ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ 'ਚ ਹੋਣ ਵਾਲੀ ਕਿਸਾਨਾਂ ਦੀ ਟਰੈਕਟਰ ਪਰੇਡ ਨੂੰ ਪੁਲਸ ਵੱਲੋਂ ਇਜਾਜ਼ਤ ਮਿਲ ਗਈ ਹੈ | ਐਤਵਾਰ ਨੂੰ ਇਸ ਦੀ ਜਾਣਕਾਰੀ ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਨੇ ਦਿੱਤੀ | ਉਨ੍ਹਾ ਦਾਅਵਾ ਕੀਤਾ ਕਿ ਰੈਲੀ ਸ਼ਾਂਤੀਪੂਰਨ ਤਰੀਕੇ ਨਾਲ ਕੱਢੀ ਜਾਵੇਗੀ | ਉਥੇ ਹੀ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਪੁਲਸ ਕਾਫ਼ੀ ਅਲਰਟ ਹੈ | ਪੁਲਸ ਨੇ ਜਵਾਨਾਂ ਨੂੰ ਗਣਤੰਤਰ ਦਿਵਸ 'ਤੇ ਅਲਰਟ ਰਹਿਣ ਦੇ ਆਦੇਸ਼ ਦਿੱਤੇ ਗਏ ਹਨ | ਦਿੱਲੀ ਪੁਲਸ ਦੇ ਇੰਟੈਲੀਜੈਂਸ ਸਪੈਸ਼ਲ ਸੀ ਪੀ ਦੀਪੇਂਦਰ ਪਾਠਕ ਨੇ ਕਿਹਾ ਕਿ ਕਿਸਾਨ ਗਣਤੰਤਰ ਦਿਵਸ 'ਤੇ ਦਿੱਲੀ 'ਚ ਆ ਸਕਦੇ ਹਨ, ਪਰ ਉਨ੍ਹਾਂ ਨੂੰ ਗਣਤੰਤਰ ਦਿਵਸ ਪਰੇਡ 'ਚ ਦਖ਼ਲ ਦੀ ਇਜਾਜ਼ਤ ਨਹੀਂ ਹੋਵੇਗੀ | ਦਿੱਲੀ ਪੁਲਸ ਨੇ ਅੱਜ ਇਹ ਗੱਲ ਕਹੀ | ਉਨ੍ਹਾਂ ਕਿਹਾ ਕਿ ਪੁਲਸ ਟਰੈਕਟਰ ਰੈਲੀ ਦੀ ਮੂਵਮੈਂਟ ਨੂੰ ਸਹੀ ਤਰੀਕੇ ਨਾਲ ਗਾਇਡ ਕਰੇਗੀ | ਇਹ ਪੁਲਸ ਲਈ ਵੱਡੀ ਚੁਣੌਤੀ ਹੋਵੇਗੀ |
ਕਿਸਾਨਾਂ ਅਤੇ ਦਿੱਲੀ ਪੁਲਸ ਵਿਚਾਲੇ ਹੋਈ ਬੈਠਕ ਤੋਂ ਬਾਅਦ ਕਿਸਾਨ ਨੇਤਾ ਯੋਗੇਂਦਰ ਯਾਦਵ ਨੇ ਕਿਹਾ ਕਿ ਸਾਡੇ ਰੂਟ ਮੈਪ ਨੂੰ ਪੁਲਸ ਦੀ ਲਿਖਤ ਇਜਾਜ਼ਤ ਮਿਲ ਗਈ ਹੈ | ਪੰਜ ਰੂਟਾਂ 'ਤੇ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ | ਜਿੰਨੇ ਵੀ ਸਾਥੀ ਆਪਣੀਆਂ ਟਰਾਲੀਆਂ ਲੈ ਕੇ ਬੈਠੇ ਹਨ, ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਸਿਰਫ਼ ਟਰੈਕਟਰ ਦਿੱਲੀ ਦੇ ਅੰਦਰ ਲੈ ਕੇ ਆਓ, ਟਰਾਲੀਆਂ ਨਾ ਲੈ ਕੇ ਆਉਣ | ਉਨ੍ਹਾ ਕਿਹਾ ਕਿ ਅਸੀਂ ਦਿੱਲੀ ਨਹੀਂ, ਦਿਲ ਜਿੱਤਣ ਆ ਰਹੇ ਹਾਂ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਯਾਦਵ ਨੇ ਕਿਹਾ, 'ਅੱਜ ਦਿੱਲੀ ਪੁਲਸ ਦੇ ਅਧਿਕਾਰੀਆਂ ਨਾਲ ਛੋਟੀ ਜਿਹੀ ਮੀਟਿੰਗ ਸੀ | ਪੁਲਸ ਵੱਲੋਂ ਸਾਨੂੰ ਟਰੈਕਟਰ ਰੈਲੀ ਲਈ ਰਸਮੀ ਇਜਾਜ਼ਤ ਮਿਲ ਗਈ ਹੈ |' ਉਨ੍ਹਾ ਕਿਹਾ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਕਿ ਕਿਸਾਨ ਗਣਤੰਤਰ ਪਰੇਡ 26 ਜਨਵਰੀ ਨੂੰ ਸ਼ਾਂਤੀਪੂਰਨ ਆਯੋਜਿਤ ਹੋਵੇਗੀ | ਸਵੇਰੇ ਕਿਸਾਨਾਂ ਨੇ ਪੁਲਸ ਨੂੰ ਲਿਖਤੀ ਪੱਤਰ ਲਿਖ ਕੇ ਰੈਲੀ ਲਈ ਇਜਾਜ਼ਤ ਮੰਗੀ ਸੀ |
ਦਿੱਲੀ ਪੁਲਸ ਵੱਲੋਂ ਕਿਸਾਨਾਂ ਨੂੰ 26 ਜਨਵਰੀ ਨੂੰ ਟਰੈਕਟਰ ਰੈਲੀ ਦੀ ਇਜਾਜ਼ਤ ਮਿਲ ਗਈ ਹੈ | ਇਸ ਦੌਰਾਨ ਦਿੱਲੀ ਪੁਲਸ ਕਮਿਸ਼ਨਰ ਨੇ ਜਵਾਨਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ | ਦਿੱਲੀ ਪੁਲਸ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਲਿਖਤੀ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ 26 ਜਨਵਰੀ ਦੀ ਪਰੇਡ ਦੇ ਇੰਤਜ਼ਾਮਾਂ ਤੋਂ ਬਾਅਦ ਕਿਸਾਨ ਟਰੈਕਟਰ ਰੈਲੀ ਨੂੰ ਲੈ ਕੇ ਅਲਰਟ ਰਹਿਣ | ਆਦੇਸ਼ਾਂ ਤੋਂ ਮੰਨਿਆ ਜਾ ਰਿਹਾ ਹੈ ਕਿ ਪੁਲਸ ਲਈ 26 ਜਨਵਰੀ ਨੂੰ ਸੁਰੱਖਿਆ ਇੰਤਜ਼ਾਮ ਕਰਨਾ ਕਿੰਨੀ ਵੱਡੀ ਚੁਣੌਤੀ ਹੋਵੇਗੀ | ਪ੍ਰਸਤਾਵ ਦੀ ਸ਼ੁਰੂਆਤ ਤੋਂ ਹੀ ਕਿਸਾਨ ਰਾਜਧਾਨੀ ਦੀ ਆਊਟਰ ਰਿੰਗ ਰੋਡ 'ਤੇ ਰੈਲੀ ਕੱਢਣ ਦੀ ਗੱਲ ਕਹਿ ਰਹੇ ਸਨ, ਪਰ ਦਿੱਲੀ ਪੁਲਸ ਨੇ ਸੁਰੱਖਿਆ ਕਾਰਨਾਂ ਦੇ ਚਲਦੇ ਇਸ ਮਾਰਗ 'ਤੇ ਟਰੈਕਟਰ ਪਰੇਡ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ | ਸੂਤਰਾਂ ਮੁਤਾਬਕ ਪੁਲਸ ਅਤੇ ਕਿਸਾਨਾਂ ਵਿਚਾਲੇ ਆਪਸੀ ਸਹਿਮਤੀ ਨਾਲ ਜੋ ਰੂਟ ਤਿਆਰ ਕੀਤਾ ਗਿਆ ਹੈ, ਉਹ ਇਸ ਤਰ੍ਹਾਂ ਹੈ-
ਸਿੰਘੂ ਬਾਰਡਰ : ਸਿੰਘੂ ਬਾਰਡਰ ਤੋਂ ਟਰੈਕਟਰ ਪਰੇਡ ਚੱਲੇਗੀ, ਜੋ ਸੰਜੇ ਗਾਂਧੀ ਟਰਾਂਸਪੋਰਟ, ਕੰਝਾਵਲਾ, ਬਵਾਨਾ, ਔਚੰਦੀ ਬਾਰਡਰ ਹੁੰਦੇ ਹੋਏ ਹਰਿਆਣਾ 'ਚ ਚਲੀ ਜਾਵੇਗੀ |
ਟਿਕਰੀ ਬਾਰਡਰ : ਟਿਕਰੀ ਬਾਰਡਰ ਤੋਂ ਟਰੈਕਟਰ ਪਰੇਡ ਨਾਗਲੋਈ, ਨਜ਼ਫਗੜ੍ਹ, ਝੜੌਦਾ, ਬਾਦਲੀ ਹੁੰਦੇ ਹੋਏ ਕੇ ਐੱਮ ਪੀ ਚਲੀ ਜਾਵੇਗੀ |
ਗਾਜ਼ੀਪੁਰ-ਯੂ ਪੀ ਗੇਟ : ਗਾਜ਼ੀਪੁਰ ਯੂ ਪੀ ਗੇਟ ਤੋਂ ਟਰੈਕਟਰ ਪਰੇਡ ਅਪਸਰਾ ਬਾਰਡਰ ਗਾਜ਼ੀਆਬਾਦ ਹੁੰਦੇ ਹੋਏ ਯੂ ਪੀ ਦੇ ਡਾਸਨਾ 'ਚ ਚਲੀ ਜਾਵੇਗੀ |