Latest News
ਬੰਗਾਲ 'ਚ ਅਪ੍ਰੈਲ ਮਹੀਨਾ ਵੋਟਾਂ ਦਾ

Published on 26 Feb, 2021 10:05 AM.

ਨਵੀਂ ਦਿੱਲੀ : ਚੋਣ ਕਮਿਸ਼ਨ ਵੱਲੋਂ ਚਾਰ ਰਾਜਾਂ ਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਅਸੰਬਲੀ ਚੋਣਾਂ ਦੀਆਂ ਤਰੀਕਾਂ ਦੇ ਸ਼ੁੱਕਰਵਾਰ ਕੀਤੇ ਗਏ ਐਲਾਨ ਨਾਲ ਭਾਜਪਾ ਨੂੰ ਪੱਛਮੀ ਬੰਗਾਲ ਤੇ ਆਸਾਮ ਵਿਚ ਚੋਣ ਪ੍ਰਚਾਰ ਕਰਨ ਦਾ ਖੁੱਲ੍ਹਾ ਵਕਤ ਮਿਲ ਗਿਆ ਹੈ | ਤਾਮਿਲਨਾਡੂ, ਕੇਰਲਾ, ਪੱਛਮੀ ਬੰਗਾਲ, ਆਸਾਮ ਤੇ ਪੁੱਡੂਚੇਰੀ ਦੇ ਚੋਣ ਸ਼ਡਿਊਲ ਮੁਤਾਬਕ 27 ਮਾਰਚ ਤੋਂ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਵੇਗਾ ਅਤੇ ਨਤੀਜੇ 2 ਮਈ ਨੂੰ ਐਲਾਨੇ ਜਾਣਗੇ |
ਪੱਛਮੀ ਬੰਗਾਲ ਵਿਚ 8 ਗੇੜਾਂ ਤੇ ਆਸਾਮ ਵਿਚ ਤਿੰਨ ਗੇੜਾਂ ਵਿਚ ਵੋਟਾਂ ਪੈਣਗੀਆਂ ਜਦਕਿ ਤਾਮਿਲਨਾਡੂ, ਪੁੱਡੂਚੇਰੀ ਤੇ ਕੇਰਲਾ ਵਿਚ ਇੱਕੋ ਦਿਨ ਯਾਨੀ ਕਿ 6 ਅਪ੍ਰੈਲ ਨੂੰ ਵੋਟਾਂ ਦਾ ਕੰਮ ਨਿਬੜ ਜਾਵੇਗਾ | ਕੋਰੋਨਾ ਦੀ ਮਹਾਮਾਰੀ ਦੌਰਾਨ ਬਿਹਾਰ ਵਿਚ ਹੋਈਆਂ ਚੋਣਾਂ ਤੋਂ ਬਾਅਦ ਦੂਜੀ ਵਾਰ ਏਨੇ ਵੱਡੇ ਪੱਧਰ 'ਤੇ ਚੋਣ ਅਮਲ ਸਿਰੇ ਚੜ੍ਹਨ ਜਾ ਰਿਹਾ ਹੈ | ਪੱਛਮੀ ਬੰਗਾਲ ਵਿਚ 294 ਸੀਟਾਂ ਹਨ, ਤਾਮਿਲਨਾਡੂ ਵਿਚ 234, ਕੇਰਲਾ ਵਿਚ 140, ਆਸਾਮ ਵਿਚ 126 ਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁੱਡੂਚੇਰੀ ਵਿਚ 30 ਸੀਟਾਂ ਹਨ | ਪਿਛਲੀ ਵਾਰ ਕਾਂਗਰਸ ਸਿਰਫ ਪੁੱਡੂਚੇਰੀ ਵਿਚ ਹੀ ਸਰਕਾਰ ਬਣਾ ਸਕੀ ਸੀ ਪਰ ਪਿਛਲੇ ਦਿਨੀਂ ਵਿਧਾਇਕਾਂ ਦੇ ਸਾਥ ਛੱਡਣ ਕਾਰਨ ਉਹ ਵੀ ਜਾਂਦੀ ਲੱਗੀ ਸੀ | ਇਸ ਵਾਰ ਸਭ ਤੋਂ ਸਖਤ ਮੁਕਾਬਲਾ ਪੱਛਮੀ ਬੰਗਾਲ ਵਿਚ ਹੋਣਾ ਹੈ ਜਿਥੇ ਹੁਕਮਰਾਨ ਤਿ੍ਣਮੂਲ ਕਾਂਗਰਸ, ਭਾਜਪਾ ਅਤੇ ਖੱਬੀਆਂ ਪਾਰਟੀਆਂ ਤੇ ਕਾਂਗਰਸ ਦੇ ਗੱਠਜੋੜ ਵਿਚਾਲੇ ਟੱਕਰ ਹੈ | ਭਾਜਪਾ 2016 ਵਿਚ ਕਾਂਗਰਸ ਨੂੰ ਹਰਾ ਕੇ ਆਸਾਮ 'ਚ ਪਹਿਲੀ ਵਾਰ ਸੱਤਾ 'ਚ ਆਈ ਸੀ |
ਪੱਛਮੀ ਬੰਗਾਲ ਵਿਚ 27 ਮਾਰਚ ਨੂੰ ਪੋਲਿੰਗ ਦਾ ਪਹਿਲਾ ਗੇੜ ਹੋਵੇਗਾ ਅਤੇ ਫਿਰ ਇਕ ਅਪ੍ਰੈਲ, 6 ਅਪ੍ਰੈਲ, 10 ਅਪ੍ਰੈਲ, 17 ਅਪ੍ਰੈਲ, 22 ਅਪ੍ਰੈਲ, 26 ਅਪ੍ਰੈਲ ਤੇ 29 ਅਪ੍ਰੈਲ ਨੂੰ ਵੋਟਾਂ ਪੈਣਗੀਆਂ | ਆਸਾਮ ਵਿਚ 27 ਮਾਰਚ, ਇਕ ਅਪ੍ਰੈਲ ਤੇ 6 ਅਪ੍ਰੈਲ ਨੂੰ ਵੋਟਾਂ ਪੈਣਗੀਆਂ |
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਚੋਣ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਉਨ੍ਹਾ ਦੀ ਆਖਰੀ ਪ੍ਰੈਸ ਕਾਨਫਰੰਸ ਹੈ ਕਿਉਂਕਿ ਉਨ੍ਹਾ ਦੇ ਅਹੁਦੇ ਦੀ ਮਿਆਦ ਪੁੱਗਣ ਵਾਲੀ ਹੈ | ਉਨ੍ਹਾ ਦੱਸਿਆ ਕਿ ਸਾਰੇ ਚੋਣ ਅਮਲੇ ਨੂੰ ਕੋਵਿਡ-19 ਤੋਂ ਬਚਾਅ ਦੇ ਟੀਕੇ ਲਾਏ ਜਾਣਗੇ | ਉਨ੍ਹਾ ਕਿਹਾ ਕਿ ਰੋਡਸ਼ੋਅ ਦੀ ਨੇਮਾਂ ਤਹਿਤ ਆਗਿਆ ਦਿੱਤੀ ਜਾਵੇਗੀ | ਰੋਡਸ਼ੋਅ ਵਿਚ ਪੰਜ ਵਹੀਕਲ ਹੀ ਚਲ ਸਕਣਗੇ | ਪੋਲਿੰਗ ਦਾ ਟਾਈਮ ਇਕ ਘੰਟੇ ਵਧਾਇਆ ਗਿਆ ਹੈ | ਡੋਰ-ਟੂ-ਡੋਰ ਕੰਪੇਨਿੰਗ ਵਿਚ 5 ਤੋਂ ਵੱਧ ਬੰਦੇ ਇਕ ਥਾਂ ਇਕੱਠੇ ਨਹੀਂ ਹੋ ਸਕਦੇ | ਉਮੀਦਵਾਰ ਆਨਲਾਈਨ ਨਾਮਜ਼ਦਗੀਆਂ ਕਰ ਸਕਣਗੇ |
ਆਸਾਮ ਅਸੰਬਲੀ ਦੀ ਮਿਆਦ 31 ਮਈ, ਤਾਮਿਲਨਾਡੂ ਦੀ 4 ਮਈ, ਪੱਛਮੀ ਬੰਗਾਲ ਦੀ 31 ਮਈ, ਕੇਰਲਾ ਦੀ ਇਕ ਜੂਨ ਤੇ ਪੁੱਡੂਚੇਰੀ ਦੀ 8 ਜੂਨ ਨੂੰ ਪੂਰੀ ਹੋ ਰਹੀ ਹੈ |

267 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper