ਮੋਦੀ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਮਹਿੰਗਾਈ ਤੇ ਬੇਰੁਜ਼ਗਾਰੀ ਅਮਰਵੇਲ ਵਾਂਗ ਵਧ ਰਹੀ : ਅਰਸ਼ੀ
ਮਾਨਸਾ (ਪਰਮਦੀਪ ਸਿੰਘ)
ਮੋਦੀ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਮਹਿੰਗਾਈ ਤੇ ਬੇਰੁਜ਼ਗਾਰੀ ਅਮਰਵੇਲ ਵਾਂਗ ਵਧ ਰਹੀ ਹੈ ਅਤੇ ਕੇਂਦਰ ਸਰਕਾਰ ਬੇਸ਼ਰਮੀ ਨਾਲ ਅੰਬਾਨੀ-ਅਡਾਨੀਆਂ ਨੂੰ ਲਾਭ ਪਹੁੰਚਾਉਣ ਲਈ ਹਰ ਦਿਨ ਪੈਟਰੋਲ, ਡੀਜ਼ਲ, ਗੈਸ ਅਤੇ ਖੁਰਾਕੀ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਆਮ ਅਤੇ ਗਰੀਬ ਲੋਕਾਂ 'ਤੇ ਆਰਥਿਕ ਬੋਝ ਪਾ ਰਹੀ ਹੈ, ਜਿਸ ਕਾਰਨ ਦੇਸ਼ ਦੇ ਸਮੁੱਚੇ ਵਰਗਾਂ ਵਿੱਚ ਮੋਦੀ ਸਰਕਾਰ ਖਿਲਾਫ ਗੁੱਸੇ ਅਤੇ ਰੋਸ ਦੀ ਲਹਿਰ ਫੈਲ ਰਹੀ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ.ਪੀ.ਆਈ. ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸੀ.ਪੀ.ਆਈ. ਦੇ ਸੱਦੇ 'ਤੇ ਮਹਿੰਗਾਈ ਤੇ ਕਾਲੇ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ ਤਹਿਤ ਮਾਨਸਾ ਵਿਖੇ ਅਰਥੀ ਫੂਕ ਮੁਜ਼ਾਹਰੇ ਦੌਰਾਨ ਸੀ.ਪੀ.ਆਈ. ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕਿਸਾਨ, ਮਜ਼ਦੂਰ, ਨੌਜਵਾਨ, ਦੁਕਾਨਦਾਰ ਅਤੇ ਛੋਟੇ ਵਪਾਰੀ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੀ ਲੁੱਟ ਜਾਰੀ ਰੱਖਣ ਲਈ ਇੱਕ ਦੇਸ਼, ਇੱਕ ਟੈਕਸ ਦਾ ਨਾਅਰਾ ਦਿੱਤਾ ਗਿਆ, ਪ੍ਰੰਤੂ ਪੈਟਰੋਲ ਅਤੇ ਡੀਜ਼ਲ ਨੂੰ ਜੀ.ਐੱਸ.ਟੀ. ਦੇ ਘੇਰੇ ਵਿੱਚੋਂ ਬਾਹਰ ਰੱਖ ਕੇ ਕਾਰਪੋਰੇਟ ਘਰਾਣਿਆਂ ਨੂੰ ਲੋਕਾਂ ਦੀ ਲੁੱਟ ਦੇ ਰਾਹ ਖੋਲ੍ਹੇ ਹੋਏ ਹਨ | ਉਨ੍ਹਾਂ ਮੰਗ ਕੀਤੀ ਕਿ ਪੈਟਰੋਲੀਅਮ ਵਸਤਾਂ ਨੂੰ ਜੀ.ਐੱਸ.ਟੀ. ਘੇਰੇ ਵਿੱਚ ਲਿਆਂਦਾ ਜਾਵੇ ਅਤੇ ਘਰੇਲੂ ਗੈਸ ਕੀਮਤਾਂ ਵਿੱਚ ਕੀਤਾ ਵਾਧਾ ਤੁਰੰਤ ਵਾਪਸ ਲਿਆ ਜਾਵੇ | ਸਾਥੀ ਅਰਸ਼ੀ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕੋਰੋਨਾ ਸੰਕਟ ਦੌਰਾਨ ਮਜ਼ਦੂਰ ਵਿਰੋਧੀ ਕਿਰਤ ਕਾਨੂੰਨ ਸੋਧ ਦੇ ਨਾਂਅ 'ਤੇ ਅਤੇ ਤਿੰਨ ਖੇਤੀ ਵਿਰੋਧੀ ਕਾਨੂੰਨ ਪਾਸ ਕੀਤੇ ਜਾ ਚੁੱਕੇ ਹਨ, ਉਹ ਮਜ਼ਦੂਰ, ਕਿਸਾਨ ਅਤੇ ਲੋਕ ਵਿਰੋਧੀ ਕਾਨੂੰਨ ਹਨ, ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਸਮੇਤ ਸਮੁੱਚੇ ਲੋਕਾਂ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਹੈ |
ਉਸ ਵਿੱਚ ਸਾਰੇ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ | ਜ਼ਿਲ੍ਹਾ ਸਕੱਤਰ ਕਿ੍ਸ਼ਨ ਚੌਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਰ.ਐੱਸ.ਐੱਸ. ਅਤੇ ਬੀ.ਜੇ.ਪੀ. ਵੱਲੋਂ ਕਿਸਾਨ, ਮਜ਼ਦੂਰ ਵਿੱਚ ਫੁੱਟ ਪਾਊ ਨਾਅਰਿਆਂ ਤਹਿਤ ਦਲਿਤ ਅਤੇ ਮਜ਼ਦੂਰ ਜਮਾਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਜੋ ਕਿ ਇਹ ਅੰਦੋਲਨ ਕੇਵਲ ਕਿਸਾਨਾਂ ਦਾ ਹੀ ਨਹੀਂ, ਸਮੁੱਚੇ ਵਰਗਾਂ ਦਾ ਹੈ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਦਾ ਨੁਕਸਾਨ ਸਿੱਧੇ ਤੌਰ 'ਤੇ ਮਜ਼ਦੂਰਾਂ ਅਤੇ ਦਲਿਤਾਂ 'ਤੇ ਪਵੇਗਾ | ਸੈਂਕੜੇ ਸੀ.ਪੀ.ਆਈ. ਕਾਰਕੁੰਨਾਂ ਵੱਲੋਂ ਸ਼ਹਿਰੀ ਸਕੱਤਰ ਰਤਨ ਭੋਲਾ, ਸਬ ਡਵੀਜ਼ਨ ਸਕੱਤਰ ਰੂਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਸੀ.ਪੀ.ਆਈ. ਦਫ਼ਤਰ ਤੋਂ ਰੋਸ ਮਾਰਚ ਕਰਕੇ ਠੀਕਰੀਵਾਲਾ ਚੌਂਕ ਵਿਖੇ ਮੋਦੀ ਦੀ ਅਰਥੀ ਫੂਕੀ ਗਈ |
ਇਸ ਸਮੇਂ ਹੋਰਨਾਂ ਤੋਂ ਇਲਾਵਾ ਕਿਸਾਨ ਸਭਾ ਦੇ ਦਲਜੀਤ ਮਾਨਸ਼ਾਹੀਆ, ਏਟਕ ਆਗੂ ਦਰਸ਼ਨ ਪੰਧੇਰ, ਕਾਕਾ ਸਿੰਘ, ਨਿਰਮਲ ਮਾਨਸਾ, ਰਾਮ ਸਿੰਘ, ਗੁਰਦਾਸ ਸਿੰਘ, ਐੱਮ.ਆਰ.ਐੱਫ. ਦੇ ਸੁਭਾਸ਼ ਕੁਮਾਰ, ਇਸਤਰੀ ਸਭਾ ਦੇ ਕਿਰਨਾ ਰਾਣੀ ਐੱਮ.ਸੀ., ਸੰਤੋਸ਼ ਰਾਣੀ, ਹਰਜਿੰਦਰ ਕੌਰ, ਸਟੂਡੈਂਟ ਆਗੂ ਖੁਸ਼ਪਿੰਦਰ ਚੌਹਾਨ, ਸੁਖਦੇਵ ਪੰਧੇਰ, ਸੁਖਦੇਵ ਸਿੰਘ ਉਸਾਰੀ ਯੂਨੀਅਨ, ਹਰਪਾਲ ਬੱਪੀਆਣਾ, ਗੁਰਦਿਆਲ ਦਲੇਲ ਸਿੰਘ ਵਾਲਾ, ਸ਼ਿਵਜੀ ਭੁਪਾਲ, ਕੇਵਲ ਅੱੈਮ.ਸੀ. ਭੀਖੀ, ਹਰਨੇਕ ਮਾਨਸਾ ਖੁਰਦ ਆਦਿ ਆਗੂਆਂ ਨੇ ਸੰਬੋਧਨ ਕੀਤਾ |