ਜਲੰਧਰ (ਇਕਬਾਲ ਸਿੰਘ ਉੱਭੀ)-ਜਲੰਧਰ ਦੇ ਦੁਆਬਾ ਚੌਕ ਨੇੜੇ ਸੋਢਲ ਰੋਡ 'ਤੇ ਸਥਿਤ ਪੀ ਪੀ ਆਰ ਮਾਰਕਿਟ ਵਿੱਚ ਸ਼ਨੀਵਾਰ ਦੁਪਹਿਰ ਹੋਈ ਫਾਈਰਿੰਗ 'ਚ ਇਕ ਨੌਜਵਾਨ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਗੁਰਮਿੰਦਰ ਸਿੰਘ (ਟਿੰਕੂ) ਦੇ ਤੌਰ 'ਤੇ ਹੋਈ ਹੈ | ਟਿੰਕੂ ਬਾਬਾ ਪੀ ਵੀ ਸੀ ਸ਼ੋਅਰੂਮ ਦਾ ਮਾਲਕ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਦੁਕਾਨ ਨੂੰ ਸੀਲ ਕਰਕੇ ਲਾਸ਼ ਨੂੰ ਪੋਸਟ-ਮਾਰਟਮ ਲਈ ਭਿਜਵਾ ਦਿੱਤਾ | ਪੀ ਪੀ ਆਰ ਮਾਰਕੀਟ ਵਿੱਚ ਸਥਿਤ ਬਾਬਾ ਪੀ ਵੀ ਸੀ ਦੀ ਦੁਕਾਨ ਵਿਚ ਸ਼ਨੀਵਾਰ ਦੁਪਹਿਰ ਪੰਜ-ਛੇ ਨਕਾਬਪੋਸ਼ ਯੁਵਕ ਅਚਾਨਕ ਦਾਖ਼ਲ ਹੋਏ | ਉਨ੍ਹਾਂ ਆਉਂਦੇ ਹੀ ਦੁਕਾਨ ਮਾਲਕ ਗੁਰਮਿੰਦਰ ਸਿੰਘ ਟਿੰਕੂ 'ਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ | ਹਮਲਾਵਰਾਂ ਵੱਲੋਂ 7 ਗੋਲੀਆਂ ਟਿੰਕੂ 'ਤੇ ਦਾਗੀਆਂ ਗਈਆਂ | ਇਸ ਨਾਲ ਦੁਕਾਨ ਮਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ | ਸ਼ੋਅ-ਰੂਮ 'ਤੇ ਕੰਮ ਕਰਨ ਵਾਲੀ ਲੜਕੀ ਰੀਤੂ ਵੀ ਜ਼ਖ਼ਮੀ ਹੋ ਗਈ | ਏ ਸੀ ਪੀ ਸੁਖਜਿੰਦਰ ਸਿੰਘ ਤੇ ਡੀ ਸੀ ਪੀ ਗੁਰਮੀਤ ਸਿੰਘ ਨੇ ਜਾਇਜ਼ਾ ਲਿਆ ਅਤੇ ਦੋਸ਼ੀਆਂ ਨੂੰ ਜਲਦ ਫੜਨ ਦੀ ਗੱਲ ਕਹੀ | ਪੁਲਸ ਨੇ ਕਿਹਾ ਕਿ ਭਾਵੇਂ ਕਤਲ ਦੇ ਕਾਰਨਾਂ ਦਾ ਅਜੇ ਖੁਲਾਸਾ ਨਹੀਂ ਹੋ ਸਕਿਆ, ਪਰ ਸ਼ੁਰੂਆਤੀ ਜਾਂਚ ਵਿਚ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਲੱਗ ਰਿਹਾ ਹੈ, ਕਿਉਂਕਿ ਟਿੰਕੂ 'ਤੇ ਪਹਿਲਾਂ ਵੀ ਕਈ ਵਾਰ ਹਮਲਾ ਹੋਇਆ ਹੈ |