ਨਵੀਂ ਦਿੱਲੀ : ਐਡੀਸ਼ਨਲ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਟੂਲਕਿੱਟ ਮਾਮਲੇ ਵਿੱਚ ਵਾਤਾਵਰਨ ਕਾਰਕੁੰਨ ਦਿਸ਼ਾ ਰਵੀ ਨੂੰ ਮੰਗਲਵਾਰ ਜ਼ਮਾਨਤ ਦੇ ਦਿੱਤੀ | ਉਸ ਨੂੰ ਜ਼ਮਾਨਤ ਇਕ ਲੱਖ ਰੁਪਏ ਦੇ ਮੁਚੱਲਕੇ 'ਤੇ ਮਿਲੀ ਹੈ | ਦਿੱਲੀ ਪੁਲਸ ਨੇ ਉਸ ਦਾ ਚਾਰ ਦਿਨ ਦਾ ਰਿਮਾਂਡ ਮੰਗਿਆ ਸੀ, ਪਰ ਫਾਜ਼ਲ ਜੱਜ ਨੇ ਉਸ ਨੂੰ ਰੱਦ ਕਰ ਦਿੱਤਾ | ਉਨ੍ਹਾ ਕਿਹਾ ਕਿ ਪੁਲਸ ਦੀ ਜਾਂਚ ਨਾਕਾਫੀ ਤੇ ਸਤਹੀ ਹੈ | ਇਸ ਕਰਕੇ ਉਹ ਬਿਨਾਂ ਕਿਸੇ ਮੁਜਰਮਾਨਾ ਰਿਕਾਰਡ ਵਾਲੀ 22 ਸਾਲਾ ਕੁੜੀ ਨੂੰ ਜ਼ਮਾਨਤ ਦੇਣ ਦੇ ਨਿਯਮ ਨੂੰ ਤੋੜ ਨਹੀਂ ਸਕਦੇ | ਉਨ੍ਹਾ ਦਿਸ਼ਾ ਨੂੰ ਬਿਨਾਂ ਆਗਿਆ ਦੇ ਬਾਹਰ ਨਾ ਜਾਣ ਤੇ ਜਾਂਚ ਵਿਚ ਸਹਿਯੋਗ ਕਰਨ ਲਈ ਕਿਹਾ | ਪੁਲਸ ਨੇ ਦਿਸ਼ਾ ਨੂੰ ਕਿਸਾਨਾਂ ਦੇ ਪ੍ਰੋਟੈੱਸਟ ਨਾਲ ਸੰਬੰਧਤ ਉਸ ਟੂਲਕਿੱਟ ਦੇ ਸੰਬੰਧ ਵਿਚ ਗਿ੍ਫਤਾਰ ਕੀਤਾ ਸੀ, ਜਿਸ ਦੇ ਅਧਾਰ ਉੱਤੇ ਸਵੀਡਨ ਦੀ ਜੱਗ ਪ੍ਰਸਿੱਧ ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਸੀ |
ਇਸ ਤੋਂ ਪਹਿਲਾਂ ਦਿਸ਼ਾ ਜੇਲ੍ਹ ਤੋਂ ਦਿੱਲੀ ਪੁਲਸ ਸਾਈਬਰ ਸੈੱਲ ਦੇ ਦਫਤਰ ਪਹੁੰਚੀ | ਉਸ ਤੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲੇ 'ਟੂਲਕਿੱਟ ਗੂਗਲ ਡੌਕ' ਦੀ ਜਾਂਚ ਸੰਬੰਧੀ ਪੁੱਛ-ਪੜਤਾਲ ਕੀਤੀ ਗਈ | ਕੁਝ ਘੰਟਿਆਂ ਦੀ ਪੁੱਛ ਪੜਤਾਲ ਬਾਅਦ ਪੁਲਸ ਨੇ ਉਸ ਨੂੰ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਪੰਕਜ ਸ਼ਰਮਾ ਦੀ ਅਦਾਲਤ ਵਿਚ ਪੇਸ਼ ਕਰਕੇ ਚਾਰ ਦਿਨ ਦਾ ਰਿਮਾਂਡ ਮੰਗਿਆ, ਪਰ ਜਦੋਂ ਅਦਾਲਤ ਨੂੰ ਦੱਸਿਆ ਗਿਆ ਕਿ ਦਿਸ਼ਾ ਦੀ ਜ਼ਮਾਨਤ ਹੋ ਗਈ ਹੈ ਤਾਂ ਪੁਲਸ ਦੀ ਅਰਜ਼ੀ ਰੱਦ ਹੋ ਗਈ |
ਪੁਲਸ ਨੇ ਫਾਜ਼ਲ ਜੱਜ ਰਾਣਾ ਦੀ ਅਦਾਲਤ ਵਿਚ ਦੋਸ਼ ਲਾਇਆ ਸੀ ਕਿ ਟੂਲਕਿੱਟ ਕਿਸਾਨ ਪ੍ਰੋਟੈੱਸਟ ਦੀ ਆੜ ਵਿਚ ਭਾਰਤ 'ਚ ਬਦਅਮਨੀ ਤੇ ਹਿੰਸਾ ਫੈਲਾਉਣ ਦੀ ਵਿਸ਼ਵ ਸਾਜ਼ਿਸ਼ ਦਾ ਹਿੱਸਾ ਸੀ | ਦਿਸ਼ਾ ਦੇ ਵਕੀਲ ਨੇ ਕਿਹਾ ਸੀ ਕਿ ਪੁਲਸ ਨੇ ਅਜਿਹਾ ਕੋਈ ਸਬੂਤ ਨਹੀਂ ਪੇਸ਼ ਕੀਤਾ, ਜਿਸ ਤੋਂ ਲੱਗੇ ਕਿ 26 ਜਨਵਰੀ ਦੀ ਹਿੰਸਾ ਲਈ ਟੂਲਕਿੱਟ ਜ਼ਿੰਮੇਵਾਰ ਸੀ |
ਦਿਸ਼ਾ ਨੇ ਆਪਣੇ ਵਕੀਲ ਰਾਹੀਂ ਕਿਹਾ ਸੀ-ਜੇ ਕਿਸਾਨ ਪ੍ਰੋਟੈੱਸਟ ਨੂੰ ਸੰਸਾਰ ਅੱਗੇ ਪੇਸ਼ ਕਰਨਾ ਦੇਸ਼ਧ੍ਰੋਹ ਹੈ ਤਾਂ ਮੈਂ ਜੇਲ੍ਹ 'ਚ ਹੀ ਰਹਿਣਾ ਪਸੰਦ ਕਰਾਂਗੀ | ਪੁਲਸ ਨੇ ਟੂਲਕਿੱਟ ਨੂੰ ਖਾਲਿਸਤਾਨੀਆਂ ਨਾਲ ਵੀ ਜੋੜਿਆ ਸੀ | ਫਾਜ਼ਲ ਜੱਜ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਦਿਸ਼ਾ ਅਤੇ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ ਵਿਚਾਲੇ ਸਿੱਧੇ ਤੌਰ 'ਤੇ ਕੋਈ ਸੰਬੰਧ ਨਜ਼ਰ ਨਹੀਂ ਆ ਰਿਹਾ |