ਮਾਸਕੋ : ਰੂਸ 'ਚ ਪੁਤਿਨ ਸਰਕਾਰ ਖਿਲਾਫ਼ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਹੋਇਆ, ਜਿਸ 'ਚ ਲੱਖਾਂ ਲੋਕਾਂ ਨੇ ਹਿੱਸਾ ਲਿਆ | ਵਿਰੋਧੀ ਨੇਤਾ ਅਲੈਕਸੀ ਨਵੇਲਨੀ ਦੀ ਗਿ੍ਫ਼ਤਾਰੀ ਦੇ ਵਿਰੋਧ 'ਚ ਰੂਸ ਦੇ ਕਰੀਬ 100 ਸ਼ਹਿਰਾਂ 'ਚ ਲੋਕ ਸੜਕਾਂ 'ਤੇ ਨਿਕਲ ਪਏ | ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਸਖ਼ਤ ਕਰਵਾਈ ਕੀਤੀ ਅਤੇ 3 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਗਿ੍ਫ਼ਤਾਰੀ ਕੀਤੀ ਗਈ | ਨਵੇਲਨੀ ਦੀ ਪਤਨੀ ਯੂਲੀਆ ਨੂੰ ਵੀ ਪ੍ਰਦਰਸ਼ਨ ਦੌਰਾਨ ਹਿਰਾਸਤ 'ਚ ਲਿਆ ਗਿਆ | ਇੱਕ ਰਿਪੋਰਟ ਮੁਤਾਬਕ ਮਾਸਕੋ 'ਚ ਪੁਲਸ ਪ੍ਰਦਰਸ਼ਨਕਰੀਆਂ ਨੂੰ ਕੁੱਟਦੀ ਅਤੇ ਘਸੀਟਦੀ ਹੋਈ ਦਿਖਾਈ ਦਿੱਤੀ | ਵਿਰੋਧੀ ਨੇਤਾ ਦੀ ਗਿ੍ਫ਼ਤਾਰੀ 17 ਜਨਵਰੀ ਨੂੰ ਕੀਤੀ ਗਈ ਸੀ | ਨਵੇਲਨੀ ਪੁਤਿਨ ਦੇ ਸਭ ਤੋਂ ਚਰਚਿਤ ਆਲੋਚਕਾਂ ਦੇ ਰੂਪ 'ਚ ਮੰਨੇ ਜਾਂਦੇ ਹਨ | ਅਗਸਤ 2020 'ਚ ਰੂਸ ਵਿੱਚ ਨਵੇਲਨੀ ਨੂੰ ਜ਼ਹਿਰ ਦੇ ਦਿੱਤਾ ਗਿਆ ਸੀ | ਇਸ ਤੋਂ ਬਾਅਦ ਉਹ ਜਰਮਨੀ ਆ ਗਏ ਸਨ | ਬਰਲਿਨ ਤੋਂ ਮਾਸਕੋ ਪਹੁੰਚਦੇ ਹੀ ਉਨ੍ਹਾ ਨੂੰ ਹਿਰਾਸਤ 'ਚ ਲਿਆ ਗਿਆ | ਨਵੇਲਨੀ ਨੂੰ ਜ਼ਮਾਨਤ ਦੀਆਂ ਸ਼ਰਤਾਂ ਤੋੜਨ ਦਾ ਦੋਸ਼ੀ ਵੀ ਕਰਾਰ ਦਿੱਤਾ ਗਿਆ ਹੈ | ਹਾਲਾਂਕਿ ਨਵੇਲਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੁੱਪ ਕਰਾਉਣ ਲਈ ਸਾਜਿਸ਼ ਕੀਤੀ ਗਈ | ਆਜ਼ਾਦ ਐੱਨ ਜੀ ਓ, ਓ ਵੀ ਡੀ ਦਾ ਕਹਿਣਾ ਹੈ ਕਿ ਸਿਰਫ਼ ਮਾਸਕੋ 'ਚ ਪੁਲਸ ਨੇ 1200 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਪੂਰੇ ਰੂਸ 'ਚ 3100 ਤੋਂ ਜ਼ਿਆਦਾ ਲੋਕਾਂ ਦੀ ਗਿ੍ਫ਼ਤਾਰੀ ਕੀਤੀ ਗਈ ਹੈ | ਪ੍ਰਦਰਸ਼ਨਕਾਰੀਆਂ ਨੇ ਨਵੇਲਨੀ ਦੀ ਰਿਹਾਈ ਦੀ ਮੰਗ ਕੀਤੀ ਅਤੇ 'ਪੁਤਿਨ ਸੱਤਾ ਛੱਡੋ' ਦੇ ਨਾਅਰੇ ਵੀ ਲਾਏ |