ਼ ਰਾਣਾ, ਡਾ. ਕੁਲਵੰਤ ਸੰਧੂ, ਪ੍ਰੋ. ਕੁਲਵੰਤ ਢਿੱਲੋਂ ਸਮੇਤ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਤਲ ਸੰਘਾ, ਅਮੋਲਕ ਸਿੰਘ ਤੇ ਸੁਰਿੰਦਰ ਕੁਮਾਰੀ ਤੋਂ ਇਲਾਵਾ ਹੋਰ ਲੋਕ ਵੀ ਹਾਜਰ ਸਨ | ਸਾਰੇ ਹਾਜਰ ਲੇਖਕਾਂ ਨੇ ਨਾਅਰਿਆਂ ਨਾਲ ਦੇਸ਼ ਭਗਤ ਯਾਦਗਾਰ ਹਾਲ ਤੋਂ ਰੋਸ ਸ਼ੁਰੂ ਕੀਤਾ ਅਤੇ ਬਾਹਰ ਸੜਕ ਉੱਪਰ ਇਹ ਮਨੁੱਖੀ ਕੜੀ ਬਣਾਈ |