Latest News
ਪਹਿਲੀ ਤੋਂ ਅੰਦਰੂਨੀ ਤੇ ਬਾਹਰੀ ਇਕੱਠਾਂ 'ਤੇ ਰੋਕਾਂ ਲਾਉਣ ਦੇ ਹੁਕਮ

Published on 23 Feb, 2021 10:49 AM.


ਚੰਡੀਗੜ੍ਹ : ਸੂਬੇ ਵਿੱਚ ਕੋਵਿਡ ਦੇ ਵਧ ਰਹੇ ਕੇਸਾਂ 'ਤੇ ਚਿੰਤਾ ਵਧਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਦਰੂਨੀ ਤੇ ਬਾਹਰੀ ਇਕੱਠਾਂ ਉਪਰ ਬੰਦਿਸ਼ਾਂ ਲਾਉਂਦੇ ਹੋਏ ਇਕ ਮਾਰਚ ਤੋਂ ਅੰਦਰੂਨੀ ਇਕੱਠਾਂ ਦੀ ਗਿਣਤੀ 100 ਤੱਕ ਅਤੇ ਬਾਹਰੀ ਇਕੱਠਾਂ ਦੀ ਗਿਣਤੀ 200 ਤੱਕ ਸੀਮਤ ਕਰਨ ਦੇ ਹੁਕਮ ਦਿੱਤੇ ਹਨ | ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਮਾਸਕ/ਸਮਾਜਿਕ ਦੂਰੀ ਦਾ ਸਖ਼ਤੀ ਨਾਲ ਪਾਲਣ ਕਰਨ ਅਤੇ ਟੈਸਟਿੰਗ ਵੀ ਵਧਾ ਕੇ ਪ੍ਰਤੀ ਦਿਨ 30,000 ਤੱਕ ਕਰਨ ਦੇ ਨਿਰਦੇਸ਼ ਦਿੱਤੇ ਹਨ | ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਸੰਬੰਧਤ ਜ਼ਿਲਿ੍ਹਆਂ ਵਿੱਚ ਹਾਟ-ਸਪਾਟ ਇਲਾਕਿਆਂ ਵਿੱਚ ਲੋੜ ਪੈਣ 'ਤੇ ਰਾਤ ਦਾ ਕਰਫ਼ਿਊ ਲਾਉਣ ਲਈ ਅਧਿਕਾਰਤ ਕੀਤਾ ਹੈ ਅਤੇ ਮਾਈਕ੍ਰੋ ਕੰਟੋਨਮੈਂਟ ਰਣਨੀਤੀ ਵੀ ਅਪਣਾਈ ਜਾਵੇਗੀ | ਉਨ੍ਹਾ ਪੁਲਸ ਨੂੰ ਮਾਸਕ ਪਹਿਨਣ, ਸਾਰੇ ਰੈਸਟੋਰੈਂਟਾਂ ਤੇ ਮੈਰਿਜ ਪੈਲੇਸਾਂ ਵੱਲੋਂ ਕੋਵਿਡ ਨਿਗਰਾਨ ਲਾਉਣ ਬਾਰੇ ਜਾਰੀ ਨੋਟੀਫਿਕੇਸ਼ਨ ਦਾ ਸਖ਼ਤੀ ਨਾਲ ਪਾਲਣ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ ਹਨ ਅਤੇ ਇਸ ਉਦੇਸ਼ ਲਈ ਕਰ ਤੇ ਆਬਕਾਰੀ ਵਿਭਾਗ ਨੂੰ ਨੋਡਲ ਏਜੰਸੀ ਹੋਵੇਗੀ | ਮੁੱਖ ਮੰਤਰੀ ਨੇ ਕਿਹਾ ਕਿ ਸਿਨੇਮਾ ਘਰਾਂ ਵਿੱਚ ਗਿਣਤੀ ਘੱਟ ਕਰਨ ਦਾ ਫੈਸਲਾ ਇਕ ਮਾਰਚ ਤੋਂ ਬਾਅਦ ਲਿਆ ਜਾਵੇਗਾ | ਉਨ੍ਹਾ ਦੱਸਿਆ ਕਿ ਪ੍ਰਾਈਵੇਟ ਦਫ਼ਤਰਾਂ ਅਤੇ ਰੈਸਟੋਰੈਂਟਾਂ ਨੂੰ ਸਾਰੇ ਮੁਲਾਜ਼ਮਾਂ ਲਈ ਕੋਰੋਨਾ ਟੈਸਟਾਂ ਦੀ ਤਾਜ਼ਾ ਰਿਪੋਰਟ ਡਿਸਪਲੇਅ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ |
ਟੈਸਟਿੰਗ ਵਧਾਉਣ ਦੇ ਆਦੇਸ਼ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਹਰੇਕ ਪਾਜ਼ੀਟਿਵ ਵਿਅਕਤੀ ਦੇ ਸੰਪਰਕ ਵਿੱਚ ਆਏ 15 ਵਿਅਕਤੀਆਂ ਦੀ ਲਾਜ਼ਮੀ ਟੈਸਟਿੰਗ ਕਰਵਾਉਣ ਦੇ ਹੁਕਮ ਦਿੱਤੇ ਹਨ ਅਤੇ ਇਸ ਦੀ ਨਿਗਰਾਨੀ ਸੀ ਪੀ ਟੀ ਓਜ਼ ਵੱਲੋਂ ਕੀਤੀ ਜਾਵੇਗੀ, ਜਦਕਿ ਸਿਹਤ ਵਿਭਾਗ ਪ੍ਰਗਤੀ ਦਾ ਜਾਇਜ਼ਾ ਲਵੇਗਾ | ਮੁੱਖ ਮੰਤਰੀ ਨੇ ਟੀਕਾਕਰਨ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਸੂਚਨਾ, ਸਿੱਖਿਆ ਤੇ ਸੰਚਾਰ (ਆਈ ਈ ਸੀ) ਮੁਹਿੰਮ ਜਾਰੀ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ, ਤਾਂ ਕਿ ਸਾਰੇ ਸਿਹਤ ਸੰਭਾਲ ਕਾਮਿਆਂ ਅਤੇ ਮੂਹਰਲੀ ਕਤਾਰ ਦੇ ਵਰਕਰਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ | ਉਨ੍ਹਾ ਸਿਹਤ ਵਿਭਾਗ ਨੂੰ ਬਜ਼ੁਰਗ ਆਬਾਦੀ ਅਤੇ ਸਹਿ-ਬਿਮਾਰੀਆਂ ਨਾਲ ਪੀੜਤ ਵਸੋਂ ਲਈ ਵੈਕਸੀਨ ਵਾਸਤੇ ਵੀ ਰੂਪ-ਰੇਖਾ ਲਈ ਵੀ ਯੋਜਨਾ ਉਲੀਕਣ ਦੇ ਹੁਕਮ ਦਿੱਤੇ | 3.23 ਸੀ ਐੱਫ ਆਰ ਉਪਰ ਚਿੰਤਾ ਜ਼ਾਹਰ ਕਰਦੇ ਹੋਏ ਕੈਪਟਨ ਨੇ ਮਿ੍ਤਕਾਂ ਦੀ ਪੜਚੋਲ ਦੀਆਂ ਲੱਭਤਾਂ ਦਾ ਨੋਟਿਸ ਲਿਆ ਕਿ ਇਨ੍ਹਾਂ ਵਿੱਚੋਂ ਬਹੁਤੀਆਂ ਮੌਤਾਂ ਦਾਖ਼ਲ ਰਹਿਣ ਦੇ 2-14 ਦਿਨ ਦੇ ਦਰਮਿਆਨ ਹੋਈਆਂ ਹਨ | ਉਨ੍ਹਾ ਸਹਿ-ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਖਾਸ ਕਰਕੇ ਪ੍ਰਾਈਵੇਟ ਸੰਸਥਾਵਾਂ ਵਿੱਚ ਦਾਖ਼ਲ ਮਰੀਜ਼ਾਂ ਲਈ ਪ੍ਰੋਟੋਕਾਲ ਦੀ ਨਿਰੰਤਰ ਨਿਗਾਰਨੀ ਦੀ ਲੋੜ 'ਤੇ ਜ਼ੋਰ ਦਿੱਤਾ | ਕੁਝ ਮੌਤਾਂ ਦੇ ਘਰਾਂ ਵਿੱਚ ਹੋਣ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਹੁਕਮ ਦਿੱਤੇ ਕਿ ਘਰੇਲੂ ਇਕਾਂਤਵਾਸ ਵਾਲੇ ਮਾਮਲਿਆਂ ਖਾਸ ਕਰਕੇ ਸਹਿ-ਬਿਮਾਰੀਆਂ ਨਾਲ ਪੀੜਤਾਂ ਦੀ ਢੁਕਵੀਂ ਨਿਗਰਾਨੀ ਨੂੰ ਯਕੀਨੀ ਬਣਾਇਆ ਜਾਵੇ | ਉਨ੍ਹਾ ਹਦਾਇਤ ਕੀਤੀ ਕਿ ਸਵੈ-ਨਿਗਰਾਨੀ ਦੀਆਂ ਹਦਾਇਤਾਂ 'ਤੇ ਅਧਾਰਤ ਫਤਹਿ ਕਿੱਟਾਂ ਨੂੰ ਸੰਬੰਧਤ ਵਿਅਕਤੀਆਂ ਦੇ ਪਾਜ਼ੀਟਿਵ ਆ ਜਾਣ ਵਾਲੇ ਦਿਨ ਹੀ ਘਰੇਲੂ ਏਕਾਂਤਵਾਸ ਵਿੱਚ ਉਨ੍ਹਾਂ ਤੱਕ ਪਹੁੰਚਾ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ | ਮੁੱਖ ਮੰਤਰੀ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਕਿਹਾ ਕਿ ਸਾਰੀਆਂ ਅਸਾਮੀਆਂ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਭਰਨ ਦੀ ਇਜਾਜ਼ਤ ਦਿੱਤੀ ਗਈ ਹੈ, ਨੂੰ ਛੇਤੀ ਤੋਂ ਛੇਤੀ ਭਰਿਆ ਜਾਵੇ |
ਸੁਰੱਖਿਆ ਉਪਾਵਾਂ ਦੀ ਪਾਲਣ ਲਈ ਪੰਜਾਬ ਪੁਲਸ ਵੱਲੋਂ ਚੁੱਕੇ ਕਦਮਾਂ ਬਾਰੇ ਮੁੱਖ ਮੰਤਰੀ ਨੂੰ ਜਾਣੰੂ ਕਰਵਾਉਂਦਿਆਂ ਡੀ ਜੀ ਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਰੋਕਾਂ ਨੂੰ ਸਖ਼ਤੀ ਨਾਲ ਅਮਲ ਵਿੱਚ ਲਿਆਉਣ ਲਈ ਫੀਲਡ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ |
ਇਸ ਤੋਂ ਪਹਿਲਾਂ ਸਿਹਤ ਵਿਭਾਗ ਦੇ ਸਕੱਤਰ ਹੁਸਨ ਲਾਲ ਨੇ ਜਾਣਕਾਰੀ ਦਿੱਤੀ ਕਿ ਅੰਮਿ੍ਤਸਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ, ਐੱਸ ਏ ਐੱਸ ਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲਿ੍ਹਆਂ ਵਿੱਚ ਹਾਲ ਹੀ ਦੇ ਦਿਨਾਂ ਦੌਰਾਨ ਕੋਵਿਡ ਦੇ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਸੂਬੇ ਵਿੱਚ ਦੂਜੀ ਸੰਭਾਵੀ ਲਹਿਰ ਉੱਠਣ ਦੇ ਖਦਸ਼ੇ ਪ੍ਰਗਟਾਏ ਜਾਣ ਲੱਗੇ ਹਨ | ਟੀਕਾਕਰਨ ਦੇ ਮੁੱਦੇ ਸੰਬੰਧੀ ਉਨ੍ਹਾ ਖੁਲਾਸਾ ਕੀਤਾ ਕਿ ਹੁਣ ਤੱਕ ਟੀਕਾ ਲਾਏ ਜਾਣ ਪਿੱਛੋਂ ਮਾਮੂਲੀ ਮਾੜੇ ਪ੍ਰਭਾਵ ਦੇ 61 ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ ਛੇ ਮਾਮਲੇ ਅਤਿ-ਗੰਭੀਰ ਅਤੇ 14 ਗੰਭੀਰ ਮਾਮਲੇ ਸਾਹਮਣੇ ਆਏ ਸਨ | ਇਹ ਸਾਰੇ ਹੁਣ ਠੀਕ ਹੋ ਚੁੱਕੇ ਹਨ |
ਮੁੱਖ ਸਕੱਤਰ ਵਿਨੀ ਮਹਾਜਨ ਨੇ ਸਰਕਾਰੀ ਸਕੂਲਾਂ ਨੂੰ ਮੁੜ ਬੰਦ ਕੀਤੇ ਜਾਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਲਈ ਵਿਭਾਗ ਵੱਲੋਂ ਸਾਰੇ ਕਦਮ ਚੁੱਕੇ ਜਾ ਰਹੇ ਹਨ | ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਮੌਕੇ ਕਿਹਾ ਕਿ ਅਧਿਆਪਕਾਂ ਨੂੰ ਸਕੂਲਾਂ ਵਿੱਚ ਨੋਡਲ ਅਧਿਕਾਰੀ ਬਣਾਇਆ ਗਿਆ ਹੈ, ਤਾਂ ਜੋ ਵਿਦਿਆਰਥੀਆਂ ਨੂੰ ਕੋਵਿਡ ਦੇ ਮੱਦੇਨਜ਼ਰ ਸੰਜਮੀ ਵਿਹਾਰ ਯਕੀਨੀ ਬਣਾਉਣ ਅਤੇ ਮਾਸਕ ਦਾ ਢੁਕਵਾਂ ਇਸਤੇਮਾਲ ਕਰਨ ਬਾਰੇ ਦਿਸ਼ਾ-ਨਿਰਦੇਸ਼ ਦਿੱਤੇ ਜਾ ਸਕਣ |
ਇਹ ਕਦਮ ਇਸ ਲਈ ਚੁੱਕੇ ਗਏ ਹਨ ਕਿਉਂ ਜੋ ਹਾਲ ਹੀ ਦੌਰਾਨ ਮੁੜ ਖੋਲ੍ਹੇ ਗਏ ਸਕੂਲਾਂ ਖਾਸ ਕਰਕੇ ਲੁਧਿਆਣਾ (3.1 ਫੀਸਦੀ) ਅਤੇ ਬਠਿੰਡਾ (2.9 ਫੀਸਦੀ) ਵਿੱਚ ਵੱਡੀ ਗਿਣਤੀ ਵਿੱਚ ਪਾਜ਼ੀਟਿਵ ਦਰ ਵਿੱਚ ਵਾਧਾ ਹੋਇਆ ਸੀ |

119 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper