Latest News
ਹਿੰਦ ਤੇ ਪਾਕਿ ਗੋਲੀਬੰਦੀ ਲਈ ਅਚਾਨਕ ਰਾਜ਼ੀ

Published on 25 Feb, 2021 11:32 AM.

ਨਵੀਂ ਦਿੱਲੀ : ਭਾਰਤੀ ਤੇ ਪਾਕਿਸਤਾਨੀ ਫੌਜਾਂ ਨੇ ਵੀਰਵਾਰ ਅਚਾਨਕ ਐਲਾਨਿਆ ਕਿ ਉਨ੍ਹਾਂ 24 ਫਰਵਰੀ ਤੋਂ ਜੰਮੂ-ਕਸ਼ਮੀਰ ਦੀ ਲਾਈਨ ਆਫ ਕੰਟਰੋਲ (ਐੱਲ ਓ ਸੀ) 'ਤੇ ਗੋਲੀਬੰਦੀ ਦੀ ਪਾਲਣਾ ਸ਼ੁਰੂ ਕਰ ਦਿੱਤੀ ਹੈ | ਦੋਹਾਂ ਵੱਲੋਂ ਜਾਰੀ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਅਜਿਹਾ ਭਾਰਤ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਓਪਰੇਸ਼ਨਜ਼ ਲੈਫਟੀਨੈਂਟ ਜਨਰਲ ਪਰਮਜੀਤ ਸਿੰਘ ਸੰਘਾ ਤੇ ਪਾਕਿਸਤਾਨੀ ਹਮਅਹੁਦਾ ਮੇਜਰ ਜਨਰਲ ਨੌਮਨ ਜ਼ਕਰੀਆ ਵਿਚਾਲੇ ਹਾਟਲਾਈਨ 'ਤੇ ਹੋਈ ਗੱਲਬਾਤ ਤੋਂ ਬਾਅਦ ਕੀਤਾ ਗਿਆ ਹੈ | ਬਿਆਨ ਵਿਚ ਕਿਹਾ ਗਿਆ ਹੈ ਕਿ ਦੋਨੋਂ ਅਧਿਕਾਰੀਆਂ ਨੇ ਐੱਲ ਓ ਸੀ ਤੇ ਹੋਰਨਾਂ ਸੈਕਟਰਾਂ ਦੀ ਸਥਿਤੀ ਦਾ ਖੁੱਲ੍ਹੇ-ਡੁੱਲ੍ਹੇ ਮਾਹੌਲ ਵਿਚ ਜਾਇਜ਼ਾ ਲਿਆ |
ਇਹ ਘਟਨਾਕ੍ਰਮ ਉਦੋਂ ਹੋਇਆ ਹੈ, ਜਦੋਂ ਭਾਰਤ ਲੱਦਾਖ ਵਿਚ ਚੀਨ ਨਾਲ ਪਏ ਪੰਗੇ ਉੱਤੇ ਉਲਝਿਆ ਹੋਇਆ ਹੈ ਅਤੇ ਜੰਮੂ-ਕਸ਼ਮੀਰ ਵਿਚ ਸਰਹੱਦ ਪਾਰੋਂ ਦਹਿਸ਼ਤਗਰਦੀ ਦੀਆਂ ਕਾਰਵਾਈਆਂ 'ਚ ਕਮੀ ਨਹੀਂ ਆਈ | ਮਾਮਲੇ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਗੋਲੀਬੰਦੀ ਸਮਝੌਤਾ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਉਨ੍ਹਾ ਦੇ ਪਾਕਿਸਤਾਨੀ ਹਮਅਹੁਦਾ ਵਿਚਾਲੇ ਪਰਦੇ ਦੇ ਪਿੱਛੇ ਹੋਈਆਂ ਗੱਲਾਂਬਾਤਾਂ ਦਾ ਨਤੀਜਾ ਹੈ | ਡੋਵਾਲ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕੌਮੀ ਸੁਰੱਖਿਆ ਬਾਰੇ ਵਿਸ਼ੇਸ਼ ਸਹਾਇਕ ਮੋਈਦ ਡਬਲਿਊ ਯੂਸਫ ਸਿੱਧੇ ਤੇ ਵਿਚੋਲਿਆਂ ਰਾਹੀਂ ਸੰਪਰਕ ਵਿਚ ਸਨ | ਜਾਣਕਾਰਾਂ ਮੁਤਾਬਕ ਦੋਨੋਂ ਕਿਸੇ ਤੀਜੇ ਦੇਸ਼ ਵਿਚ ਮਿਲੇ ਵੀ ਸਨ | ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਆਦਿ ਕੁਝ ਕੁ ਲੋਕਾਂ ਨੂੰ ਹੀ ਇਸ ਦੀ ਜਾਣਕਾਰੀ ਸੀ |
ਦੋਹਾਂ ਦੇਸ਼ਾਂ ਵਿਚਾਲੇ ਬਣੀ ਇਸ ਸਹਿਮਤੀ ਤੋਂ ਪਹਿਲਾਂ ਪੰਜ ਸੰਕੇਤ ਮਿਲੇ ਸਨ | ਪਾਕਿਸਤਾਨੀ ਸੈਨਾ ਮੁਖੀ ਕਮਰ ਜਾਵੇਦ ਬਾਜਵਾ 2019 ਵਿਚ ਬਾਲਾਕੋਟ ਏਅਰ ਸਟਰਾਈਕ ਤੋਂ ਖਫਾ ਸਨ, ਪਰ ਦੋ ਫਰਵਰੀ ਨੂੰ ਉਨ੍ਹਾ ਕਿਹਾ ਸੀ ਕਿ ਪਾਕਿਸਤਾਨ ਪੁਰਅਮਨ ਸਹਿਹੋਂਦ ਦੇ ਹੱਕ ਵਿਚ ਹੈ | ਇਹ ਸਾਰੇ ਪਾਸਿਓਾ ਅਮਨ ਦਾ ਹੱਥ ਵਧਾਉਣ ਦਾ ਵੇਲਾ ਹੈ | ਤਿੰਨ ਦਿਨ ਬਾਅਦ ਪੰਜ ਫਰਵਰੀ ਨੂੰ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਮਨਾਏ ਗਏ ਕਸ਼ਮੀਰ ਯਕਜਹਿਤੀ ਦਿਵਸ 'ਤੇ ਭਾਰਤ ਵਿਰੋਧੀ ਸੁਰਾਂ ਨਰਮ ਰਹੀਆਂ | ਇਸੇ ਤਰ੍ਹਾਂ ਹਾਲੀਆ ਹਫਤਿਆਂ ਵਿਚ ਗੋਲੀਬੰਦੀ ਦੀਆਂ ਉਲੰਘਣਾਵਾਂ ਵੀ ਘਟੀਆਂ ਹਨ | ਇਕ ਸਿਖਰਲੇ ਅਧਿਕਾਰੀ ਨੇ ਦੱਸਿਆ ਕਿ ਬਾਜਵਾ ਦੀ ਅਮਨ ਦੀ ਤਜਵੀਜ਼, ਗੋਲੀਬੰਦੀ ਦੀਆਂ ਉਲੰਘਣਾਵਾਂ ਵਿਚ ਕਮੀ ਅਤੇ ਪਾਕਿਸਤਾਨ ਦੀਆਂ ਸੁਰਾਂ ਵਿਚ ਨਰਮੀ ਪਰਦੇ ਪਿੱਛੇ ਹੋਏ ਵਿਚਾਰ-ਵਟਾਂਦਰਿਆਂ ਦਾ ਹੀ ਨਤੀਜਾ ਸਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਹਫਤੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਸਾਰਕ ਆਗੂਆਂ ਦੀ ਕੀਤੀ ਗਈ ਮੀਟਿੰਗ 'ਚ ਇਮਰਾਨ ਖਾਨ ਦੇ ਸਿਹਤ ਮਾਮਲਿਆਂ ਦੇ ਵਿਸ਼ੇਸ਼ ਸਹਾਇਕ ਡਾ. ਫੈਸਲ ਸੁਲਤਾਨ ਨੇ ਮਹਾਂਮਾਰੀ ਬਾਰੇ ਹੀ ਗੱਲਾਂ ਕੀਤੀਆਂ ਤੇ ਪਿਛਲੇ ਸਾਲ ਮਾਰਚ ਵਿਚ ਹੋਈ ਮੀਟਿੰਗ ਵਾਂਗ ਕਸ਼ਮੀਰ ਦਾ ਰੋਣਾ ਨਹੀਂ ਰੋਇਆ | ਪੰਜਵਾਂ ਸੰਕੇਤ ਇਹ ਸੀ ਕਿ ਮੰਗਲਵਾਰ ਸ੍ਰੀਲੰਕਾ ਜਾ ਰਹੇ ਇਮਰਾਨ ਦੇ ਪਾਕਿਸਤਾਨ ਏਅਰ ਫੋਰਸ ਦੇ ਜਹਾਜ਼ ਨੂੰ ਲਕਸ਼ਦੀਪ ਕੋਲੋਂ ਲੰਘਣ ਦਿੱਤਾ ਗਿਆ |
ਜਹਾਜ਼ ਨੂੰ ਲੰਘਣ ਦੇਣਾ ਅਹਿਮ ਸੀ, ਕਿਉਂਕਿ 2019 ਵਿਚ ਪਾਕਿਸਤਾਨ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ਆਪਣੇ ਉਪਰੋਂ ਲੰਘਣ ਨਹੀਂ ਦਿੱਤੇ ਸਨ |

261 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper