ਨਵੀਂ ਦਿੱਲੀ : ਟਰੈਕਟਰ ਪਰੇਡ ਲਈ ਕਿਸਾਨ ਆਪਣੇ-ਆਪਣੇ ਟਰੈਕਟਰ ਲੈ ਕੇ ਪਹੰੁਚ ਰਹੇ ਹਨ | ਸਭ ਤੋਂ ਜ਼ਿਆਦਾ ਗਿਣਤੀ ਟਿਕਰੀ ਬਾਰਡਰ 'ਤੇ ਹੈ | ਅੱਜ ਯੂ ਪੀ ਬਾਰਡਰ ਅਤੇ ਸਿੰਘੂ ਬਾਰਡਰ 'ਤੇ ਵੀ ਟਰੈਕਟਰ ਵਧਣ ਲੱਗੇ ਹਨ | ਟਰੈਕਟਰ ਮਾਰਚ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਆਪਣੀ ਤਿਆਰੀ ਕਰ ਲਈ ਹੈ | ਦੂਰ-ਦੁਰਾਡੇ ਦੇ ਕਿਸਾਨ ਵੀ ਟਰੈਕਟਰ ਪਰੇਡ ਲਈ ਪਹੁੰਚ ਰਹੇ ਹਨ | ਯੂ ਪੀ ਗੇਟ 'ਤੇ ਇੱਕ ਹਜ਼ਾਰ ਤੋਂ ਜ਼ਿਆਦਾ ਟਰੈਕਟਰ ਪਰੇਡ ਲਈ ਤਿਆਰ ਹਨ | ਟਿਕਰੀ 'ਚ ਸੱਤ ਹਜ਼ਾਰ ਤੋਂ ਜ਼ਿਆਦਾ ਅਤੇ ਸਿੰਘੂ ਬਾਰਡਰ 'ਤੇ ਕਰੀਬ ਪੰਜ ਹਜ਼ਾਰ ਟਰੈਕਟਰ ਪਰੇਡ ਲਈ ਪਹੁੰਚੇ ਗਏ ਹਨ | ਦਿੱਲੀ ਪੁਲਸ ਨੇ ਵੀ ਟਰੈਕਟਰਾਂ ਦੀ ਗਿਣਤੀ ਦੇ ਹਿਸਾਬ ਨਾਲ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ |
ਸਿੰਘੂ ਬਾਰਡਰ 'ਤੇ ਐਤਵਾਰ ਨੂੰ ਨਜ਼ਾਰਾ ਕਿਸੇ ਮੇਲੇ ਤੋਂ ਘੱਟ ਨਹੀਂ ਸੀ | ਇੱਥੇ ਹਰਿਆਣਾ ਤੋਂ ਵੱਡੀ ਗਿਣਤੀ 'ਚ ਲੋਕ ਆਪਣੇ ਟਰੈਕਟਰਾਂ ਸਮੇਤ ਸ਼ਾਮਲ ਹੋ ਰਹੇ ਹਨ | ਕਿਸਾਨਾਂ ਨੂੰ ਪ੍ਰਦਰਸ਼ਨ ਕਰਦੇ 60 ਦਿਨ ਹੋ ਚੁੱਕੇ ਹਨ | ਪ੍ਰਦਰਸ਼ਨ ਸਥਾਨ 'ਤੇ ਕੁੰਡਲੀ ਜਾਣ ਵਾਲੇ ਰਸਤੇ 'ਤੇ ਸੜਕ ਦੇ ਦੋਵੇਂ ਪਾਸੇ ਵੱਡੀ ਗਿਣਤੀ 'ਚ ਟਰੈਕਟਰ ਖੜੇ ਦਿਖਾਈ ਦਿੱਤੇ | ਲੋਕ ਆਪਣੇ ਟਰੈਕਟਰਾਂ 'ਤੇ ਹਰੇ ਝੰਡੇ ਲਾ ਰਹੇ ਸਨ | ਐਤਾਵਰ ਨੂੰ ਸਿੰਘੂ ਬਾਰਡਰ 'ਤੇ ਪਹਿਲਾਂ ਨਾਲੋਂ ਲੋਕ ਜ਼ਿਅਦਾ ਸਨ | ਕਿਸਾਨ 26 ਦੀ ਪਰੇਡ ਨੂੰ ਸਫ਼ਲ ਬਣਾਉਣ ਲਈ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਪਹੁੰਚ ਰਹੇ ਹਨ |
ਕਿਸਾਨਾਂ ਨੇ 26 ਜਨਵਰੀ ਦੀ ਕਿਸਾਨ ਪਰੇਡ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕਰਦਿਆਂ ਵੱਡਾ ਐਲਾਨ ਕਰਦਿਆਂ 1 ਫਰਵਰੀ ਨੂੰ ਦੇਸ਼ ਦੀ ਪਾਰਲੀਮੈਂਟ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੈ | ਸਾਲ 2021 ਦੇ ਪੇਸ਼ ਹੋਣ ਵਾਲੇ ਬਜਟ ਦੌਰਾਨ ਕਿਸਾਨ ਪਾਰਲੀਮੈਂਟ ਵੱਲ ਪੈਦਲ ਮਾਰਚ ਕਰਨਗੇ |
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਸੋਮਵਾਰ ਟਿਕਰੀ ਬਾਰਡਰ ਤੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਗਣਤੰਤਰ ਦਿਵਸ ਮੌਕੇ ਖੇਤੀ ਕਾਨੂੰਨ ਖਿਲਾਫ ਕੀਤੇ ਜਾਣ ਵਾਲੇ ਰੋਸ ਮਾਰਚ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਤੇ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਨੇ ਦੱਸਿਆ ਕਿ ਪੰਜਾਬ ਤੇ ਹਰਿਆਣੇ ਤੋਂ ਇੱਥੇ ਪਹੁੰਚਣ ਵਾਲੇ ਟਰੈਕਟਰਾਂ ਦਾ ਹੜ੍ਹ ਆਇਆ ਹੋਇਆ ਹੈ ਤੇ ਆਮਦ ਦਾ ਇਹ ਸਿਲਸਿਲਾ ਮੁੱਕ ਨਹੀਂ ਰਿਹਾ |
26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ 'ਤੇ ਮਾਰਚ ਕਰਦਾ ਇਹ ਕਾਫਲਾ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਇਰਾਦੇ ਦਰਸਾਉਣ ਦੇ ਨਾਲ-ਨਾਲ ਲੁੱਟ ਤੇ ਜਬਰ ਤੋਂ ਮੁਕਤ ਖ਼ਰਾ ਲੋਕਤੰਤਰ ਉਸਾਰਨ ਦੀ ਤਾਂਘ ਦਾ ਇਜ਼ਹਾਰ ਵੀ ਬਣੇਗਾ | ਇਕ ਪਾਸੇ ਰਾਜਪੱਥ 'ਤੇ ਕਾਰਪੋਰੇਟਾਂ ਨਾਲ ਵਫ਼ਾਦਾਰੀ ਪੁਗਾਉਣ ਦਾ ਵਾਅਦਾ ਨਵਿਆਇਆ ਜਾਵੇਗਾ ਤੇ ਦੂਜੇ ਪਾਸੇ ਦਿੱਲੀ ਦੀਆਂ ਸੜਕਾਂ 'ਤੇ ਕਾਰਪੋਰੇਟ ਲੁੱਟ ਤੋਂ ਛੁਟਕਾਰੇ ਲਈ ਜੂਝਣ ਦਾ ਅਹਿਦ ਦੁਹਰਾਇਆ ਜਾਵੇਗਾ | ਪੰਜਾਬ ਤੇ ਹਰਿਆਣੇ ਤੋਂ ਇਲਾਵਾ ਦੂਰ ਦੁਰਾਡੇ ਦੇ ਰਾਜਾਂ ਤੋਂ ਵੀ ਕਿਸਾਨਾਂ ਦੇ ਜਥੇ ਪਹੁੰਚ ਰਹੇ ਹਨ | ਇਸ ਮਾਰਚ ਦੌਰਾਨ ਕਿਸਾਨਾਂ ਦੇ ਨਾਲ ਨਾਲ ਸਮਾਜ ਦੇ ਹੋਰਨਾਂ ਤਬਕਿਆਂ ਉੱਪਰ ਬੀ ਜੇ ਪੀ ਹਕੂਮਤ ਵੱਲੋਂ ਢਾਹੇ ਜਾ ਰਹੇ ਜ਼ੁਲਮਾਂ ਦੀ ਹਕੀਕਤ ਉਘਾੜੀ ਜਾਵੇਗੀ |
ਅੱਜ ਪਕੌੜਾ ਚੌਕ ਵਿੱਚ ਹੋਈ ਵੱਡੀ ਰੈਲੀ ਨੂੰ ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਾਗੋਵਾਲ ਨੇ ਸੰਬੋਧਨ ਕੀਤਾ |
ਆਗੂਆਂ ਨੇ ਕੀਤੇ ਜਾਣ ਵਾਲੇ ਮਾਰਚ ਵਿਚ ਅਨੁਸ਼ਾਸਨ ਦੀ ਪਾਲਣਾ ਲਈ ਜ਼ੋਰਦਾਰ ਅਪੀਲ ਕੀਤੀ ਤੇ ਮਾਰਚ ਦੌਰਾਨ ਅਪਣਾਏ ਜਾਣ ਵਾਲੇ ਜਬਤ ਲਈ ਹਦਾਇਤਾਂ ਵੀ ਜਾਰੀ ਕੀਤੀਆਂ | ਸ਼ਹੀਦ ਭਗਤ ਸਿੰਘ ਦੇ ਭਾਣਜੇ ਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਕਿਸਾਨਾਂ ਦੇ ਸੰਘਰਸ਼ ਨੂੰ ਜਮਹੂਰੀ ਹੱਕਾਂ ਦੀ ਲਹਿਰ ਲਈ ਵੀ ਬੇਹੱਦ ਮਹੱਤਵਪੂਰਨ ਵਰਤਾਰਾ ਕਰਾਰ ਦਿੱਤਾ ਜਿਹੜਾ ਜਮਹੂਰੀ ਹੱਕਾਂ ਦੀ ਲਹਿਰ ਦੇ ਵਧਾਰੇ ਲਈ ਵੀ ਜ਼ਮੀਨ ਤਿਆਰ ਕਰ ਰਿਹਾ ਹੈ | ਅੱਜ ਦੀ ਇਸ ਰੈਲੀ ਦੇ ਅਖੀਰ 'ਤੇ ਛੱਤੀਸਗਡ੍ਹ ਤੋਂ ਜ਼ਿਲ੍ਹਾ ਕਿਸਾਨ ਸੰਘ ਰਾਜਨੰਦ ਦੇ ਕਿਸਾਨਾਂ ਦਾ ਜਥਾ ਸੰਘਰਸ਼ ਨਾਲ ਇਕਮੁੱਠਤਾ ਪ੍ਰਗਟਾਉਣ ਲਈ ਹਾਜ਼ਰ ਹੋਇਆ | ਅੱਜ ਦੀ ਇਸ ਰੈਲੀ ਨੂੰ ਔਰਤ ਆਗੂ ਕੁਲਦੀਪ ਕੌਰ ਕੁੱਸਾ, ਗੁਰਬਾਜ ਸਿੰਘ ਲੌਾਗੋਵਾਲ, ਗੁਰਪ੍ਰੀਤ ਕੌਰ ਭੰਗੂ ,ਸੋਹਣ ਸਿੰਘ, ਅਜੇਪਾਲ ਸਿੰਘ, ਬਾਲ ਕਿ੍ਸ਼ਨ ਜੀਂਦ (ਹਰਿਆਣਾ), ਅਸ਼ੋਕ ਕੁਮਾਰ (ਗ੍ਰਾਮੀਣ ਵਿਕਾਸ ਯੂਨੀਅਨ ਬਿਹਾਰ) ਨੇ ਵੀ ਸੰਬੋਧਨ ਕੀਤਾ |