Latest News
ਬਚ ਗਈ ਇਮਰਾਨ ਦੀ ਕੁਰਸੀ, ਭਰੋਸੇ ਦਾ ਵੋਟ ਜਿੱਤਿਆ

Published on 06 Mar, 2021 11:02 AM.


ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨੈਸ਼ਨਲ ਅਸੰਬਲੀ 'ਚ ਵਿਸ਼ਵਾਸ਼ ਮੱਤ ਹਾਸਲ ਕਰ ਲਿਆ | ਲੱਗਭੱਗ ਇੱਕ ਘੰਟੇ ਤੱਕ ਚੱਲੇ ਵਿਸ਼ਵਾਸ਼ ਮੱਤ ਦੀ ਪ੍ਰਕਿਰਿਆ 'ਚ ਇਮਰਾਨ ਖਾਨ ਦੇ ਸਮਰਥਨ ਵਿੱਚ 178 ਵੋਟ ਪਏ | ਪਾਕਿਸਤਾਨ ਡੈਮੋਕਰੇਟਿਕ ਮੂਵਮੈਂਟ (ਪੀ ਡੀ ਐੱਮ), ਜੋ 11 ਪਾਰਟੀਆਂ ਦਾ ਗਠਜੋੜ ਹੈ, ਨੇ ਵੋਟਿੰਗ ਦਾ ਬਾਈਕਾਟ ਕਰ ਦਿੱਤਾ | ਨੈਸ਼ਨਲ ਅਸੰਬਲੀ ਦੇ ਸਪੀਕਰ ਨੇ ਦੱਸਿਆ ਕਿ ਇਮਰਾਨ ਖਾਨ ਦੇ ਹੱਕ 'ਚ 178 ਵੋਟ ਪਏ | ਇਸ ਦਾ ਮਤਲਬ ਹੈ ਕਿ ਇਮਰਾਨ ਖਾਨ ਦੀ ਕੁਰਸੀ ਸੁਰੱਖਿਅਤ ਹੈ | ਇਮਰਾਨ ਪਾਕਿਸਤਾਨ ਦੇ ਇਤਿਹਾਸ 'ਚ ਦੂਜੇ ਇਸ ਤਰ੍ਹਾਂ ਦੇ ਪ੍ਰਧਾਨ ਮੰਤਰੀ ਹਨ, ਜਿਸ ਨੇ ਨੈਸ਼ਨਲ ਅਸੰਬਲੀ 'ਚ ਆਪਣੀ ਇੱਛਾ ਨਾਲ ਵਿਸ਼ਵਾਸ ਮੱਤ ਦਾ ਸਾਹਮਣਾ ਕੀਤਾ | ਇਸ ਤੋਂ ਪਹਿਲਾਂ ਨਵਾਜ਼ ਸ਼ਰੀਫ਼ ਨੇ 1993 'ਚ ਆਪਣੀ ਇੱਛਾ ਨਾਲ ਵਿਸ਼ਵਾਸ ਮੱਤ ਦਾ ਸਾਹਮਣਾ ਕੀਤਾ ਸੀ | ਖਾਨ ਨੂੰ ਨੈਸ਼ਨਲ ਐਸੰਬਲੀ 'ਚ 171 ਸਾਂਸਦਾਂ ਦਾ ਸਮਰਥਨ ਚਾਹੀਦਾ ਸੀ, ਕਿਉਂਕਿ ਸਦਨ 'ਚ ਕੁੱਲ 342 ਮੈਂਬਰਾਂ 'ਚੋਂ ਹਾਲੇ 340 ਮੈਂਬਰ ਹਨ ਅਤੇ ਦੋ ਸੀਟਾਂ ਖਾਲੀ ਹਨ | ਖਾਨ ਦੀ ਪੀ ਟੀ ਆਈ ਕੋਲ 157 ਸਾਂਸਦ ਹਨ, ਜਦਕਿ ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਕੋਲ 83 ਮੈਂਬਰ ਹਨ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ 55 ਸਾਂਸਦ ਹਨ |
ਵਿਰੋਧੀ ਪਾਰਟੀਆਂ ਦੇ ਗਠਜੋੜ ਵੱਲੋਂ ਉਮੀਦਵਾਰ ਅਤੇ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਬੁੱਧਵਾਰ ਸੱਤਾਧਾਰੀ ਪਾਕਿਸਤਾਨ ਤਹਿਰੀਕ ਏ ਇਨਸਾਫ਼ (ਪੀ ਟੀ ਆਈ) ਦੇ ਉਮੀਦਵਾਰ ਅਤੇ ਵਿੱਤ ਮੰਤਰੀ ਅਬਦੁਲ ਹਫ਼ੀਜ਼ ਸ਼ੇਖ ਨੂੰ ਹਰਾ ਕੇ ਇਮਰਾਨ ਨੂੰ ਵੱਡਾ ਝਟਕਾ ਦੇ ਦਿੱਤਾ | ਇਸ ਹਾਰ ਤੋਂ ਬਾਅਦ ਇਮਰਾਨ ਨੇ ਵਿਰੋਧੀ ਧਿਰ ਵੱਲੋਂ ਅਵਿਸ਼ਵਾਸ ਪ੍ਰਸਤਾਵ ਲਿਆਂਦੇ ਜਾਣ ਦੀ ਮੰਗ ਨੂੰ ਮਨ ਲਿਆ |

254 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper