ਮੁੰਬਈ : ਸ਼ਿਵ ਸੈਨਾ ਨੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਸੋਮਵਾਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਤਕੜਾ ਹਮਲਾ ਬੋਲਿਆ | ਇਸ ਦੇ ਅਖਬਾਰ 'ਸਾਮਨਾ' ਨੇ ਆਪਣੀ ਸੰਪਾਦਕੀ ਵਿਚ ਲਿਖਿਆ ਹੈ ਕਿ ਅਯੁੱਧਿਆ ਦੇ ਰਾਮ ਮੰਦਰ ਲਈ ਚੰਦਾ ਇਕੱਠਾ ਕਰਨ ਦੀ ਥਾਂ ਸਰਕਾਰ ਦੇਸ਼ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਨੂੰ ਥੱਲੇ ਲਿਆਏ | ਸੰਪਾਦਕੀ ਵਿਚ ਕਿਹਾ ਗਿਆ ਹੈ—ਲੋਕਾਂ ਨੂੰ ਜਿਊਣ ਦਾ ਹੱਕ ਹੈ ਤੇ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਕੰਟਰੋਲ ਵਿਚ ਰੱਖਣੀਆਂ ਸਰਕਾਰ ਦੀ ਜ਼ਿੰਮੇਵਾਰੀ ਹੈ | ਜੇ ਸਰਕਾਰ ਇਹ ਭੁੱਲ ਗਈ ਤਾਂ ਲੋਕ ਚੇਤੇ ਕਰਾਉਣਗੇ | ਰਾਮ ਮੰਦਰ ਲਈ ਚੰਦੇ ਇਕੱਠੇ ਕਰਨ ਦੀ ਥਾਂ ਤੇਲ ਦੀਆਂ ਕੀਮਤਾਂ ਥੱਲੇ ਲਿਆਂਦੀਆਂ ਜਾਣ | ਇਸ ਨਾਲ ਰਾਮ ਵੀ ਖੁਸ਼ ਹੋਣਗੇ |
ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਪੈਟਰੋਲ 100 ਤੋਂ ਟੱਪਣ 'ਤੇ ਭਾਜਪਾ ਨੂੰ ਜਸ਼ਨ ਮਨਾਉਣਾ ਚਾਹੀਦਾ ਸੀ, ਪਰ ਪ੍ਰਧਾਨ ਮੰਤਰੀ ਨੇ ਇਸ ਦਾ ਸਿਹਰਾ ਕਾਂਗਰਸ ਨੂੰ ਦੇ ਦਿੱਤਾ | ਮੋਦੀ ਕਹਿੰਦੇ ਹਨ ਕਿ ਜੇ ਪਹਿਲੀਆਂ ਸਰਕਾਰਾਂ ਬਾਹਰੋਂ ਤੇਲ ਮੰਗਾਉਣ 'ਤੇ ਜ਼ੋਰ ਨਾ ਰੱਖਦੀਆਂ ਤਾਂ ਸਾਡੇ ਮੱਧ ਵਰਗ 'ਤੇ ਏਨਾ ਭਾਰ ਨਾ ਪੈਂਦਾ | ਪਹਿਲੀਆਂ ਸਰਕਾਰਾਂ ਨੇ ਤਾਂ ਤੇਲ ਲੱਭਣ ਲਈ ਇੰਡੀਅਨ ਆਇਲ, ਓ ਐੱਨ ਜੀ ਸੀ, ਭਾਰਤ ਪੈਟਰੋਲੀਅਮ, ਹਿੰਦੁਸਤਾਨ ਪੈਟਰੋਲੀਅਮ, ਬੰਬੇ ਹਾਈ ਬਣਾਏ ਪਰ ਮੋਦੀ ਹੁਣ ਇਨ੍ਹਾਂ ਸਾਰੇ ਜਨਤਕ ਅਦਾਰਿਆਂ ਨੂੰ ਵੇਚਣ 'ਤੇ ਤੁਲੇ ਹੋਏ ਹਨ ਤੇ ਦੋਸ਼ ਪਿਛਲੀਆਂ ਸਰਕਾਰਾਂ ਸਿਰ ਮੜ੍ਹ ਰਹੇ ਹਨ |
ਸੰਪਾਦਕੀ ਵਿਚ ਵਧਦੀਆਂ ਤੇਲ ਕੀਮਤਾਂ 'ਤੇ ਪਹਿਲਾਂ ਟਵੀਟ ਕਰਨ ਵਾਲੇ ਫਿਲਮੀ ਸਿਤਾਰਿਆਂ ਦੇ ਹੁਣ ਚੁੱਪ ਰਹਿਣ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਅਮਿਤਾਭ ਬੱਚਨ ਤੇ ਅਕਸ਼ੈ ਕੁਮਾਰ ਨੂੰ ਨਾ ਬੋਲਣ ਲਈ ਕਾਹਤੋਂ ਭੰਡਣਾ, ਕਿਉਂਕਿ ਇਸ ਦੇਸ਼ ਵਿਚ ਕੋਈ ਅਸਹਿਮਤੀ ਨਹੀਂ ਪ੍ਰਗਟਾਅ ਸਕਦਾ | 2014 ਤੋਂ ਪਹਿਲਾਂ ਅਸਹਿਮਤੀ ਪ੍ਰਗਟਾਉਣ ਦੀ ਆਜ਼ਾਦੀ ਸੀ, ਇਸ ਕਰਕੇ ਅਮਿਤਾਭ ਬੱਚਨ ਤੇ ਅਕਸ਼ੈ ਕੁਮਾਰ ਵਰਗੇ ਟਵੀਟ ਕਰ ਲੈਂਦੇ ਸਨ |
ਸ਼ਿਵ ਸੈਨਾ ਦੇ ਯੂਥ ਵਿੰਗ ਯੁਵਾ ਸੈਨਾ ਨੇ ਵੀ ਮੁੰਬਈ ਦੇ ਪੈਟਰੋਲ ਪੰਪਾਂ ਤੇ ਸੜਕਾਂ ਕੰਢੇ 'ਯੇ ਹੈਾ ਅੱਛੇ ਦਿਨ' ਦੇ ਬੈਨਰ ਲਾ ਦਿੱਤੇ ਹਨ | ਇਨ੍ਹਾਂ 'ਤੇ 2014, ਜਦੋਂ ਮੋਦੀ ਸਰਕਾਰ ਬਣੀ ਸੀ ਤੇ 2021 ਦੀਆਂ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ ਲਿਖੀਆਂ ਗਈਆਂ ਹਨ |