Latest News
ਲੋਕ-ਜਮਹੂਰੀਅਤ ਲਈ ਸਮਾਜ ਅੱਗੇ ਆਵੇ : ਚੀਮਾ

Published on 24 Jan, 2021 10:18 AM.


ਜਲੰਧਰ : 'ਕਾਲ਼ੇ ਖੇਤੀ ਕਾਨੂੰਨ ਅਤੇ ਲੋਕ ਸੰਘਰਸ਼' ਵਿਸ਼ੇ 'ਤੇ ਐਤਵਾਰ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕੀਤੀ ਗੰਭੀਰ ਵਿਚਾਰ-ਚਰਚਾ ਨੇ ਇਹ ਪੱਖ ਉਭਾਰਿਆ ਕਿ ਜੇ ਕੇਂਦਰੀ ਭਾਜਪਾ ਹਕੂਮਤ ਦੇਸੀ-ਬਦੇਸੀ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ 'ਤੇ ਦੇਸ਼-ਵਿਰੋਧੀ ਕਾਨੂੰਨ ਧੱਕੇ ਨਾਲ ਮੜ੍ਹਨ ਲਈ ਬਜ਼ਿਦ ਹੈ, ਜਦ ਕਿ ਕਾਨੂੰਨ ਰੱਦ ਕਰਾਉਣ ਲਈ ਉੱਠੇ ਜਨ-ਅੰਦੋਲਨ ਵੱਲੋਂ ਮੋਰਚਾ ਫਤਿਹ ਕਰਨ ਤੋਂ ਬਿਨ੍ਹਾਂ ਪੈਰ ਪਿੱਛੇ ਨਾ ਪੁੱਟਣਾ ਬਿਲਕੁਲ ਜਾਇਜ਼ ਹੈ |
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਦੋਵੇਂ ਮੁੱਖ ਬੁਲਾਰੇ ਰਾਜਿੰਦਰ ਸਿੰਘ ਚੀਮਾ (ਸੀਨੀਅਰ ਐਡਵੋਕੇਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ) ਅਤੇ ਡਾ. ਸੁਖਪਾਲ ਸਿੰਘ (ਪੰਜਾਬੀ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ) ਵਿਚਾਰ-ਚਰਚਾ ਮੌਕੇ ਮੰਚ 'ਤੇ ਸੁਸ਼ੋਭਿਤ ਸਨ |
ਡਾ. ਪਰਮਿੰਦਰ ਸਿੰਘ ਨੇ ਵਿਚਾਰ-ਚਰਚਾ ਦੇ ਸਾਰ-ਤੱਤ ਉਪਰ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ, ਕਾਲ਼ੇ ਖੇਤੀ ਕਾਨੂੰਨਾਂ ਨੂੰ ਇਤਿਹਾਸਕ ਝਰੋਖੇ ਵਿਚੀਂ ਦੇਖਦੇ ਹੋਏ ਇਸ ਦੀ ਅਮੀਰ ਵਿਰਾਸਤ ਨੂੰ ਅੱਗੇ ਤੋਰਨ ਦੇ ਭਵਿੱਖ਼-ਮੁਖੀ ਸੁਲੱਖਣੇ ਲੋਕ-ਸੰਗਰਾਮ ਦੇ ਵਰਤਾਰੇ ਵਜੋਂ ਦੇਖ ਰਹੀ ਹੈ |
ਡਾ. ਸੁਖਪਾਲ ਨੇ ਕਿਹਾ ਕਿ ਧੱਕੇ ਨਾਲ ਕਿਸਾਨੀ ਦਾ ਫਾਇਦਾ ਕਰਨ ਦੇ ਨਾਂਅ ਹੇਠ ਜਬਰੀ ਕਾਨੂੰਨ ਠੋਸਣ ਖਿਲਾਫ਼ ਉੱਠਿਆ ਲੋਕ-ਰੋਹ, ਜਾਇਜ਼ ਅਤੇ ਹੱਕੀ ਹੈ | ਸਾਡੇ ਖੋਜਕਾਰਾਂ, ਇਤਿਹਾਸਕਾਰਾਂ, ਸਮਾਜ ਸ਼ਾਸਤਰੀ, ਵਿਗਿਆਨੀਆਂ ਨੂੰ ਦਿੱਲੀ ਮੋਰਚੇ ਅੰਦਰ ਧੜਕਦੀ ਜ਼ਿੰਦਗੀ ਤੋਂ ਸਿੱਖਣ ਦੀ ਲੋੜ ਹੈ | ਉਹਨਾ ਕਿਹਾ ਕਿ ਮੁਲਕ ਦੇ ਲੋਕਾਂ ਨੂੰ ਚੌਤਰਫ਼ੇ ਆਰਥਕ, ਸਮਾਜਕ ਸੰਕਟ ਵਿੱਚ ਧੱਕਣ ਅਤੇ ਮੁੱਠੀ ਭਰ ਕਾਰਪੋਰਟਾਂ ਦੀ ਲੁੱਟ ਦੇ ਅੰਬਾਰ ਲਾਉਣ ਦੀਆਂ ਨੀਤੀਆਂ ਖਿਲਾਫ਼ ਚੱਲ ਰਿਹਾ ਸੰਘਰਸ਼, ਲੁੱਟ, ਅਨਿਆਂ, ਜਬਰ ਰਹਿਤ ਅਤੇ ਧਰਤੀ 'ਤੇ ਸਵਰਗ ਸਿਰਜਣ ਦਾ ਪ੍ਰਵੇਸ਼-ਦੁਆਰ ਹੈ | ਪੰਜਾਬ-ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਰਾਜਿੰਦਰ ਸਿੰਘ ਚੀਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੇ ਕਾਨੂੰਨ ਕਿਸਾਨਾਂ, ਮਜ਼ਦੂਰਾਂ ਦੀ ਮੌਤ ਦੇ ਵਰੰਟ ਹਨ, ਇਸ ਕਰਕੇ ਕਿਸਾਨਾਂ ਦਾ ਇਹ ਮੌਲਿਕ ਜਮਹੂਰੀ ਹੱਕ ਹੈ ਕਿ ਉਹ ਅਜਿਹੇ ਕਾਨੂੰਨ ਰੱਦ ਕਰਾਉਣ ਲਈ ਡਟ ਕੇ ਸੰਘਰਸ਼ ਦੇ ਮੈਦਾਨ 'ਚ ਡਟੇ ਰਹਿਣ | ਉਹਨਾ ਕਿਹਾ ਕਿ ਮੁਲਕ ਦੇ ਕਿਰਤੀ-ਕਿਸਾਨ ਅਸਲ 'ਚ ਜਮਹੂਰੀਅਤ ਭਰੇ ਸਿਹਤਮੰਦ ਸਮਾਜ ਦੀ ਜੱਦੋ-ਜਹਿਦ ਲੜ ਰਹੇ ਹਨ, ਜਦੋਂ ਕਿ ਸੰਵਿਧਾਨ, ਕਾਨੂੰਨ ਦੇ ਰਾਖੇ ਹੋਣ ਦੇ ਦਾਅਵੇਦਾਰ ਅਖਵਾਉਣ ਵਾਲੇ ਹੁਕਮਰਾਨਾਂ ਕੋਲੋਂ ਜਮਹੂਰੀਅਤ ਨੂੰ ਗੰਭੀਰ ਖ਼ਤਰਾ ਹੈ | ਜੀਵਨ ਦੀਆਂ ਮੁੱਢਲੀਆਂ ਅਤੇ ਬੁਨਿਆਦੀ ਲੋੜਾਂ ਦੇ ਦਾਇਰੇ ਵਿਚੋਂ ਅਨਾਜ ਨੂੰ ਬਾਹਰ ਕੱਢ ਕੇ ਜਮ੍ਹਾਂਖੋਰੀ ਦਾ ਕਾਰਪੋਰੇਟ ਨੂੰ ਕਾਨੂੰਨੀ ਲਾਇਸੰਸ ਮੁਹੱਈਆ ਕਰਨਾ ਅਤੇ ਦੂਜੇ ਪਾਸੇ ਸਮਾਜ ਦੇ ਸਿਰਜਕਾਂ ਨੂੰ ਮੌਤ ਦੇ ਅੰਨੇ੍ਹ ਖੂਹ ਵਿੱਚ ਸੁੱਟਣ ਦਾ ਅਪਰਾਧਜਨਕ ਕਾਨੂੰਨ ਮੜ੍ਹਨਾ ਹੈ | ਸੀਨੀਅਰ ਵਕੀਲ ਰਾਜਿੰਦਰ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਅਤੇ ਆਰ ਐੱਸ ਐੱਸ ਹਿੰਦੂ ਫ਼ਿਰਕੂ ਫਾਸ਼ੀਵਾਦੀ ਰਾਜ ਸਥਾਪਤ ਕਰਨ ਦੀ ਅੰਨ੍ਹੀ ਦੌੜ ਦੌੜਦੀ ਹੋਈ ਗ਼ਦਰ, ਕਿਰਤੀ ਅਤੇ ਨੌਜਵਾਨ ਭਾਰਤ ਸਭਾ ਲਹਿਰ ਦੀ ਸਾਂਝੀ ਕੁਰਬਾਨੀਆਂ ਭਰੀ ਸ਼ਾਨਾਮੱਤੀ ਵਿਰਾਸਤ ਦਾ ਅਪਮਾਨ ਕਰਨਾ ਹੈ | ਗੋਦੀ ਮੀਡੀਆ ਨੂੰ ਲੰਮੇ ਹੱਥੀਂ ਲੈਂਦਿਆਂ ਵਕੀਲ ਚੀਮਾ ਨੇ ਕਿਹਾ ਕਿ ਅਜਾਰੇਦਾਰ ਘਰਾਣਿਆਂ ਦੀ ਬੋਲੀ ਬੋਲਦਾ ਮੀਡੀਆ ਲੋਕਾਂ ਨਾਲ ਧ੍ਰੋਹ ਕਮਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬੁੱਧੀਜੀਵੀ ਵਰਗ ਵੱਲੋਂ ਕਿਸਾਨੀ ਸੰਘਰਸ਼ ਨੂੰ ਸਲਾਮ ਕਰਨਾ ਬਣਦਾ ਹੈ, ਜਿਨ੍ਹਾਂ ਹਊਮੈਂ 'ਚ ਮਦਹੋਸ਼ ਕੇਂਦਰੀ ਭਾਜਪਾ ਹੁਕਮਰਾਨਾ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਅਤੇ ਸਾਡੇ ਲਈ ਡਾਢਿਆਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਦਾ ਅਧਿਕਾਰ ਬਹਾਲ ਕਰ ਦਿੱਤਾ | ਉਨ੍ਹਾ ਕਿਹਾ ਕਿ ਇਸ ਦਿ੍ਸ਼ਟੀ ਤੋਂ ਘੋਖਿਆਂ ਅਤੇ ਮੁਲਅੰਕਣ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਨੈਤਿਕ ਤੌਰ 'ਤੇ ਕਿਸਾਨਾਂ ਨੇ ਮੋਰਚਾ ਜਿੱਤ ਲਿਆ ਹੈ | 'ਪਾੜੋ ਤੇ ਰਾਜ ਕਰੋ' ਦੀ ਨੀਤੀ ਉਪਰ ਕਰਾਰੀ ਸੱਟ ਮਾਰਨ ਵਾਲੇ ਅਜੋਕੇ ਅੰਦੋਲਨ ਦੇ ਅਮੀਰ ਮੁੱਲਾਂ ਨੂੰ ਵਡਿਆਉਂਦਿਆਂ ਵਕੀਲ ਚੀਮਾ ਨੇ ਕਿਹਾ ਕਿ ਲੋਕਾਂ ਨੇ ਆਪਣੇ-ਪਰਾਏ ਦੀ ਨਿਰਖ਼ ਕਰਨ ਦਾ ਇਮਤਿਹਾਨ ਅਵੱਲ ਦਰਜੇ 'ਚ ਪਾਸ ਕਰ ਲਿਆ ਹੈ | ਹਾਕਮ ਜਮਾਤੀ ਪੱਖੀ ਚੋਣ-ਪ੍ਰਣਾਲੀ ਉੱਪਰ ਤਿੱਖੀ ਚੋਟ ਕਰਦਿਆਂ ਸੀਨੀਅਰ ਵਕੀਲ ਨੇ ਕਿਹਾ ਕਿ ਜਮਹੂਰੀਅਤ ਜ਼ੋਰਾਵਰਾਂ ਨੇ ਅਗਵਾ ਕਰ ਲਈ ਹੈ, ਇਸ ਲਈ ਹਕੀਕੀ ਜਮਹੂਰੀਅਤ ਦੀਆਂ ਨੀਹਾਂ ਅਤੇ ਇਮਾਰਤ ਪੱਕੀ ਕਰਨ ਲਈ ਲੋਕਾਂ ਨੂੰ ਖ਼ੁਦ ਲੋਕ-ਜਮਹੂਰੀਅਤ ਮਜ਼ਬੂਤ ਕਰਨ ਲਈ ਲੰਮਾ ਦਮ ਰੱਖਵੇਂ ਸੰਘਰਸ਼ ਦੇ ਰਾਹ ਅੱਗੇ ਵਧਣਾ ਪਵੇਗਾ |
ਵਿਚਾਰ-ਚਰਚਾ 'ਚ ਮਤੇ ਪਾਸ ਕੀਤੇ ਗਏ ਕਿ ਐੱਨ ਆਈ ਏ ਵੱਲੋਂ ਲੋਕਾਂ ਨੂੰ ਕੇਸਾਂ 'ਚ ਫਸਾਉਣ ਅਤੇ ਸੂਬਿਆਂ ਅੰਦਰ ਸਿੱਧੀ ਦਖਲਅੰਦਾਜ਼ੀ ਕਰਨਾ ਬੰਦ ਕੀਤਾ ਜਾਏ | ਬੁੱਧੀਜੀਵੀਆਂ, ਲੇਖਕਾਂ, ਕਵੀਆਂ, ਜਮਹੂਰੀ ਕਾਮਿਆਂ ਨੂੰ ਬਿਨ੍ਹਾਂ ਸ਼ਰਤ ਫੌਰੀ ਰਿਹਾਅ ਕੀਤਾ ਜਾਏ | ਖੇਤੀ ਅਤੇ ਲੋਕ ਵਿਰੋਧੀ ਕਾਨੂੰਨਾਂ ਖਿਲਾਫ਼ ਉੱਠੇ ਸੰਘਰਸ਼ ਦੀ ਹਮਾਇਤ ਕਰਦਿਆਂ ਮੰਗ ਕੀਤੀ ਗਈ ਕਿ ਬਿਨਾਂ ਕਿਸੇ ਦੇਰੀ ਦੇ ਕਾਨੂੰਨ ਰੱਦ ਕੀਤੇ ਜਾਣ | ਆਈ ਐੱਮ ਐੱਫ਼ ਵੱਲੋਂ ਕਾਨੂੰਨਾਂ ਦੀ ਬੇਸ਼ਰਮੀ ਭਰੀ ਹਮਾਇਤ ਕਰਨ ਦੀ ਤਿੱਖੀ ਆਲੋਚਨਾ ਦਾ ਵੀ ਮਤਾ ਪਾਸ ਕੀਤਾ ਗਿਆ |
ਦੋਵੇਂ ਮੁੱਖ ਬੁਲਾਰਿਆਂ ਨੂੰ ਕਿਤਾਬਾਂ ਦੇ ਸੈੱਟ ਭੇਟ ਕਰਕੇ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਨਮਾਨਤ ਕੀਤਾ | ਇਸ ਮੌਕੇ ਅਹੁਦੇਦਾਰਾਂ ਤੋਂ ਇਲਾਵਾ ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਖਜ਼ਾਨਚੀ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਹਰਵਿੰਦਰ ਭੰਡਾਲ, ਪਿ੍ਥੀਪਾਲ ਸਿੰਘ ਮਾੜੀਮੇਘਾ, ਚਰੰਜੀ ਲਾਲ ਕੰਗਣੀਵਾਲ, ਹਰਮੇਸ਼ ਮਾਲੜੀ, ਵਿਜੈ ਬੰਬੇਲੀ ਅਤੇ ਪ੍ਰੋ. ਗੋਪਾਲ ਬੁੱਟਰ ਵੀ ਮੌਜੂਦ ਸਨ | ਸਮਾਗਮ 'ਤੇ ਸਮੇਟਵੀਂ ਟਿੱਪਣੀ ਅਤੇ ਧੰਨਵਾਦ ਦੇ ਸ਼ਬਦ ਬੋਲਦਿਆਂ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਦੋਵੇਂ ਬੁਲਾਰਿਆਂ ਦੇ ਅਮੁੱਲੇ ਵਿਚਾਰਾਂ ਨੂੰ ਲੜ ਬੰਨ੍ਹਦੇ ਹੋਏ ਸਾਨੂੰ ਚੱਲ ਰਹੇ ਅੰਦੋਲਨ ਤੋਂ ਸਿੱਖਣ ਅਤੇ ਇਸ ਨੂੰ ਭਰਵਾਂ ਸਮਰਥਨ ਦੇਣ ਲਈ ਅੱਗੇ ਆਉਣ ਦੀ ਲੋੜ ਹੈ | ਸਮਾਗਮ 'ਚ ਖੜ੍ਹੇ ਹੋ ਕੇ ਕਾਲ਼ੇ ਕਾਨੂੰਨ ਵਿਰੋਧੀ ਸੰਘਰਸ਼ ਦੌਰਾਨ ਜਾਨ ਵਾਰਨ ਵਾਲਿਆਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ ਅਤੇ ਸੀਨੀਅਰ ਪੱਤਰਕਾਰ ਤੇ ਲੇਖਕ ਮਨੋਹਰ ਲਾਲ ਦੇ ਵਿਛੋੜੇ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ | ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਨੇ ਵਿਚਾਰ-ਚਰਚਾ ਦੌਰਾਨ ਮੰਚ ਸੰਚਾਲਨ ਕੀਤਾ |

286 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper