ਨਵੀਂ ਦਿੱਲੀ : ਭਾਰਤੀ ਮੈਡੀਕਲ ਐਸੋਸੀਏਸ਼ਨ (ਆਈ ਐੱਮ ਏ) ਨੇ ਪਤੰਜਲੀ ਦੇ ਉਤਪਾਦ 'ਕੋਰੋਨਿਲ' ਦੀ ਤਸਦੀਕ ਕਰਨ ਲਈ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਂਦਿਆਂ ਭੰਡਿਆ ਹੈ | ਚੇਤੇ ਰਹੇ ਕਿ ਪਤੰਜਲੀ ਨੇ ਕੋਰੋਨਿਲ ਨੂੰ ਲਾਂਚ ਕਰਨ ਮੌਕੇ ਦਾਅਵਾ ਕੀਤਾ ਸੀ ਕਿ ਇਹ ਕੋਵਿਡ-19 ਦੇ ਇਲਾਜ 'ਚ ਕਾਰਗਰ ਹੈ | ਹਾਲਾਂਕਿ ਵਿਸ਼ਵ ਸਿਹਤ ਸੰਸਥਾ ਨੇ ਪਤੰਜਲੀ ਦੇ ਇਸ ਦਾਅਵੇ 'ਤੇ ਉਜਰ ਜਤਾਇਆ ਸੀ | ਆਈ ਐੱਮ ਏ ਨੇ ਕਿਹਾ ਹੈ—ਭਾਰਤੀ ਮੈਡੀਕਲ ਕੌਂਸਲ ਵੱਲੋਂ ਜਾਰੀ ਕੋਡ (ਦਿਸ਼ਾ-ਨਿਰਦੇਸ਼ਾਂ), ਜਿਸ ਨੂੰ ਮੰਨਣ ਲਈ ਹਰ ਆਧੁਨਿਕ ਮੈਡੀਕਲ ਡਾਕਟਰ ਪਾਬੰਦ ਹਨ, ਤਹਿਤ ਕੋਈ ਵੀ ਡਾਕਟਰ ਕਿਸੇ ਦਵਾਈ ਦਾ ਪ੍ਰਚਾਰ-ਪਾਸਾਰ ਨਹੀਂ ਕਰ ਸਕਦਾ, ਪਰ ਇਹ ਗੱਲ ਕਾਫੀ ਹੈਰਾਨ ਕਰਨ ਵਾਲੀ ਹੈ ਕਿ ਸਿਹਤ ਮੰਤਰੀ, ਜੋ ਖੁਦ ਆਧੁਨਿਕ ਮੈਡੀਸਨ ਡਾਕਟਰ ਹਨ, ਦਵਾਈ ਦਾ ਪ੍ਰਚਾਰ-ਪਾਸਾਰ ਕਰਦੇ ਫੜੇ ਗਏ ਸਨ | ਆਈ ਐੱਮ ਏ ਨੇ ਕਿਹਾ ਹੈ ਕਿ ਦੇਸ਼ ਦੇ ਸਿਹਤ ਮੰਤਰੀ ਦੀ ਹਾਜ਼ਰੀ ਵਿਚ ਅਵਿਗਿਆਨਕ ਦਵਾਈ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨਾ (ਜਿਸ ਦਵਾਈ ਨੂੰ ਡਬਲਿਊ ਐੱਚ ਓ ਨੇ ਰੱਦ ਕਰ ਦਿੱਤਾ) ਪੂਰੇ ਦੇਸ਼ ਦਾ ਅਪਮਾਨ ਤੇ ਮੂੰਹ 'ਤੇ ਚਪੇੜ ਹੈ | ਐਸੋਸੀਏਸ਼ਨ ਨੇ ਯੋਗ ਗੁਰੂ ਰਾਮਦੇਵ ਦੀ ਆਯੂਰਵੈਦਿਕ ਫਰਮ ਪਤੰਜਲੀ ਵੱਲੋਂ ਵਿਉਂਤੇ ਸਮਾਗਮ 'ਚ ਹਾਜ਼ਰੀ ਲਈ ਕੇਂਦਰੀ ਸਿਹਤ ਮੰਤਰੀ ਦੀ ਇਕ ਡਾਕਟਰ ਤੇ ਦੇਸ਼ ਦੇ ਸਿਹਤ ਮੰਤਰੀ ਵਜੋਂ ਨੈਤਿਕਤਾ 'ਤੇ ਵੀ ਸਵਾਲ ਉਠਾਇਆ ਹੈ | ਐਸੋਸੀਏਸ਼ਨ ਨੇ ਕੌਮੀ ਮੈਡੀਕਲ ਕਮਿਸ਼ਨ (ਜੋ ਪਹਿਲਾਂ ਭਾਰਤੀ ਮੈਡੀਕਲ ਕੌਂਸਲ ਸੀ) ਤਹਿਤ ਇਕ ਕਲਾਜ਼ ਦਾ ਵੀ ਜ਼ਿਕਰ ਕੀਤਾ ਹੈ, ਜੋ ਇਕ ਡਾਕਟਰ ਨੂੰ ਕਿਸੇ ਦਵਾਈ ਦਾ ਪ੍ਰਚਾਰ-ਪਾਸਾਰ ਕਰਨ ਤੋਂ ਰੋਕਦੀ ਹੈ | ਚੇਤੇ ਰਹੇ ਕਿ 'ਕੋਰੋਨਿਲ' ਟੈਬਲੇਟ ਲਾਂਚ ਕਰਨ ਲਈ 19 ਫਰਵਰੀ ਨੂੰ ਰੱਖੇ ਸਮਾਗਮ ਵਿਚ ਹਰਸ਼ਵਰਧਨ ਤੋਂ ਇਲਾਵਾ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ |